ਅੰਮ੍ਰਿਤਸਰ:ਪੰਚਾਇਤੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਵੱਖ-ਵੱਖ ਉਮੀਦਵਾਰਾਂ ਵੱਲੋਂ ਲਗਾਤਾਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਲੋੜੀਂਦੇ ਜ਼ਰੂਰੀ ਕਾਗਜ਼ਾਤ ਮੁਹੱਈਆ ਕਰਵਾਉਣ ਦੀ ਬਜਾਏ ਬਲਾਕ ਅਧਿਕਾਰੀਆਂ ਦੇ ਉੱਤੇ ਦਬਾਅ ਬਣਾ ਕੇ ਉਹਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਬਲਾਕ ਦਫਤਰ ਜੰਡਿਆਲਾ ਗੁਰੂ ਵਿਖੇ ਕਾਂਗਰਸੀ ਉਮੀਦਵਾਰਾਂ ਵੱਲੋਂ ਪੰਚੀ ਅਤੇ ਸਰਪੰਚੀ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਲੋੜੀਦੇ ਐਨ.ਓ.ਸੀ, ਚੁੱਲ੍ਹਾ ਟੈਕਸ ਸਮੇਤ ਹੋਰ ਕਾਗਜ਼ਾਤ ਨਾ ਮਿਲਣ ਦੇ ਉੱਤੇ ਬੀਡੀਪੀਓ ਜੰਡਿਆਲਾ ਗੁਰੂ ਦੇ ਖਿਲਾਫ ਰੋਸ ਦਾਖਲ ਕੀਤਾ ਗਿਆ।
ਪੰਚਾਇਤੀ ਚੋਣਾਂ ਦੌਰਾਨ ਤਕਰਾਰ (ETV BHARAT) ਸਾਬਕਾ ਕਾਂਗਰਸੀ ਵਿਧਾਇਕ ਦੇ BDPO 'ਤੇ ਇਲਜ਼ਾਮ
ਇਸ ਦੌਰਾਨ ਕਾਂਗਰਸੀ ਸਰਪੰਚੀ ਉਮੀਦਵਾਰਾਂ ਨੂੰ ਖੱਜਲ ਖੁਆਰ ਕਰਨ ਦੇ ਦੋਸ਼ ਲਗਾਉਂਦੇ ਹੋਏ ਸਾਬਕਾ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਪੰਚਾਇਤੀ ਚੋਣਾਂ ਦੇ ਵਿੱਚ ਉਹਨਾਂ ਦੀਆਂ ਪੰਚਾਇਤਾਂ ਨਾ ਬਣਦੀਆਂ ਦੇਖ ਕੇ ਬੁਖਲਾਹਟ ਦੇ ਵਿੱਚ ਹੈ। ਉਨ੍ਹਾਂ ਕਿਹਾ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਕਰਨਾ ਚਾਹੁੰਦੇ, ਇਸ ਦੇ ਨਾਲ ਹੀ ਇਸ ਬੋਖਲਾਹਟ ਨੂੰ ਦੇਖਦੇ ਹੋਏ 'ਆਪ' ਵੱਲੋਂ ਸਰਕਾਰੀ ਅਫਸਰਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ।
ਸੱਤਾਧਾਰੀ ਪਾਰਟੀ ਕਰ ਰਹੀ ਧੱਕੇਸ਼ਾਹੀ: ਡੈਨੀ
ਸਾਬਕਾ ਵਿਧਾਇਕ ਨੇ ਕਿਹਾ ਕਿ ਕਾਂਗਰਸੀ-ਅਕਾਲੀ ਪਾਰਟੀ ਦੇ ਨਾਲ ਸੰਬੰਧਿਤ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰਵਾਉਣ ਤੋਂ ਰੋਕਣ ਦੇ ਲਈ ਉਹਨਾਂ ਨੂੰ ਬਲਾਕ ਦਫਤਰ ਦੇ ਅਧਿਕਾਰੀਆਂ ਰਾਹੀਂ ਖੱਜਲ ਖੁਆਰ ਕੀਤਾ ਜਾ ਰਿਹਾ ਹੈ, ਤਾਂ ਜੋ ਕਾਂਗਰਸ ਦੇ ਜੁਝਾਰੂ ਉਮੀਦਵਾਰ ਪਿੰਡਾਂ ਦੇ ਵਿੱਚ ਇਲੈਕਸ਼ਨ ਹੀ ਨਾ ਲੜ ਸਕਣ ਅਤੇ ਸਰਕਾਰ ਧੱਕੇ ਕਰਕੇ 'ਆਪ' ਨਾਲ ਸੰਬੰਧਿਤ ਉਮੀਦਵਾਰਾਂ ਦੀਆਂ ਪੰਚਾਇਤਾਂ ਬਣਾ ਸਕੇ। ਉਹਨਾਂ ਕਿਹਾ ਕਿ ਅਜਿਹਾ ਬਿਲਕੁਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇਕਰ ਕਾਂਗਰਸ ਦੇ ਕਿਸੇ ਇੱਕ ਉਮੀਦਵਾਰ ਦੇ ਨਾਲ ਵੀ ਧੱਕੇਸ਼ਾਹੀ ਹੋਵੇਗੀ ਤਾਂ ਉਸ ਧੱਕੇਸ਼ਾਹੀ ਦੇ ਖਿਲਾਫ ਡੱਟ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
BDPO ਨੇ ਇਲਜ਼ਾਮਾਂ ਨੂੰ ਨਕਾਰਿਆ
ਉਧਰ ਕਾਂਗਰਸ ਪਾਰਟੀ ਦੇ ਇੰਨ੍ਹਾਂ ਇਲਜ਼ਾਮਾਂ ਦੇ ਉੱਤੇ ਬੀਡੀਪੀਓ ਜੰਡਿਆਲਾ ਗੁਰੂ ਨੇ ਕਿਹਾ ਕਿ ਬਲਾਕ ਅਧਿਕਾਰੀਆਂ ਵੱਲੋਂ ਕਿਸੇ ਵੀ ਉਮੀਦਵਾਰ ਦੇ ਨਾਲ ਵਿਤਕਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਿਉਂ-ਜਿਉਂ ਉਹਨਾਂ ਦੇ ਦਫਤਰ ਦੇ ਵਿੱਚ ਉਮੀਦਵਾਰਾਂ ਦੀਆਂ ਫਾਈਲਾਂ ਪਹੁੰਚ ਰਹੀਆਂ ਹਨ ਤਾਂ ਉਹਨਾਂ ਫਾਈਲਾਂ ਦੀ ਘੋਖ ਪੜਤਾਲ ਕਰਨ ਤੋਂ ਬਾਅਦ ਐਨਓਸੀ, ਚੁੱਲ੍ਹਾ ਟੈਕਸ ਅਤੇ ਬਣਦੇ ਕਾਗਜ਼ਾਂ ਤੋਂ ਉਮੀਦਵਾਰਾਂ ਨੂੰ ਜਾਰੀ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀਆਂ ਅਤੇ ਵਿਰੋਧੀ ਪਾਰਟੀਆਂ ਦੀ ਆਪਸੀ ਰੰਜਿਸ਼ ਦੇ ਵਿਚਾਲੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ।