ਪੰਜਾਬ

punjab

ETV Bharat / politics

ਜ਼ਿਮਨੀ ਚੋਣ: ਸੀਟ ਬਚਾਉਣ ਲਈ ਜੁਟੇ ਸਿਆਸੀ ਦਿੱਗਜ, ਚਾਰਾਂ ਸੀਟਾਂ ਦੀ ਜਾਣੋ ਵਿਸਥਾਰ ਜਾਣਕਾਰੀ - PUNJAB BYELECTIONS 2024

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ, ਬਣੀਆਂ ਵੱਕਾਰ ਦਾ ਸਵਾਲ। ਇਸ ਰਿਪੋਰਟ 'ਚ ਵੇਖੋ ਕੌਣ, ਉਮੀਦਵਾਰ ਕਿੱਥੋਂ, ਕੀ ਬਣ ਰਹੇ ਸਿਆਸੀ ਸਮੀਕਰਨ।

Punjab Bypoll 2024
ਜ਼ਿਮਨੀ ਚੋਣ (Etv Bharat (ਗ੍ਰਾਫਿਕਸ ਟੀਮ))

By ETV Bharat Punjabi Team

Published : Nov 14, 2024, 8:06 PM IST

Updated : Nov 20, 2024, 6:03 AM IST

ਲੁਧਿਆਣਾ: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ 20 ਨਵੰਬਰ ਯਾਨੀ ਅੱਜ ਵੋਟਿੰਗ ਹੋ ਰਹੀ ਹੈ ਅਤੇ 23 ਨਵੰਬਰ ਨੂੰ ਨਤੀਜੇ ਐਲ਼ਾਨ ਕੀਤੇ ਜਾਣੇ ਹਨ। ਪੰਜਾਬ ਦੀਆਂ ਜਿਨ੍ਹਾਂ 4 ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਵਿੱਚ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਸੀਟ ਸ਼ਾਮਿਲ ਹੈ। ਇਨ੍ਹਾਂ 4 ਸੀਟਾਂ ਦੇ ਵਿੱਚੋਂ ਤਿੰਨ ਸੀਟਾਂ ਉੱਤੇ ਕਾਂਗਰਸ ਦਾ ਕਬਜ਼ਾ ਸੀ ਅਤੇ ਇੱਕ ਬਰਨਾਲਾ ਸੀਟ ਉੱਤੇ ਆਮ ਆਦਮੀ ਪਾਰਟੀ ਦਾ ਐਮਐਲਏ ਸੀ।

ਸਿਆਸੀ ਪਾਰਟੀਆਂ ਲਈ ਸੈਮੀ ਫਾਈਨਲ ਬਣੀਆਂ ਇਹ ਚੋਣਾਂ

2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਵੱਡੇ ਚਿਹਰਿਆਂ ਨੂੰ ਚੁਣ ਮੈਦਾਨ ਵਿੱਚ ਉਤਾਰਨ ਕਰਕੇ ਇਹ ਵਿਧਾਨ ਸਭਾ ਹਲਕੇ ਖਾਲੀ ਹੋਏ ਹਨ, ਪਰ ਇਹ ਚਾਰ ਸੀਟਾਂ ਸਾਰੀਆਂ ਹੀ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀਆਂ ਹੋਈਆਂ ਹਨ। ਹਾਲਾਂਕਿ, ਅਕਾਲੀ ਦਲ ਪਾਰਟੀ ਇਨ੍ਹਾਂ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਹੀ ਹੈ, ਪਰ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਇਸ ਜ਼ਿਮਨੀ ਚੋਣ ਨੂੰ 2027 ਦੀ ਸੈਮੀ ਫਾਈਨਲ ਵਜੋਂ ਲੜ ਰਹੀਆਂ ਹਨ। ਜ਼ਿਮਨੀ ਚੋਣਾਂ ਤੋਂ ਤੁਰੰਤ ਬਾਅਦ ਨਗਰ ਨਿਗਮ ਦੀਆਂ ਵੀ ਚੋਣਾਂ ਹੋਣੀਆਂ ਹਨ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। 31 ਦਸੰਬਰ ਤੋਂ ਪਹਿਲਾਂ ਪਹਿਲਾਂ ਸਰਕਾਰ ਨੂੰ ਇਹ ਚੋਣਾਂ ਕਰਵਾਉਣੀਆਂ ਪੈਣਗੀਆਂ।

ਇਸ ਕਰਕੇ ਇਹ ਜ਼ਿਮਨੀ ਚੋਣਾਂ ਹੋਰ ਵੀ ਖਾਸ ਹੋ ਗਈਆਂ ਹਨ। ਇਹੀ ਕਾਰਨ ਹੈ ਕਿ ਸਾਰੀ ਆਹੀ ਪਾਰਟੀਆਂ ਦੇ ਵੱਡੇ ਤੋਂ ਵੱਡੇ ਆਗੂ ਇਨ੍ਹਾਂ ਚੋਣਾਂ ਵਿੱਚ ਚੋਣ ਪ੍ਰਚਾਰ ਦੇ ਲਈ ਉਤਰੇ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹਨਾਂ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣਾਂ ਦੀ ਕਮਾਨ ਸਾਂਭੀ ਹੋਈ ਹੈ। ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਵੀ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ।

ਜ਼ਿਮਨੀ ਚੋਣ 2024 (Etv Bharat (ਗ੍ਰਾਫਿਕਸ ਟੀਮ))

ਕਿੰਨੇ ਵੋਟਰ ਤੇ ਪੋਲਿੰਗ ਬੂਥ

ਪੰਜਾਬ ਦੀਆਂ 4 ਵਿਧਾਨ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ, ਤਾਂ ਇੱਥੇ ਕੁੱਲ ਵੋਟਰਾਂ ਦੀ ਗਿਣਤੀ 6, 96, 316 ਹੈ, ਇਨ੍ਹਾਂ ਵੋਟਰਾਂ ਲਈ 1 ਬਣਾਏ ਗਏ ਹਨ।

ਡੇਰਾ ਬਾਬਾ ਨਾਨਕ ਦੇ ਵਿੱਚ ਕੁੱਲ 1,93, 268 ਵੋਟਰ ਹਨ, ਜਦਕਿ 241 ਪੋਲਿੰਗ ਬੂਥ ਬਣਾਏ ਗਏ ਹਨ। ਇਸੇ ਤਰ੍ਹਾਂ ਚੱਬੇਵਾਲ ਵਿੱਚ 1,59,254 ਵੋਟਰ ਹਨ, ਜਿਨ੍ਹਾਂ ਲਈ 205 ਪੋਲਿੰਗ ਬੂਥ ਬਣਾਏ ਗਏ ਹਨ। ਗਿੱਦੜਬਾਹਾ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1,66,489 ਹੈ, ਇਹ 173 ਵੋਟਿੰਗ ਸੈਂਟਰਾਂ 'ਚ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸੇ ਤਰ੍ਹਾਂ ਜੇਕਰ ਗੱਲ ਬਰਨਾਲਾ ਵਿਧਾਨ ਸਭਾ ਹਲਕੇ ਦੀ ਕੀਤੀ ਜਾਵੇ, ਤਾਂ ਇੱਥੇ ਕੁੱਲ ਵੋਟਰਾਂ ਦੀ ਗਿਣਤੀ 1,77,305 ਹੈ, ਜੋ ਕਿ 212 ਪੋਲਿੰਗ ਬੂਥਾਂ 'ਤੇ ਵੋਟਾਂ ਪਾਉਣਗੇ। ਇਹ ਜਾਣਕਾਰੀ ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਵੇਲ੍ਹੇ ਸਾਂਝੀ ਕੀਤੀ ਗਈ।

ਕਿਸ ਦੀ ਕਿੱਥੇ ਡਿਊਟੀ ?

ਚੋਣ ਕਮਿਸ਼ਨ ਵੱਲੋਂ ਇਨ੍ਹਾਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਨੂੰ ਅਮਨੋ ਅਮਾਨ ਨਾਲ ਨੇਪਰੇ ਚੜਾਉਣ ਲਈ ਵੱਖ-ਵੱਖ ਡਿਊਟੀਆਂ ਵੀ ਲੱਗੀਆਂ ਗਈਆਂ ਹਨ। ਇਸ ਲਈ ਚੋਣ ਅਧਿਕਾਰੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੂੰ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਜ਼ਿਲ੍ਹਾ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਚੱਬੇਵਾਲ ਲਈ ਜ਼ਿਲ੍ਹਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।

ਸ਼੍ਰੀ ਮੁਕਤਸਰ ਸਾਹਿਬ ਦੀ ਡਿਪਟੀ ਕਮਿਸ਼ਨਰ ਰਜੇਸ਼ ਤ੍ਰਿਪਾਠੀ ਨੂੰ ਗਿੱਦੜਬਾਹਾ ਵਿਧਾਨ ਸਭਾ ਹਲਕੇ ਦਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।ਇਸੇ ਤਰ੍ਹਾਂ ਬਰਨਾਲਾ ਦੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੂੰ ਬਰਨਾਲਾ ਲਈ ਮੁੱਖ ਚੋਣ ਜ਼ਿਲ੍ਹਾ ਅਧਿਕਾਰੀ ਚੁਣਿਆ ਗਿਆ ਹੈ।

ਗਿੱਦੜਬਾਹਾ ਸੀਟ ਦੇ ਸਿਆਸੀ ਸਮੀਕਰਨ

ਗਿੱਦੜਬਾਹਾ ਸੀਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਨਾਮਜਦਗੀਆਂ ਇਸੇ ਸੀਟ ਉੱਤੇ ਭਰੀਆਂ ਗਈਆਂ ਸਨ। ਗਿੱਦੜਬਾਹਾ ਜ਼ਿਮਨੀ ਚੋਣ ਲਈ ਕੁੱਲ 21 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆਂ, ਜਿਨ੍ਹਾਂ ਵਿੱਚੋਂ 14 ਉਮੀਦਵਾਰ ਹੀ ਚੋਣ ਮੈਦਾਨ ਵਿੱਚ ਹਨ। 6 ਉਮੀਦਵਾਰਾਂ ਦੇ ਦਸਤਾਵੇਜ਼ ਰੱਦ ਕਰ ਦਿੱਤੇ ਗਏ, ਜਦਕਿ ਇੱਕ ਉਮੀਦਵਾਰ ਵੱਲੋਂ ਆਪਣੇ ਕਾਗਜ਼ ਵਾਪਸ ਲੈ ਲਏ ਗਏ ਹਨ ਅਤੇ ਹੁਣ 14 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਸਮਾ ਰਹੇ ਹਨ।

ਗਿੱਦੜਬਾਹਾ ਸੀਟ ਤੋਂ ਉਮੀਦਵਾਰ (Etv Bharat (ਗ੍ਰਾਫਿਕਸ ਟੀਮ))

ਗਿੱਦੜਬਾਹਾ: ਤਿੰਨਾਂ ਪਾਰਟੀਆਂ ਦੇ ਉਮੀਦਵਾਰਾਂ ਬਾਰੇ

ਇਨ੍ਹਾਂ ਚੋਂ ਮੁੱਖ ਤੌਰ 'ਤੇ ਆਮ ਆਦਮੀ ਪਾਰਟੀ ਵੱਲੋਂ ਹਰਦੀਪ ਸਿੰਘ ਡਿੰਪੀ ਢਿੱਲੋ, ਕਾਂਗਰਸ ਵੱਲੋਂ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਵੱਲੋਂ ਮਨਪ੍ਰੀਤ ਬਾਦਲ ਚੋਣ ਮੈਦਾਨ ਵਿੱਚ ਹਨ। ਇੱਥੇ ਤਿੰਨ ਤਰਫਾ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਡਿੰਪੀ ਢਿੱਲੋ ਹਾਲ ਹੀ ਵਿੱਚ ਅਕਾਲੀ ਦਲ ਛੱਡ ਕੇ ਆਪ 'ਚ ਸ਼ਾਮਿਲ ਹੋਏ ਹਨ। ਉੱਥੇ ਹੀ ਅੰਮ੍ਰਿਤਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਰਾਜਾ ਵੜਿੰਗ ਦੀ ਧਰਮ ਪਤਨੀ ਹੈ। ਮਨਪ੍ਰੀਤ ਬਾਦਲ ਕਾਂਗਰਸ ਦੇ ਮੰਤਰੀ ਰਹਿ ਚੁੱਕੇ ਹਨ ਅਤੇ ਹੁਣ ਉਹ ਭਾਜਪਾ ਵਿੱਚ ਕਾਫੀ ਲੰਬੇ ਸਮੇਂ ਤੋਂ ਸਰਗਰਮ ਹਨ।

ਗਿੱਦੜਬਾਹਾ ਵਿੱਚ ਲੰਮੇ ਸਮੇਂ ਤੋਂ ਐਕਟਿਵ ਨੇ ਮਨਪ੍ਰੀਤ ਬਾਦਲ

ਮਨਪ੍ਰੀਤ ਬਾਦਲ ਚਾਰ ਵਾਰ ਇਸ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ। 1995 ਤੋਂ ਲੈ ਕੇ 2010 ਤੱਕ ਮਨਪ੍ਰੀਤ ਬਾਦਲ ਦਾ ਇਸ ਸੀਟ 'ਤੇ ਦਬਦਬਾ ਰਿਹਾ ਹੈ। ਜਦਕਿ 2017 ਵਿੱਚ ਉਹ ਬਠਿੰਡਾ ਸ਼ਹਿਰੀ ਹਲਕੇ ਤੋਂ ਐਮਐਲਏ ਰਹੇ। ਮਨਪ੍ਰੀਤ ਬਾਦਲ ਲਗਾਤਾਰ ਕਾਫੀ ਸਮੇਂ ਤੋਂ ਗਿੱਦੜਬਾਹਾ ਵਿੱਚ ਸਰਗਰਮ ਰਹਿ ਰਹੇ ਸਨ ਜਿਸ ਤੋਂ ਜ਼ਾਹਿਰ ਸੀ ਕਿ ਇਥੋਂ ਚੋਣ ਲੜ ਸਕਦੇ ਹਨ। ਮਨਪ੍ਰੀਤ ਬਾਦਲ 4 ਵਾਰ ਅਕਾਲੀ ਦਲ ਦੇ ਗਿੱਦੜਬਾਹਾ ਤੋਂ ਐਮਐਲਏ ਰਹੇ ਹਨ, ਹਾਲਾਂਕਿ ਇਸ ਵਾਰ ਅਕਾਲੀ ਦਲ ਨੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਨਹੀਂ ਉਤਾਰਿਆ ਹੈ।

ਡੇਰਾ ਬਾਬਾ ਨਾਨਕ ਸੀਟ ਤੋਂ ਉਮੀਦਵਾਰ (Etv Bharat (ਗ੍ਰਾਫਿਕਸ ਟੀਮ))

ਡੇਰਾ ਬਾਬਾ ਨਾਨਕ ਸੀਟ ਸਿਆਸੀ ਸਮੀਕਰਨ

ਗੱਲ ਡੇਰਾ ਬਾਬਾ ਨਾਨਕ ਦੀ ਕੀਤੀ ਜਾਵੇ, ਤਾਂ ਕੁੱਲ 11 ਉਮੀਦਵਾਰ ਚੋਣ ਮੈਦਾਨ ਵਿੱਚ ਹਨ। 16 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਸਨ, ਜਿਨ੍ਹਾਂ ਚੋਂ ਚਾਰ ਉਮੀਦਵਾਰਾਂ ਦੇ ਦਸਤਾਵੇਜ਼ ਰੱਦ ਕਰ ਦਿੱਤੇ ਗਏ ਹਨ ਅਤੇ ਇੱਕ ਵੱਲੋਂ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਗਈ। ਕਾਂਗਰਸ ਵੱਲੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਨੇ ਆਪਣੀ ਧਰਮ ਪਤਨੀ ਜਤਿੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। 2022 ਦੇ ਵਿੱਚ ਸੁਖਜਿੰਦਰ ਰੰਧਾਵਾ ਨੇ ਇਹ ਸੀਟ ਆਪਣੇ ਨਾਂ ਮਹਿਜ਼ 466 ਵੋਟਾਂ ਦੇ ਨਾਲ ਜਿੱਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਜਿੱਤੀ, ਫਿਰ ਇਹ ਸੀਟ ਖਾਲੀ ਹੋ ਗਈ ਅਤੇ ਹੁਣ ਉਨ੍ਹਾਂ ਦੀ ਧਰਮ ਪਤਨੀ ਚੋਣ ਮੈਦਾਨ ਵਿੱਚ ਹੈ।

ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਭਾਜਪਾ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਉਹ ਅਸ਼ਵਨੀ ਸ਼ਰਮਾ ਦੇ ਕਾਫੀ ਕਰੀਬੀ ਹਨ। ਅਸ਼ਵਨੀ ਸ਼ਰਮਾ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਹਨ।

ਚੱਬੇਵਾਲ ਸੀਟ ਦੇ ਸਿਆਸੀ ਸਮੀਕਰਨ

ਚੱਬੇਵਾਲ ਹਲਕੇ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਕੁੱਲ 10 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਸਨ, ਇਨ੍ਹਾਂ ਵਿੱਚੋਂ 3 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ। ਹੁਣ ਚੋਣ ਮੈਦਾਨ ਵਿੱਚ ਕੁੱਲ 7 ਉਮੀਦਵਾਰ ਚੱਬੇਵਾਲ ਜ਼ਿਮਨੀ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ਉੱਤੇ ਆਮ ਆਦਮੀ ਪਾਰਟੀ ਵੱਲੋਂ ਈਸ਼ਾਨ ਚੱਬੇਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਚੱਬੇਵਾਲ ਤੋਂ ਕਾਂਗਰਸ ਵੱਲੋਂ ਰਣਜੀਤ ਕੁਮਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਚੱਬੇਵਾਲ ਦੀ ਸੀਟ ਰਿਜ਼ਰਵ ਹੈ।

ਚੱਬੇਵਾਲ ਸੀਟ ਤੋਂ ਉਮੀਦਵਾਰ (Etv Bharat (ਗ੍ਰਾਫਿਕਸ ਟੀਮ))

ਭਾਜਪਾ ਦੇ ਉਮੀਦਵਾਰ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਸੋਹਨ ਸਿੰਘ ਠੰਡਲ ਚੋਣ ਮੈਦਾਨ ਵਿੱਚ ਹਨ। ਸੋਹਨ ਸਿੰਘ ਠੰਡਲ 4 ਬਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਹ ਕੈਬਿਨੇਟ ਵਿੱਚ ਵੀ ਸ਼ਾਮਿਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਠੰਡਲ ਕੈਬਿਨਟ ਮੰਤਰੀ ਰਹੇ ਹਨ। ਇੰਨਾਂ ਹੀ ਨਹੀਂ, ਅਕਾਲੀ ਦਲ ਵੱਲੋਂ ਇਸ ਸਾਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਲੋਕ ਸਭਾ ਸੀਟ ਤੋਂ ਵੀ ਖੜਾ ਕੀਤਾ ਗਿਆ ਸੀ, ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕੁਝ ਦਿਨ ਪਹਿਲਾਂ ਹੀ ਸੋਹਨ ਸਿੰਘ ਖੰਡਲ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਜਿਸ ਤੋਂ ਬਾਅਦ ਭਾਜਪਾ ਵੱਲੋਂ ਉਸ ਨੂੰ ਚੱਬੇਵਾਲ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ। 67 ਸਾਲ ਦੇ ਠੰਡਣ ਕਿਸਾਨ ਪਰਿਵਾਰ ਤੋਂ ਸੰਬੰਧਿਤ ਹਨ।

ਬਰਨਾਲਾ ਸੀਟ ਸਿਆਸੀ ਸਮੀਕਰਨ

ਬਰਨਾਲਾ ਤੋਂ ਕੁੱਲ 20 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਸਨ, ਜਿਨ੍ਹਾਂ ਚੋਂ 15 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਨੂੰ ਹੀ ਮਾਨਤਾ ਦਿੱਤੀ ਗਈ ਹੈ। ਚਾਰ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ, ਜਦਕਿ ਦੂਜੇ ਪਾਸੇ ਇੱਕ ਉਮੀਦਵਾਰ ਨੇ ਆਪਣੇ ਕਾਗਜ਼ ਵਾਪਸ ਲੈ ਲਏ।

ਹੁਣ ਹਰਿੰਦਰ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। 2024 ਲੋਕ ਸਭਾ ਚੋਣਾਂ ਵਿੱਚ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਕੈਬਿਨਟ ਮੰਤਰੀ ਗੁਰਮੀਤ ਮੀਤ ਹੇਅਰ ਨੇ ਲੋਕ ਸਭਾ ਸੀਟ ਉੱਤੇ ਕਾਬਜ਼ ਕਰਕੇ ਇਹ ਸੀਟ ਜਿੱਤੀ ਸੀ। ਹਰਿੰਦਰ ਧਾਲੀਵਾਲ ਮੀਤ ਹੇਅਰ ਤੇ ਕਾਫੀ ਕਰੀਬੀ ਹਨ।

ਬਰਨਾਲਾ ਸੀਟ ਤੋਂ ਉਮੀਦਵਾਰ (Etv Bharat (ਗ੍ਰਾਫਿਕਸ ਟੀਮ))

ਕਾਂਗਰਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਰਨਾਲਾ ਵਿੱਚ ਕੁਲਦੀਪ ਸਿੰਘ ਢਿੱਲੋ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਭਾਜਪਾ ਵੱਲੋਂ ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਕੇਵਲ ਸਿੰਘ ਢਿੱਲੋ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕੇਵਲ ਸਿੰਘ ਢਿੱਲੋ ਵੀ ਸਿਆਸਤ ਵਿੱਚ ਕਾਫੀ ਪੁਰਾਣੇ ਹਨ ਅਤੇ ਉਹ ਵੀ ਕੁਝ ਸਮਾਂ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਕੇਵਲ ਸਿੰਘ ਢਿੱਲੋਂ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਹਨ। 2017 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕੇਵਲ ਸਿੰਘ ਢਿੱਲੋ ਕਾਂਗਰਸ ਦੀ ਟਿਕਟ ਤੋਂ ਖੜੇ ਹੋਏ ਸਨ, ਪਰ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਗੁਰਮੀਤ ਮੀਤ ਹੇਅਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2019 ਦੇ ਵਿੱਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ ਤੋਂ ਹੀ ਲੋਕ ਸਭਾ ਚੋਣਾਂ ਵਿੱਚ ਵੀ ਹਿੱਸਾ ਲਿਆ ਸੀ, ਪਰ ਭਗਵੰਤ ਮਾਨ ਤੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਚੋਣ ਮੈਦਾਨ 'ਚ ਦਿੱਗਜ ਅਤੇ ਦਿਗ਼ਜਾਂ ਦੀਆਂ ਪਤਨੀਆਂ

ਪੰਜਾਬ ਦੀਆਂ ਚਾਰ ਵਿਧਾਨ ਸਭਾ ਹਲਕੇ ਦੀਆਂ ਜ਼ਿਮਨੀ ਚੋਣਾਂ ਵਿੱਚ ਜਿੱਥੇ ਇੱਕ ਪਾਸੇ ਕਈ ਦਿੱਗਜ, ਜੋ 5-5 ਵਾਰ ਵਿਧਾਇਕ ਰਹਿ ਚੁੱਕੇ ਹਨ, ਉਹ ਚੋਣ ਮੈਦਾਨ ਵਿੱਚ ਹਨ। ਉੱਥੇ ਹੀ, ਦੂਜੇ ਪਾਸੇ ਕਈ ਦਿੱਗਜਾਂ ਦੀਆਂ ਪਤਨੀਆਂ ਵੀ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ, ਕਿਉਂਕਿ ਇਹ ਦਿੱਗਜ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਸੀਟ ਉੱਤੇ ਕੋਈ ਹੋਰ ਕਾਬਜ਼ ਹੋਵੇ। ਉਨਾਂ ਦੀ ਰਵਾਇਤੀ ਸੀਟ ਉਨ੍ਹਾਂ ਦੀ ਹੀ ਰਹੇ, ਇਸ ਕਰਕੇ ਉਨ੍ਹਾਂ ਵੱਲੋਂ ਆਪਣੀਆਂ ਪਤਨੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਰੰਧਾਵਾ ਦੀ ਧਰਮ ਪਤਨੀ ਜਤਿੰਦਰ ਕੌਰ ਰੰਧਾਵਾ ਚੋਣ ਮੈਦਾਨ ਵਿੱਚ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਗਿੱਦੜਬਾਹਾ ਤੋਂ ਚੋਣ ਮੈਦਾਨ ਵਿੱਚ ਹੈ। ਇਸ ਕਰਕੇ ਇਨ੍ਹਾਂ ਦੋ ਹਲਕਿਆਂ ਉੱਤੇ ਕਾਂਗਰਸ ਵੱਲੋਂ ਜਿਆਦਾ ਜ਼ੋਰ ਲਗਾਇਆ ਜਾ ਰਿਹਾ ਹੈ। ਖੁਦ ਸੁਖਜਿੰਦਰ ਰੰਧਾਵਾ ਅਤੇ ਅਮਰਿੰਦਰ ਰਾਜਾ ਵੜਿੰਗ ਨੇ ਇਨ੍ਹਾਂ ਹਲਕਿਆਂ ਵਿੱਚ ਚੋਣ ਪ੍ਰਚਾਰ ਦੀ ਕਮਾਨ ਸਾਂਭੀ ਹੋਈ ਹੈ।

ਜ਼ਿਮਨੀ ਚੋਣ 2024 (Etv Bharat (ਗ੍ਰਾਫਿਕਸ ਟੀਮ))

ਦਾਅ ਉੱਤੇ ਸਾਖ਼, ਬਚਾਉਣ 'ਚ ਜੁਟੇ ਦਿੱਗਜ

ਗਿੱਦੜਬਾਹਾ ਸੀਟ ਤੋਂ ਅਮਰਿੰਦਰ ਰਾਜਾ ਵੜਿੰਗ 3 ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਕਰਕੇ ਉਨ੍ਹਾਂ ਲਈ ਇਹ ਸੀਟ ਜਿੱਤਣੀ ਬੇਹੱਦ ਜ਼ਰੂਰੀ ਹੈ। ਉੱਥੇ ਹੀ ਦੂਜੇ ਪਾਸੇ ਸੁਖਜਿੰਦਰ ਰੰਧਾਵਾ ਵੀ ਕਾਂਗਰਸ ਦੀ ਸਰਕਾਰ ਵੇਲੇ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ। 2027 ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਚਰਨਜੀਤ ਚੰਨੀ ਦੇ ਨਾਲ ਅਮਰਿੰਦਰ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਵੀ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ। ਇਸ ਕਰਕੇ ਆਪੋ ਆਪਣੇ ਰਵਾਇਤੀ ਹਲਕੇ ਨੂੰ ਬਚਾਉਣਾ। ਉਨ੍ਹਾਂ ਲਈ ਬੇਹਦ ਅਹਿਮ ਬਣਿਆ ਹੋਇਆ ਹੈ। ਸੁਖਜਿੰਦਰ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਲੋਕ ਸਭਾ ਚੋਣਾਂ ਵਿੱਚ 48,000 ਵੋਟ ਲੈ ਕੇ ਪਹਿਲੇ ਨੰਬਰ ਉੱਤੇ ਰਹੇ ਸਨ।

ਗਿੱਦੜਬਾਹਾ ਵਿੱਚ ਰਹੇਗਾ ਸਖ਼ਤ ਮੁਕਾਬਲਾ

ਉੱਥੇ ਹੀ, ਗਿੱਦੜਬਾਹਾ ਤੋਂ ਐਮਐਲਏ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਲੁਧਿਆਣਾ ਲੋਕ ਸਭਾ ਚੋਣ ਵਿੱਚ ਰਵਨੀਤ ਬਿੱਟੂ ਨੂੰ ਹਰਾ ਕੇ ਲੋਕ ਸਭਾ ਪਹੁੰਚੇ ਹਨ। ਇਸ ਤੋਂ ਇਲਾਵਾ ਕਈ ਦਿੱਗਜਾਂ ਦੀ ਵੀ ਇਸ ਬਾਰੇ ਕਿਸਮਤ ਦਾਅ 'ਤੇ ਲੱਗੀ ਹੋਈ ਹੈ, ਜਿਨ੍ਹਾਂ ਵਿੱਚ ਪੰਜ ਵਾਰ ਵਿਧਾਇਕ ਰਹਿ ਚੁੱਕੇ ਮਨਪ੍ਰੀਤ ਬਾਦਲ ਅਤੇ ਅਕਾਲੀ ਦਲ ਦੇ ਬੇਹਦ ਖਾਸ ਸੁਖਬੀਰ ਬਾਦਲ ਦੇ ਕਰੀਬੀ ਰਹਿ ਚੁੱਕੇ ਡਿੰਪੀ ਢਿੱਲੋਂ ਚੋਣ ਮੈਦਾਨ ਵਿੱਚ ਹਨ। ਇਸੇ ਕਰਕੇ ਇਹ ਜ਼ਿਮਨੀ ਚੋਣਾਂ ਸਾਰੀਆਂ ਹੀ ਪਾਰਟੀਆਂ ਦੇ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ।

ਸੱਤਾ ਧਿਰ ਲਈ ਵੱਕਾਰ ਦਾ ਸਵਾਲ

ਉੱਥੇ ਹੀ ਦੂਜੇ ਪਾਸੇ ਸੱਤਾ ਧਿਰ ਲਈ ਇਹ ਗਰਾਊਂਡ ਟੈਸਟ ਹੈ। 2027 ਦਾ ਇਸ ਨੂੰ ਸੈਮੀਫਾਈਨਲ ਦਾ ਰੂਪ ਮੰਨ ਕੇ ਵੇਖਿਆ ਜਾ ਰਿਹਾ ਹੈ ਤੇ ਸਾਰੀਆਂ ਹੀ ਪਾਰਟੀਆਂ ਇਸ ਨੂੰ ਇਸੇ ਢੰਗ ਦੇ ਨਾਲ ਲੜ ਵੀ ਰਹੀਆਂ ਹਨ। ਹੁਣ ਵੇਖਣਾ ਰਹੇਗਾ ਕਿ ਕਾਂਗਰਸ ਆਪਣੇ ਤਿੰਨ ਹਲਕਿਆਂ ਨੂੰ ਬਚਾਉਣ ਵਿੱਚ ਕਾਮਯਾਬ ਰਹਿੰਦੀ ਹੈ ਜਾਂ ਫਿਰ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਵੱਡੀ ਸੰਨ ਲੱਗਣ ਨਾਲ ਉਹਨਾਂ ਨੂੰ ਉੱਥੇ ਨੁਕਸਾਨ ਝੱਲਣਾ ਪਵੇਗਾ। ਕਿਉਂਕਿ ਇਸ ਵਾਰ ਅਕਾਲੀ ਦਲ ਚੋਣ ਮੈਦਾਨ ਦੇ ਵਿੱਚ ਨਹੀਂ ਹੈ, ਇਸ ਕਰਕੇ ਅਕਾਲੀ ਦਲ ਦਾ ਵੋਟ ਬੈਂਕ ਕਿਸ ਖਾਤੇ ਵਿੱਚ ਜਾਂਦਾ ਹੈ, ਸਾਰੀ ਹੀ ਸਿਆਸੀ ਪਾਰਟੀਆਂ ਇਸ ਜੋੜ ਤੋੜ ਵਿੱਚ ਲੱਗੀਆਂ ਹੋਈਆਂ ਹਨ।

Last Updated : Nov 20, 2024, 6:03 AM IST

ABOUT THE AUTHOR

...view details