ਬਰਨਾਲਾ: ਵਿਧਾਨ ਸਭਾ ਦੀ ਜਿਮਨੀ ਚੋਣ ਦੌਰਾਨ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਡੇਂਗੂ ਦੀ ਬੀਮਾਰੀ ਤੋਂ ਪੀੜਤ ਚੱਲੇ ਆ ਰਹੇ ਹਨ। ਜਿਸ ਤੋਂ ਬਾਅਦ ਮੀਤ ਹੇਅਰ ਅੱਜ ਕਰੀਬ 12 ਦਿਨਾਂ ਬਾਅਦ ਤੰਦਰੁਸਤ ਹੋ ਕੇ ਚੋਣ ਮੈਦਾਨ ਵਿੱਚ ਨਿੱਤਰੇ ਹਨ। ਚੋਣ ਮੈਦਾਨ ਵਿੱਚ ਆਉਂਦਿਆਂ ਹੀ ਮੀਤ ਹੇਅਰ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਅੱਜ ਉਹਨਾਂ ਕਾਂਗਰਸ ਪਾਰਟੀ ਦੇ ਬਰਨਾਲਾ ਸ਼ਹਿਰ ਤੋਂ ਕੌਸ਼ਲਰ ਜਗਜੀਤ ਸਿੰਘ ਜੱਗੂ ਮੌਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ।
ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ
ਜਿਕਰਯੋਗ ਹੈ ਕਿ ਮੀਤ ਹੇਅਰ ਬਰਨਾਲਾ ਤੋਂ ਦੋ ਵਾਰ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਹਨ। 2024 ਦੀ ਲੋਕ ਸਭਾ ਚੋਣ ਦੌਰਾਨ ਉਹਨਾਂ ਸੰਗਰੂਰ ਤੋਂ ਚੋਣ ਲੜੀ ਅਤੇ ਸੰਸਦ ਮੈਂਬਰ ਬਣੇ। ਜਿਸ ਕਰਕੇ ਉਹਨਾਂ ਦਾ ਬਰਨਾਲਾ ਹਲਕੇ ਵਿੱਚ ਬਹੁਤ ਪ੍ਰਭਾਵ ਹੈ। ਇਸ ਹਲਕੇ ਤੋਂ ਆਪ ਪਾਰਟੀ ਤੋ ਟਿਕਟ ਵੀ ਉਹਨਾਂ ਆਪਣੇ ਕਰੀਬੀ ਦੋਸਤ ਹਰਿੰਦਰ ਸਿੰਘ ਨੂੰ ਦਵਾਈ ਹੈ। ਪ੍ਰੰਤੂ ਮੀਤ ਹੇਅਰ ਦੀ ਗੈਰ ਹਾਜ਼ਰੀ ਕਾਰਨ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਬਹੁਤ ਠੰਢੀ ਚੱਲ ਰਹੀ ਸੀ ਅਤੇ ਮੀਤ ਹੇਅਰ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਣ ਦੀ ਸੰਭਾਵਨਾ ਹੈ।
ਬਿਨਾਂ ਐਨਓਸੀ ਤੋਂ ਪਲਾਟ ਦੀ ਰਜਿਸਟਰੀ
ਇਸ ਮੌਕੇ ਮੀਤ ਹੇਅਰ ਨੇ ਨਵੇਂ ਸਾਥੀਆਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਕਿਹਾ ਕਿ ਪਰਿਵਾਰ ਦਾ ਮੈਂਬਰ ਬਣੇ ਸਾਥੀਆਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਮੀਤ ਹੇਅਰ ਨੇ ਕਿਹਾ ਕਿ ਉਹ ਆਪਣੇ ਕੀਤੇ ਕੰਮਾਂ ਬਦਲੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਆਪ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਕੰਮਾਂ ਕਾਰਨ ਹਰ ਵਰਗ ਅੱਜ ਪਾਰਟੀ ਨਾਲ ਜੁੜ ਰਿਹਾ ਹੈ। ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਿਜਲੀ, ਸਿਹਤ, ਸਿੱਖਿਆ, ਕਿਸਾਨੀ ਆਦਿ ਖੇਤਰਾਂ ਵਿੱਚ ਵੱਡੇ ਕੰਮ ਕੀਤੇ ਗਏ ਹਨ। ਟੇਲਾਂ ਉਤੇ ਪਾਣੀ ਪਹੁੰਚਾਇਆ, ਬੰਦ ਪਏ ਨਹਿਰੀ ਖਾਲ ਚਲਵਾਏ। ਖੇਡ ਤੇ ਖਿਡਾਰੀ ਪੱਖੀ ਖੇਡ ਨੀਤੀ ਬਣਾਈ। ਵਪਾਰ ਪੱਖੀ ਮਾਹੌਲ ਸਿਰਜਿਆ। ਹੁਣ ਬਿਨਾਂ ਐਨਓਸੀ ਤੋਂ ਪਲਾਟ ਦੀ ਰਜਿਸਟਰੀ ਦੀ ਚਿਰੋਕਣੀ ਮੰਗ ਪੂਰੀ ਕੀਤੀ।
ਧਾਲੀਵਾਲ ਨੂੰ ਜਿਤਾਉਣ ਲਈ ਪੂਰੀ ਵਾਹ
ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਤੇ ਬਰਨਾਲਾ ਵਾਸੀਆਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਆਪਣੀ ਮੁਹਿੰਮ ਬਣਾ ਕੇ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਨਵੇਂ ਸਾਥੀਆਂ ਦਾ ਸਵਾਗਤ ਕੀਤਾ।ਜਗਜੀਤ ਜੱਗੂ ਮੋਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਜਿਤਾਉਣ ਲਈ ਪੂਰੀ ਵਾਹ ਲਾਉਣਗੇ।