ਲੁਧਿਆਣਾ: ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਨੇ ਪੰਜਾਬ ਵਿੱਚ ਸਿਆਸੀ ਹੰਗਾਮਾ ਮਚਾ ਦਿੱਤਾ। ਇਸ ਨੂੰ ਲੈ ਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ Etv Bharat 'ਤੇ ਇਸ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਇਹ ਵਿਰੋਧੀਆਂ ਦੀ ਚਾਲ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਜਨਰਲ ਸਕੱਤਰ ਹੋਣ ਦੇ ਨਾਅਤੇ ਉਹ ਇਹ ਬਿਆਨ ਦੇ ਰਹੇ ਨੇ ਹਾਲਾਂਕਿ, ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਸੁਨੀਲ ਜਾਖੜ ਨੇ ਹਾਲੇ ਤੱਕ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ ਤੇ ਨਾ ਹੀ ਸੋਸ਼ਲ ਮੀਡੀਆ ਉੱਤੇ ਉਹਨਾਂ ਨੇ ਕੋਈ ਪੋਸਟ ਪਾਈ ਹੈ, ਤਾਂ ਇਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਮੁਤਾਬਿਕ ਹੀ ਉਹ ਇਹ ਮੀਡੀਆ ਵਿੱਚ ਕਹਿ ਰਹੇ ਹਨ ਕਿ ਅਜਿਹਾ ਕੁਝ ਵੀ ਨਹੀਂ ਹੈ।
ਵਿਰੋਧੀ ਭਾਜਪਾ ਦੇ ਗ੍ਰਾਫ ਤੋਂ ਘਬਰਾਏ, ਤਾਂ ਚੱਲੀ ਚਾਲ
ਅਨਿਲ ਸਰੀਨ ਨੇ ਕਿਹਾ ਕਿ ਵਿਰੋਧੀ ਭਾਜਪਾ ਦੇ ਵੱਧ ਰਹੇ ਗ੍ਰਾਫ ਤੋਂ ਘਬਰਾਏ ਹੋਏ ਹਨ ਜਿਸ ਕਰਕੇ ਉਹ ਅਜਿਹੀ ਚਾਲਾਂ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪੰਚਾਇਤੀ ਚੋਣਾਂ ਦੇ ਵਿੱਚ ਅਤੇ ਹਰਿਆਣਾ ਦੀਆਂ ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰੇਗੀ। ਹਰਿਆਣਾ ਦੇ ਵਿੱਚ ਭਾਜਪਾ ਤੀਜੀ ਵਾਰ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਇਸ ਕਰਕੇ ਵਿਰੋਧੀ ਇਸ ਗੱਲ ਤੋਂ ਘਬਰਾਏ ਹੋਏ ਹਨ ਅਤੇ ਜ਼ਮੀਨੀ ਪੱਧਰ ਉੱਤੇ ਉਹ ਕੁਝ ਕਰ ਨਹੀਂ ਪਾ ਰਹੇ, ਪਰ ਹੁਣ ਅਜਿਹੀਆਂ ਬਿਆਨਬਾਜ਼ੀ ਕਰ ਰਹੇ ਹਨ।
ਇਹ ਪੂਰੀ ਤਰ੍ਹਾਂ ਝੂਠੀ ਤੇ ਬੇਬੁਨਿਆਦ ਖ਼ਬਰ ਹੈ। ਉਨ੍ਹਾਂ (ਸੁਨੀਲ ਜਾਖੜ) ਵਲੋਂ ਅਸਤੀਫਾ ਦਿੱਤੇ ਜਾਣ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦੀ ਅਗਵਾਈ ਵਿੱਚ ਭਾਜਪਾ ਪਾਰਟੀ ਪੰਜਾਬ ਵਿੱਚ ਅੱਗੇ ਵੱਧਣ ਲਈ ਕੰਮ ਕਰ ਰਹੀ ਹੈ। ਅਸਲ ਵਿੱਚ, ਭਾਜਪਾ ਦਾ ਜਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਵਿੱਚ ਗ੍ਰਾਫ ਉਪਰ ਉੱਠਿਆ ਹੈ, ਉਸ ਤੋਂ ਵਿਰੋਧੀ ਧਿਰਾਂ ਨਿਰਾਸ਼, ਹਤਾਸ਼ ਤੇ ਘਬਰਾਏ ਹੋਏ ਹਨ। ਇਸੇ ਕਰਕੇ ਉਨ੍ਹਾਂ ਵਲੋਂ ਅਜਿਹੀਆਂ ਝੂਠੀਆਂ ਤੇ ਬੇਬੁਨਿਆਦ ਖਬਰਾਂ ਫੈਲਾ ਕੇ ਚਾਲਾਂ ਚੱਲੀਆਂ ਜਾ ਰਹੀਆਂ ਹਨ। ਮੈਂ ਸੂਬਾ ਸਕੱਤਰ ਵਜੋਂ ਇਹ ਬਿਆਨ ਦੇ ਰਿਹਾ ਹਾਂ, ਤਾਂ ਪਾਰਟੀ ਵਲੋਂ ਹੀ ਇਹ ਕਹਿ ਰਿਹਾ ਹਾਂ ਕਿ ਸੁਨੀਲ ਜਾਖੜ ਵਲੋਂ ਕੋਈ ਅਸਤੀਫਾ ਨਹੀਂ ਦਿੱਤਾ ਗਿਆ ਹੈ। ਰਵਨੀਤ ਬਿੱਟੂ ਨਾਲ ਨਾਰਾਜ਼ਗੀ ਵਰਗੀ ਕੋਈ ਗੱਲ ਨਹੀਂ ਹੈ। - ਅਨੀਲ ਸਰੀਨ, ਸੂਬਾ ਜਨਰਲ ਸਕੱਤਰ, ਭਾਜਪਾ