ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਆਖਿਰਕਾਰ ਮੁਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਦੇ ਨਾਂਅ ਬਦਲ ਦਿੱਤੇ ਗਏ ਹਨ। ਲਗਾਤਾਰ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਫੰਡ ਮੁਹੱਈਆ ਨਾ ਕਰਨ ਕਰਕੇ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਹੈ ਜਿਸ ਕਰਕੇ ਪੂਰੇ ਪੰਜਾਬ ਵਿੱਚ ਬਣੇ ਲਗਭਗ 400 ਦੇ ਕਰੀਬ ਮਹਲਾ ਕਲੀਨਿਕਾਂ ਦੇ ਨਾਮ ਬਦਲ ਕੇ ਆਯੁਸ਼ਮਾਨ ਆਰੋਗਿਆ ਕੇਂਦਰ ਰੱਖ ਦਿੱਤਾ ਗਿਆ ਹੈ।
ਸੀਐਮ ਮਾਨ ਦੀ ਉਤਰੀ ਤਸਵੀਰ, ਨਾਮ ਵੀ ਬਦਲੇ
ਲੁਧਿਆਣਾ ਵਿੱਚ 94 ਮੁਹੱਲਾ ਕਲੀਨਿਕ ਸਨ, ਜਿਨ੍ਹਾਂ ਵਿੱਚੋਂ 65 ਕਲੀਨਿਕਾਂ ਦਾ ਨਾਮ ਬਦਲਿਆ ਗਿਆ ਹੈ। ਇੰਨਾ ਹੀ ਨਹੀਂ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਤਸਵੀਰ ਵੀ ਇਨ੍ਹਾਂ ਆਯੁਸ਼ਮਾਨ ਅਰੋਗਿਆ ਕੇਂਦਰਾਂ ਤੋਂ ਹਟਾ ਦਿੱਤੀ ਗਈ ਹੈ। ਬਕਾਇਦਾ ਨੈਸ਼ਨਲ ਹੈਲਥ ਮਿਸ਼ਨ ਦਾ ਲੋਗੋ ਵੀ ਨਾਲ ਲਾਇਆ ਗਿਆ ਹੈ, ਤਾਂ ਜੋ ਪਤਾ ਲੱਗ ਸਕੇ ਕਿ ਇਹ ਕੇਂਦਰ ਦੇ ਸਹਿਯੋਗ ਦੇ ਨਾਲ ਕਲੀਨਿਕ ਚੱਲ ਰਹੇ ਹਨ।
"ਬਿੱਲੀ ਥੈਲਿਓ ਬਾਹਰ ਆਈ, ਹੁਣ ਸੱਚ ਸਾਹਮਣੇ ਆਇਆ"
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਅਨਿਲ ਸਰੀਨ ਨੇ ਦੱਸਿਆ ਕਿ 2023 ਵਿੱਚ 1200 ਕਰੋੜ ਰੁਪਏ ਦਾ ਫੰਡ ਕੇਂਦਰ ਸਰਕਾਰ ਨੇ ਰੋਕ ਲਿਆ ਸੀ। ਉਨ੍ਹਾਂ ਕਿਹਾ ਕਿ ਇਸ ਵਿੱਚੋਂ ਹੁਣ 600 ਕਰੋੜ ਰੁਪਏ ਦੋ ਕਿਸ਼ਤਾਂ ਵਿੱਚ ਜਾਰੀ ਕੀਤਾ ਗਿਆ ਹੈ। 400 ਕਰੋੜ ਰੁਪਏ ਪਹਿਲਾਂ ਵੀ ਜਾਰੀ ਕੀਤੇ ਗਏ ਸੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਉੱਤੇ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਲੋਕਾਂ ਦੀ ਸੁਵਿਧਾਵਾਂ ਦੇ ਲਈ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਇਹ ਫੰਡ ਮੁਹੱਈਆ ਕਰਵਾਈ ਜਾਂਦੇ ਹਨ, ਪਰ ਪੰਜਾਬ ਸਰਕਾਰ ਇਸ ਨੂੰ ਆਪਣੇ ਹੀ ਮੁਹੱਲਾ ਕਲੀਨਿਕਾਂ ਉੱਤੇ ਲਗਾ ਕੇ ਆਪਣਾ ਵਿਗਿਆਪਨ ਕਰ ਰਹੀ ਸੀ ਜਿਸ ਦਾ ਕੇਂਦਰ ਵੱਲੋਂ ਸਖ਼ਤ ਨੋਟਿਸ ਲਿਆ ਗਿਆ।
ਕੇਂਦਰ ਵਲੋਂ ਫੰਡਾਂ ਦੀ ਕੋਈ ਰੋਕ ਨਹੀਂ, ਆਪ ਨੇ ਦੁਰਵਰਤੋਂ ਕੀਤੀ
ਅਨਿਲ ਸਰੀਨ ਨੇ ਕਿਹਾ ਕਿ ਸਰਕਾਰ ਫੰਡ ਦੇਣ ਵਿੱਚ ਗੁਰੇਜ ਨਹੀਂ ਕਰਦੀ, ਸਗੋਂ ਵੱਡੀ ਗਿਣਤੀ ਵਿੱਚ ਲੋਕਾਂ ਦੀ ਸਹੂਲਤ ਲਈ ਫੰਡ ਮੁਹਈਆ ਕਰਵਾਏ ਜਾਂਦੇ ਹਨ, ਪਰ ਕੇਂਦਰ ਸਰਕਾਰ ਵੱਲੋਂ ਭੇਜੇ ਜਾਂਦੇ ਫੰਡ ਪੰਜਾਬ ਸਰਕਾਰ ਕਿਤੇ ਹੋਰ ਵਰਤ ਰਹੀ ਸੀ ਜਿਸ ਕਰਕੇ ਇਹ ਫੈਸਲਾ ਲਿਆ ਗਿਆ।
ਸਕੂਲ ਆਫ ਐਮੀਨੈਂਸ ਨੂੰ ਲੈ ਕੇ ਵੀ ਹੋਣਗੇ ਵੱਡੇ ਖੁਲਾਸੇ
ਪੰਜਾਬ ਭਰ ਵਿੱਚ 850 ਦੇ ਕਰੀਬ ਮੁਹੱਲਾ ਕਲੀਨਿਕ ਸ਼ੁਰੂ ਕਰਨ ਦਾ ਆਮ ਆਦਮੀ ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਹੁਣ 400 ਦੇ ਕਰੀਬ ਮੁਹੱਲਾ ਕਲੀਨਿਕ ਦੇ ਨਾਂ ਬਦਲ ਦਿੱਤੇ ਗਏ ਹਨ। ਭਾਜਪਾ ਦੇ ਆਗੂ ਅਨਿਲ ਸਰੀਨ ਨੇ ਸਾਫ ਤੌਰ ਉੱਤੇ ਕਿਹਾ ਹੈ ਕਿ ਸਰਕਾਰ ਦਾ ਝੂਠ ਸਾਫ ਹੋ ਗਿਆ ਹੈ। ਚੌਂਕ ਵਿੱਚ ਜੋ ਵੱਡੇ ਵੱਡੇ ਪੋਸਟਰ ਪੰਜਾਬ ਸਰਕਾਰ ਨੇ ਆਪਣੇ ਵਿਗਿਆਪਨ ਦੇ ਤੌਰ ਉੱਤੇ ਲਗਾਏ ਸਨ, ਉਨਾਂ ਦਾ ਭਾਂਡਾ ਖੁੱਲ੍ਹ ਗਿਆ ਹੈ।
ਉਨ੍ਹਾਂ ਕਿਹਾ ਕਿ ਜੋ ਦਾਅਵੇ ਕੀਤੇ ਜਾ ਰਹੇ ਸਨ ਕਿ ਉਹ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਰਹੇ ਹਨ, ਇਹ ਸਾਫ ਹੋ ਗਿਆ ਹੈ ਕਿ ਇਹ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਂਦੇ ਫੰਡਾਂ ਦਾ ਹਿੱਸਾ ਸੀ। ਅਨਿਲ ਨੇ ਕਿਹਾ ਕਿ ਇੰਨਾ ਹੀ ਨਹੀਂ ਆਉਣ ਵਾਲੇ ਦਿਨਾਂ ਵਿੱਚ ਜੋ ਸਰਕਾਰ ਸਿੱਖਿਆ ਮਾਡਲ ਨੂੰ ਲੈ ਕੇ ਦਾਅਵੇ ਪੇਸ਼ ਕਰ ਰਹੀ ਹੈ, ਜੋ ਸਕੂਲ ਆਫ ਐਮੀਨੈਂਸ ਦੀ ਗੱਲ ਕਰ ਰਹੀ ਹੈ, ਉਸ ਨੂੰ ਲੈ ਕੇ ਵੀ ਵੱਡੇ ਖੁਲਾਸੇ ਕੀਤੇ ਜਾਣਗੇ।