ਫਿਰੋਜ਼ਪੁਰ: ਫਿਰੋਜ਼ਪੁਰ ਅੰਦਰ ਬੀਤੇ ਦਿਨੀਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ 'ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈ ਕੇ ਅੱਜ ਕਾਂਗਰਸ ਦੀ ਸਮੂਹ ਲੀਡਰਸ਼ਿਪ ਅਤੇ ਯੂਥ ਪ੍ਰਧਾਨ ਮੋਹਿਤ ਮੋਹਿੰਦਰਾ ਵੱਲੋਂ ਫਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਫਾਇਰਿੰਗ ਕਰਨ ਵਾਲੇ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਲੀਡਰਸ਼ਿਪ ਨੂੰ ਨਾਲ ਲੈ ਥਾਣੇ ਦਾ ਕੀਤਾ ਘਿਰਾਓ
ਬੀਤੇ ਦਿਨੀਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਜੀਰਾ 'ਤੇ ਹੋਈ ਫਾਇਰਿੰਗ ਮਾਮਲੇ ਨੂੰ ਲੈ ਕੇ ਅੱਜ ਕਾਂਗਰਸ ਦੇ ਪੰਜਾਬ ਯੂਥ ਪ੍ਰਧਾਨ ਮੋਹਿਤ ਮੋਹਿੰਦਰਾ ਫਿਰੋਜ਼ਪੁਰ ਪਹੁੰਚੇ ਹਨ। ਜਿੱਥੇ ਉਨ੍ਹਾਂ ਫਿਰੋਜ਼ਪੁਰ ਦੀ ਸਮੂਹ ਲੀਡਰਸ਼ਿਪ ਨੂੰ ਨਾਲ ਲੈ ਫਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਦਾ ਘਿਰਾਓ ਕੀਤਾ ਹੈ। ਇਸ ਮੌਕੇ ਗੱਲਬਾਤ ਦੌਰਾਨ ਮੋਹਿਤ ਮੋਹਿੰਦਰਾ ਅਤੇ ਜ਼ਿਲ੍ਹਾ ਪ੍ਰਧਾਨ ਆਸ਼ੂ ਬਾਂਗੜ ਨੇ ਕਿਹਾ ਕਿ ਫਿਰੋਜ਼ਪੁਰ ਅੰਦਰ ਕਨੂੰਨ ਵਿਵਸਥਾ ਬਿਲਕੁੱਲ ਖਰਾਬ ਹੋ ਚੁੱਕੀ ਹੈ।
'ਲੋਕਾਂ 'ਤੇ ਸ਼ਰੇਆਮ ਗੋਲੀਆਂ ਚਲਾਈਆਂ ਜਾ ਰਹੀਆਂ'
ਕਾਂਗਰਸ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਿਲਕੁਲ ਵੀ ਠੀਕ ਨਹੀਂ ਹਨ। ਜਿੱਥੇ ਕਿ ਆਮ ਲੋਕ ਅਤੇ ਵਪਾਰੀ ਪੂਰੀ ਤਰ੍ਹਾਂ ਦੁਖੀ ਹਨ। ਲਗਾਤਾਰ ਫਿਰੋਜ਼ਪੁਰ ਵਿੱਚ ਲੁੱਟਾਂ ਖੋਹਾਂ ਦੇ ਨਾਲ-ਨਾਲ ਲੋਕਾਂ ਤੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਲੋਕਾਂ 'ਤੇ ਸ਼ਰੇਆਮ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਦਾ ਕੋਈ ਵੀ ਹੱਲ ਨਾ ਕੱਢਿਆ ਗਿਆ ਤਾਂ ਅਸੀਂ ਸੰਘਰਸ਼ ਹੋਰ ਵੀ ਤੇਜ ਕਰਾਂਗੇ। ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲੋਕਾਂ ਤੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ। ਸੁਨਿਆਰਾਂ ਨੂੰ ਅਗਵਾਹ ਕੀਤਾ ਜਾ ਰਿਹਾ, ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ।
'ਪ੍ਰਸ਼ਾਸਨ ਨੇ ਗੈਂਗਸ਼ਟਰਾਂ ਮੂਹਰੇ ਡੋਗੇ ਟੇਕ ਦਿੱਤੇ'
ਕਾਂਗਰਸ ਆਗੂਆਂ ਨੇ ਕਿਹਾ ਕਿ ਜੇਕਰ ਸੁਸਾਇਟੀ ਦੇ ਵਿੱਚ ਪਛਾਣ ਰੱਖਣ ਵਾਲੇ ਹੀ ਸੁਰੱਖਿਅਤ ਨਹੀਂ ਹਨ ਤਾਂ ਫਿਰ ਆਮ ਲੋਕ ਕਿਵੇਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗ ਰਿਹਾ ਕਿ ਗੈਂਗਸ਼ਟਰਾਂ ਦਾ ਬੋਲਬਾਲਾ ਹੈ ਅਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੇ ਗੈਂਗਸਟਰਾਂ ਮੂਹਰੇ ਡੋਗੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਰਕਾਰਾਂ ਨਹੀਂ ਚੱਲਦੀਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੁਲਬੀਰ ਜੀਰਾ ਨਾਲ ਕੋਈ ਇਹੋ ਜਿਹੀ ਘਟਨਾ ਹੋਈ ਤਾਂ ਉਸ ਦੀ ਜਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਦੀ ਹੋਵੇਗੀ। ਜਿੰਨਾਂ ਤੋਂ ਪੰਜਾਬ ਦੀ ਕਾਨੂੰਨ ਵਿਵਸਥਾ ਨਹੀਂ ਸੰਭਾਲੀ ਜਾ ਰਹੀ।
ਦੱਸ ਦਈਏ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਫ਼ਿਰੋਜ਼ਪੁਰ ਤੋਂ ਜ਼ੀਰਾ ਜਾ ਰਹੇ ਸਨ ਤਾਂ ਪਿੰਡ ਕੁਲਗੜ੍ਹੀ ਨੇੜੇ ਉਨ੍ਹਾਂ ਦੀ ਕਾਰ ਦੇ ਪਿੱਛੇ ਚਿੱਟੇ ਰੰਗ ਦੀ ਕ੍ਰੇਟਾ ਕਾਰ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਅਚਾਨਕ ਕਾਰ ਦੇ ਪਿੱਛੇ ਹਵਾਈ ਫਾਇਰਿੰਗ ਸ਼ੁਰੂ ਹੋ ਗਈ ਤਾਂ ਸਾਬਕਾ ਵਿਧਾਇਕ ਦੇ ਡਰਾਈਵਰ ਨੇ ਆਪਣੀ ਕਾਰ ਤੇਜ਼ ਰਫਤਾਰ ਨਾਲ ਭਜਾ ਲਈ। ਸਾਬਕਾ ਵਿਧਾਇਕ ਦੀ ਕਾਰ ਦਾ ਪਿੱਛਾ ਕਰਦੇ ਹੋਏ ਚਿੱਟੇ ਰੰਗ ਦੀ ਕ੍ਰੇਟਾ ਕਾਰ 'ਚ ਸਵਾਰ ਬਦਮਾਸ਼ਾਂ ਨੇ ਰੁਕ-ਰੁਕ ਕੇ ਫਾਇਰਿੰਗ ਕੀਤੀ, ਪਹਿਲਾਂ ਚਾਰ ਰਾਉਂਡ, ਬਾਅਦ 'ਚ 2 ਰਾਉਂਡ, ਫਿਰ ਇੱਕ ਰਾਉਂਡ ਫਾਇਰ ਕੀਤੇ ਅਤੇ ਫ਼ਰਾਰ ਹੋ ਗਏ। ਕੁਲਬੀਰ ਸਿੰਘ ਜ਼ੀਰਾ ਨੇ ਸੋਮਵਾਰ ਸ਼ਾਮ ਨੂੰ ਹੀ ਜ਼ੀਰਾ ਪਹੁੰਚਣ 'ਤੇ ਪੁਲਿਸ ਅਧਿਕਾਰੀਆਂ ਨੂੰ ਆਪਣੀ ਕਾਰ ਦੇ ਪਿੱਛੇ ਹਵਾਈ ਫਾਇਰਿੰਗ ਦੀ ਸੂਚਨਾ ਦਿੱਤੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਬਕਾ ਵਿਧਾਇਕ ਕੁਲਬੀਰ ਜੀਰਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਉਨ੍ਹਾਂ 'ਤੇ ਫਾਇਰਿੰਗ ਕੀਤੀ ਗਈ ਸੀ। ਪਰ ਕਈ ਬੀਤਣ ਤੇ ਵੀ ਪੁਲਿਸ ਦੇ ਹੱਥ ਖਾਲੀ ਨਜਰ ਆ ਰਹੇ ਹਨ। ਜਿਸ ਦੇ ਵਿਰੋਧ ਵਿੱਚ ਅੱਜ ਉਨ੍ਹਾਂ ਵੱਲੋਂ ਥਾਣੇ ਦੇ ਬਾਹਰ ਧਰਨਾ ਲਗਾ ਰੋਸ ਪ੍ਰਦਰਸ਼ਨ ਕੀਤਾ ਗਿਆ।