ਬਠਿੰਡਾ: ਸ਼ਨੀਵਾਰ ਦੀ ਦੇਰ ਰਾਤ ਬਠਿੰਡਾ ਦੇ 100 ਫੁੱਟੀ ਰੋਡ 'ਤੇ ਇੱਕ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਇੱਕ ਨੌਜਵਾਨ ਨੂੰ ਦਰਜਨ ਦੇ ਕਰੀਬ ਨੌਜਵਾਨਾਂ ਨੇ ਇੱਕਠੇ ਹੋ ਕੇ ਘੇਰਿਆ ਅਤੇ ਉਸ ਦੇ ਉੱਤੇ ਇੱਕ ਤੋਂ ਬਾਅਦ ਇੱਕ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਉਕਤ ਨੌਜਵਾਨ ਨੂੰ ਬਚਾਅ ਲਿਆ ਗਿਆ। ਫਿਲਹਾਲ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਦੋਸਤਾਂ ਨੇ ਕੀਤਾ ਜਾਨਲੇਵਾ ਹਮਲਾ
ਜਾਣਕਾਰੀ ਮੁਤਾਬਿਕ ਪੀੜਤ ਨੌਜਵਾਨ ਦਾ ਨਾਮ ਜਸਦੀਪ ਸਿੰਘ ਹੈ ਅਤੇ ਬਠਿੰਡਾ ਦੇ ਗੋਨਿਆਣਾ ਦਾ ਰਹਿਣ ਵਾਲਾ ਹੈ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਨੌਜਵਾਨ ਉੱਤੇ ਹਮਲਾ ਕਰਨ ਵਾਲੇ ਮੁਲਜ਼ਮ ਉਸ ਦੇ ਹੀ ਪੁਰਾਣੇ ਦੋਸਤ ਸਨ। ਜਿਨ੍ਹਾਂ ਨਾਲ ਉਸ ਦੀ ਲੜਾਈ ਹੋ ਗਈ ਸੀ ਅਤੇ ਫਿਰ ਬੋਲਚਾਲ ਬੰਦ ਹੋ ਗਈ। ਇਸ ਦੌਰਾਨ ਪਹਿਲਾਂ ਵੀ ਇੱਕ ਵਾਰ ਦੋਵੇਂ ਧਿਰਾਂ 'ਚ ਲੜਾਈ ਹੋਈ ਸੀ। ਉਹ ਲੜਾਈ ਅੱਜੇ ਵੀ ਚੱਲ ਰਹੀ ਸੀ, ਜਿਸ ਕਾਰਨ ਸੈਲੂਨ ਦੇ ਬਾਹਰ ਵਿਰੋਧੀ ਧਿਰ ਨੇ ਆਪਣੇ ਸਾਥੀਆਂ ਸਣੇ ਜਸਦੀਪ 'ਤੇ ਹਮਲਾ ਕੀਤਾ ਅਤੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ। ਜ਼ਖਮੀ ਜਸਦੀਪ ਸਿੰਘ ਦਾ ਇਲਾਜ ਪ੍ਰਾਈਵੇਟ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਿਸ ਵੱਲੋਂ ਮੌਕੇ 'ਤੇ ਲੋਕਾਂ ਵੱਲੋਂ ਬਣਾਈਆਂ ਗਈਆਂ ਵੀਡੀਓ ਅਤੇ ਸਥਾਨਕ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈਆਂ ਤਸਵੀਰਾਂ ਦੇ ਅਧਾਰ 'ਤੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਬਠਿੰਡਾ ਬਣ ਰਿਹਾ ਗੁੰਡਾਗਰਦੀ ਦਾ ਗੜ੍ਹ
ਜ਼ਿਕਰਯੋਗ ਹੈ ਕਿ ਆਏ ਦਿਨ ਸੁਰਖੀਆਂ ਵਿੱਚ ਰਹਿਣ ਵਾਲੇ ਸ਼ਹਿਰ ਬਠਿੰਡਾ ਵਿਚ ਗੈਂਗਵਾਰ ਵੱਧਦੀਆਂ ਜਾ ਰਹੀਆਂ ਹਨ। ਜਿਥੇ ਦੇਰ ਰਾਤ ਨੌਜਵਾਨ 'ਤੇ ਸ਼ਰੇਆਮ ਹਮਲਾ ਹੋਇਆ ਤਾਂ ਉਥੇ ਹੀ ਬੀਤੇ ਦਿਨੀਂ ਕਸਬਾ ਤਲਵੰਡੀ ਸਾਬੋ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਜੰਗ ਦਾ ਮੈਦਾਨ ਬਣ ਗਈ। ਦਰਅਸਲ ਇਥੇ ਗੁਰਪ੍ਰੀਤ ਸਿੰਘ ਅਤੇ ਮੰਗੂ ਸਿੰਘ ਨਾਮ ਦੇ ਨੌਜਵਾਨਾਂ ਉੱਤੇ ਗੋਲੀ ਚਲਾਈ ਗਈ। ਉਕਤ ਨੌਜਵਾਨਾਂ ਨੇ ਦੱਸਿਆ ਕਿ ਉਹ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਹੋਟਲ ਦੇ ਕਾਰਡ ਵੰਡਣ ਲਈ ਗਏ ਸਨ।
ਇਸ ਦੌਰਾਨ ਹੀ 50 ਤੋਂ 60 ਨੌਜਵਾਨ ਉੱਥੇ ਆਏ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਗੋਲੀ ਵੀ ਚਲਾਈ ਗਈ ਪਰ ਗਨੀਮਤ ਰਹੀ ਕਿ ਗੋਲੀ ਨੇੜੇ ਦੀ ਲੰਘ ਗਈ ਅਤੇ ਜਾਨ ਬਚ ਗਈ। ਜ਼ਿਕਰਯੋਗ ਹੈ ਕਿ ਸੂਬੇ 'ਚ ਲਗਾਤਾਰ ਵੱਧ ਰਹੇ ਅਪਰਾਧ ਕਾਨੂੰਨ ਵਿਵਸਥਾ ਉੱਤੇ ਵੀ ਸਵਾਲ ਖੜ੍ਹੇ ਕਰ ਰਹੇ ਹਨ ਕਿ ਆਖਿਰ ਅਜਿਹੀਆਂ ਵਾਰਦਾਤਾਂ ਕਰਨ ਵਾਲੇ ਲੋਕਾਂ ਨੂੰ ਕਾਨੂੰਨ ਦਾ ਖੌਫ ਕਿਉਂ ਨਹੀਂ ਰਿਹਾ। ਨੌਜਵਾਨ ਸ਼ਰੇਆਮ ਹਥਿਆਰ ਲੈਕੇ ਘੁੰਮ ਰਹੇ ਹਨ।