ਮੋਗਾ : ਬੀਤੇ ਦਿਨੀਂ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਧਰਮਕੋਟ ਅਧੀਨ ਪੈਂਦੇ ਪਿੰਡ ਪੰਡੋਰੀ ਅਰਾਈਆਂ ਦੇ ਨੌਜਵਾਨ ਜਸਵਿੰਦਰ ਸਿੰਘ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਵਾਪਸ ਪਰਤੇ ਆਇਆ ਹੈ। ਜਿਸ ਤੋਂ ਬਾਅਦ ਇਸ ਨੌਜਵਾਨ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ, ਸਰਪੰਚ ਅਤੇ ਪਿੰਡ ਵਾਸੀਆਂ ਨਾਲ ਮਿਲਕੇ ਮੋਗਾ ਦੇ ਐੱਸਐੱਸਪੀ ਕੋਲ ਏਜੰਟ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤ ਜਸਵਿੰਦਰ ਸਿੰਘ ਦੀ ਸ਼ਿਕਾਇਤ ਉੱਤੇ ਧਰਮਕੋਟ ਪੁਲਿਸ ਨੇ ਚੰਡੀਗੜ੍ਹ ਵਿੱਚ ਰਹਿਣ ਵਾਲੇ ਟਰੈਵਲ ਏਜੰਟ ਸੁਖਵਿੰਦਰ ਸਿੰਘ (ਸੁਖ ਗਿੱਲ) ਤੋਤੇ ਵਾਲਾ, ਉਸਦੀ ਮਾਂ ਅਤੇ ਉਸਦੇ ਭਰਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ 4 ਲੋਕਾਂ ਖਿਲਾਫ ਮਾਮਲਾ ਕੀਤਾ ਦਰਜ
ਇਸੇ ਮਾਮਲੇ ਨੂੰ ਲੈ ਕੇ ਥਾਣਾ ਮੋਗਾ ਦੇ ਡੀਐੱਸਪੀ ਰਮਨਦੀਪ ਸਿੰਘ ਨੇ "ਕਿਹਾ ਕਿ ਜਸਵਿੰਦਰ ਸਿੰਘ ਨਾਮ ਦਾ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਹੈ, ਜਿਸ ਨੇ ਏਜੰਟ ਖਿਲਾਫ ਦਰਖਾਤਸ ਦਿੱਤੀ ਹੈ। ਅਸੀਂ ਮਾਮਲੇ ਸਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਏਜੰਟ ਸਮੇਤ 4 ਲੋਕਾਂ ਦੇ ਖਿਲਾਫ ਐੱਫਆਈਆਰ ਦਰਜ ਕਰ ਲਈ ਹੈ। ਇਸ ਵਿੱਚ ਏਜੰਟ ਸੁਖਵਿੰਦਰ ਸਿੰਘ (ਸੁੱਖ ਗਿੱਲ), ਉਸਦਾ ਭਰਾ ਧਲਵਿੰਦਰ ਸਿੰਘ, ਉਸਦੀ ਮਾਤਾ ਪ੍ਰੀਤਮ ਕੌਰ ਅਤੇ ਇੱਕ ਚੰਡੀਗੜ੍ਹ ਦਾ ਗੁਰਪ੍ਰੀਤ ਨਾਂ ਦਾ ਏਜੰਟ ਸ਼ਾਮਿਲ ਹੈ। ਇਸ ਮਾਮਲੇ ਵਿੱਚ ਜੇਕਰ ਹੋਰ ਵੀ ਲੋਕ ਸ਼ਾਮਿਲ ਹੋਏ ਤਾਂ ਉਨ੍ਹਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇਗਾ। ਜਸਵਿੰਦਰ ਸਿੰਘ ਨਾਲ 43 ਲੱਖ ਦੀ ਠੱਗੀ ਹੋਈ ਹੈ। ਜਸਵਿੰਦਰ ਸਿੰਘ ਨੇ ਅਮਰੀਕਾ ਜਾਣ ਲਈ ਏਜੰਟ ਨੂੰ 43 ਲੱਖ ਰੁਪਏ ਦਿੱਤੇ ਸਨ, ਜਿਨ੍ਹਾਂ ਨੂੰ ਇਕੱਠਾ ਕਰਨ ਲਈ ਉਸ ਨੇ ਆਪਣੇ ਜ਼ਮੀਨ ਅਤੇ ਘਰ ਵੀ ਗਹਿਣੇ ਰੱਖਿਆ ਹੈ।"

ਕਿਸਾਨ ਪਰਿਵਾਰ ਦੀ ਕਰਨਗੇ ਮਦਦ
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਨੇ "ਕਿਹਾ ਕਿ ਪੁਲਿਸ ਨੇ ਕਿਹਾ ਹੈ ਕਿ ਐੱਫਆਈਆਰ ਦਰਜ ਕਰ ਲਈ ਗਈ ਹੈ, ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਐੱਫਆਈਆਰ ਨਾਲ ਨਹੀਂ ਸਰਨਾ। ਜਿਸ ਬੱਚੇ ਨੇ ਆਪਣਾ ਘਰ ਅਤੇ ਜ਼ਮੀਨ ਗਹਿਣੇ ਪਾਕੇ 43 ਲੱਖ ਰੁਪਿਆ ਭਰਿਆ ਉਸਦੀ ਭਰਭਾਈ ਕਿੱਥੋਂ ਹੋਵੇਗੀ ? ਜੋ ਨੌਜਵਾਨ ਡਿਪੋਰਟ ਹੋ ਕੇ ਆਇਆ ਹੈ ਉਹ ਆਪਣਾ ਦਿਮਾਗੀ ਸੰਤੁਲਨ ਗਵਾ ਬੈਠਾ ਹੈ। ਕਿਉਂਕਿ ਇਸ ਬੱਚੇ ਦੇ ਮਨ 'ਤੇ ਭਾਰ ਹੈ ਕਿ ਮੇਰੀ ਜ਼ਮੀਨ ਜਾਇਦਾਦ ਵੀ ਗਈ ਅਤੇ ਮੈਂ ਅਮਰੀਕਾ ਤੋਂ ਡਿਪੋਰਟ ਵੀ ਹੋ ਗਿਆ ਹਾਂ।"
ਕਿਸਾਨ ਆਗੂ ਨੇ ਕਿਹਾ ਕਿ ਸਾਡੀ ਜਥੇਬੰਦੀ ਇਸ ਪਰਿਵਾਰ ਦੀ ਹਰ ਤਰੀਕੇ ਨਾਲ ਮਦਦ ਕਰੇਗੀ। ਜਿੱਥੇ ਵੀ ਇਨ੍ਹਾਂ ਨੂੰ ਲੋੜ ਪਈ ਅਸੀਂ ਇਸ ਪਰਿਵਾਰ ਦੇ ਨਾਲ ਖੜ੍ਹਾਂਗੇ। ਜੇਕਰ ਸਾਨੂੰ ਪ੍ਰਸ਼ਾਸਨ ਜਾਂ ਏਜੰਟ ਦੇ ਘਰ ਬਾਹਰ ਧਰਨਾ ਦੇਣਾ ਪਿਆ ਤਾਂ ਅਸੀਂ ਇਸ ਪਰਿਵਾਰ ਦੇ ਨਾਲ ਧਰਨਾ ਦੇਵਾਂਗੇ ਤੇ ਇਨ੍ਹਾਂ ਦੇ ਪੈਸੇ ਵਾਪਿਸ ਕਰਵਾਕੇ ਰਹਾਂਗੇ। ਕਿਸਾਨ ਆਗੂ ਨੇ ਕਿਹਾ ਕਿ ਏਜੰਟ ਦਾ ਪੂਰਾ ਪਰਿਵਾਰ ਹੀ ਕ੍ਰਿਮੀਨਲ ਹੈ, ਉਸ ਨੇ ਇਸ ਇਲਾਕੇ ਵਿੱਚ ਕਈ ਤਰ੍ਹਾਂ ਦੀਆਂ ਠੱਗੀਆਂ ਮਾਰੀਆਂ ਹਨ। ਉਹ ਆਪਣੇ ਆਪ ਨੂੰ ਕਿਸਾਨ ਆਗੂ ਵੀ ਦੱਸਦਾ ਹੈ ਜਿਸ ਕਰਕੇ ਸਾਡੇ ਵੱਲੋਂ ਐੱਸਕੇਐੱਮ ਨੂੰ ਵੀ ਇਤਲਾਹ ਕਰ ਦਿੱਤੀ ਗਈ ਹੈ।

ਸਰਕਾਰ ਵੀ ਪੀੜਤ ਪਰਿਵਾਰਾਂ ਦੀ ਕਰੇ ਮਦਦ
ਫਰਮਾਨ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਏਜੰਟ ਨੇ ਹੋਰ ਵੀ ਕਈ ਤਰ੍ਹਾਂ ਦੇ ਲੋਕਾਂ ਨਾਲ ਧੋਖੇ ਕੀਤੇ ਹਨ। ਉਸਨੇ ਲੋਕਾਂ ਨਾਲ ਧੋਖਾ ਨਾਲ ਕਰਕੇ ਇੱਕ ਨਵੀਂ ਜਥੇਬੰਦੀ ਬਣਾਈ ਬੀਕੇਯੂ ਤੋਤੇਵਾਲ, ਜਿਸਦਾ ਉਹ ਸੂਬਾ ਪ੍ਰਧਾਨ ਬਣਿਆ ਅਤੇ ਐੱਸਕੇਐੱਮ ਦੇ ਵਿੱਚ ਉਸਨੇ ਐਂਟਰੀ ਲਈ ਹੈ। ਐੱਸਕੇਐੱਮ ਨੇ ਉਸ ਵਕਤ ਭਖਦੇ ਅੰਦੋਲਨ ਵਿੱਚ ਗੌਰ ਨਹੀਂ ਕੀਤੀ, ਪਰ ਹੁਣ ਐੱਸਕੇਐੱਮ ਵੱਲੋਂ ਵੀ ਉਸਦੀ ਪੂਰੀ ਤਫ਼ਤੀਸ ਕੀਤੀ ਜਾਵੇਗੀ ਅਤੇ ਉਸ 'ਤੇ ਕਾਨੂੰਨੀ ਕਾਰਵਾਈ ਜਾਵੇਗੀ। ਸਰਕਾਰ ਦਾ ਫਰਜ਼ ਬਣਦਾ ਹੈ ਕਿ ਡਿਪੋਰਟ ਹੋਏ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਵੇ, ਇਨ੍ਹਾਂ ਨੂੰ ਕੋਈ ਮਾਲੀ ਪੈਕੇਜ ਦੇਵੇ, ਜਿਸ ਨਾਲ ਇਨ੍ਹਾਂ ਦਾ ਰੁਜ਼ਗਾਰ ਚੱਲ ਸਕੇ।
ਦੱਸ ਦਈਏ ਕਿ ਨੌਜਵਾਨ ਜਸਵਿੰਦਰ ਸਿੰਘ ਚੰਗੇ ਭਵਿੱਖ ਦੀ ਭਾਲ ਲਈ 24 ਦਸੰਬਰ ਨੂੰ ਅਮਰੀਕਾ ਗਿਆ ਸੀ। 27 ਜਨਵਰੀ ਨੂੰ ਉਹ ਮੈਕਸੀਕੋ ਬਾਰਡਰ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਇਆ ਸੀ। ਇਸ ਤੋਂ ਪਹਿਲਾਂ ਇੱਕ ਕਿਸ਼ਤੀ ਵਿੱਚ 20 ਨੌਜਵਾਨਾਂ ਨੇ ਸਵਾਰ ਹੋ ਕੇ ਕਈ ਨਹਿਰਾਂ ਪਾਰ ਕੀਤੀਆਂ ਅਤੇ ਕਈ ਦਿਨ ਜੰਗਲਾਂ ਵਿੱਚ ਵੀ ਪੈਦਲ ਵੀ ਤੁਰੇ। ਨੌਜਵਾਨ ਨੇ ਦੱਸਿਆ ਕਿ ਜਦੋਂ ਸਾਨੂੰ ਕੈਂਪ ਵਿਚ ਰੱਖਿਆ ਗਿਆ ਤਾਂ ਉੱਥੇ ਕਮਰੇ ਵਿੱਚ ਠੰਢੀਆਂ ਹਵਾਵਾਂ ਛੱਡ ਦਿੱਤੀਆਂ ਜਾਂਦੀਆਂ ਸਨ ਅਤੇ ਸਾਡੇ ਕੱਪੜੇ ਵੀ ਲਵਾ ਦਿੱਤੇ ਜਾਂਦੇ ਸਨ। ਜਦੋਂ ਸਾਨੂੰ ਡਿਪੋਰਟ ਕਰਕੇ ਭੇਜਿਆ ਗਿਆ ਤਾਂ ਡਿਟੈਕਸ਼ਨ ਸੈਂਟਰ ਤੋਂ ਹੀ ਉਸ ਦੇ ਹੱਥਾਂ ਨੂੰ ਹੱਥਕੜੀਆਂ ਲਗਾ ਦਿੱਤੀਆਂ ਗਈਆਂ ਸਨ ਅਤੇ ਜਹਾਜ਼ ਵਿੱਚ ਵੀ ਇਸੇ ਤਰ੍ਹਾਂ ਹੀ ਬਿਠਾ ਕੇ ਲਿਆਂਦਾ ਗਿਆ।
- "ਲੋਈ ਤੇ ਲੱਡੂਆਂ ਦੇ ਡੱਬੇ ਦਾ ਕੀ ਕਰਾਂ, ਮੈਨੂੰ ਕਮਰਾ ਪਾ ਦਿਓ" ਆਜ਼ਾਦੀ ਘੁਲਾਟੀਏ ਦੇ ਪੁੱਤ ਨੇ ਲਾਈ ਸਰਕਾਰ ਤੋਂ ਗੁਹਾਰ
- "ਇਹ ਤੂੰ ਹੀ ਕਰ ਸਕਦੀ", ਟੀਚਰ ਤੋਂ ਬਾਈਕ ਰਾਈਡਰ ਬਣੀ 42 ਸਾਲ ਦੀ ਮਹਿਲਾ, ਦੇਖੋ ਤਸਵੀਰਾਂ ਤੇ ਸਫ਼ਰ ਦੀ ਵੀਡੀਓ
- VIDEO: ਚੰਡੀਗੜ੍ਹ ਪੁਲਿਸ ਅਤੇ ਕੇਂਦਰੀ ਰਾਜ ਮੰਤਰੀ ਦੇ ਸੁਰੱਖਿਆ ਕਰਮੀਆਂ ਵਿਚਾਲੇ ਝੜਪ, CM ਮਾਨ ਨੂੰ ਮਿਲਣ ਜਾ ਰਹੇ ਸਨ ਰਵਨੀਤ ਬਿੱਟੂ