ਲੁਧਿਆਣਾ: ਨਗਰ ਨਿਗਮ ਚੋਣਾਂ ਨੂੰ ਲੈ ਕੇ 19 ਦਸੰਬਰ ਨੂੰ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਇਸ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਆਪਣੀ ਪੂਰੀ ਵਾਹ ਲਗਾਈ ਜਾ ਰਹੀ ਹੈ। ਇਸ ਵਿਚਾਲੇ ਲੁਧਿਆਣਾ ਦੇ ਵਾਰਡ ਨੰਬਰ 30 ਤੋਂ ਭਾਜਪਾ ਦੇ ਉਮੀਦਵਾਰ ਵਿੱਕੀ ਸਹੋਤਾ ਵੱਲੋਂ ਆਪਣੇ ਅਤੇ ਆਪਣੇ ਭਰਾ 'ਤੇ ਹਮਲਾ ਕਰਨ ਦੇ ਇਲਜ਼ਾਮ ਆਮ ਆਦਮੀ ਪਾਰਟੀ 'ਤੇ ਲਗਾਏ ਗਏ ਹਨ। ਉਨ੍ਹਾਂ ਆਖਿਆ ਕਿ ਪ੍ਰਚਾਰ ਦੇ ਦੌਰਾਨ ਡਾਕਟਰ ਅੰਬੇਡਕਰ ਕਲੋਨੀ ਵਾਰਡ ਨੰਬਰ 30 ਵਿੱਚ ਉਨ੍ਹਾਂ 'ਤੇ ਵਿਨੇ ਸਭਰਵਾਲ ਅਤੇ ਉਸ ਦੇ ਸਾਥੀਆਂ ਵੱਲੋਂ ਹਮਲਾ ਕੀਤਾ ਗਿਆ।
ਹਮਲੇ ਦੀ ਲਾਈਵ ਵੀਡੀਓ ਵਾਇਰਲ
ਭਾਜਪਾ ਉਮੀਦਵਾਰ ਵਿੱਕੀ ਸਹੋਤਾ ਨੇ ਕਿਹਾ ਕਿ ਹਮਲੇ ਦੀ ਲਾਈਵ ਵੀਡੀਓ ਵੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਪ੍ਰਚਾਰ ਦੇ ਦੌਰਾਨ ਵੀਡੀਓ ਬਣਾ ਰਹੇ ਸਨ, ਤਾਂ ਉਸ ਵੇਲੇ ਹੀ ਇਹ ਹਮਲਾ ਹੋਇਆ ਅਤੇ ਸਾਰਾ ਘਟਨਾਕ੍ਰਮ ਲਾਈਵ ਕੈਮਰੇ ਅੰਦਰ ਕੈਦ ਕੀਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਸਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਦੀ ਗੱਲ ਆਖੀ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਧੱਕਾ ਕਰ ਰਹੇ ਹਨ।
'ਆਮ ਆਦਮੀ ਪਾਰਟੀ ਦੀ ਗੁੰਡਾਗਰਦੀ'
ਵਿੱਕੀ ਨੇ ਕਿਹਾ ਕਿ ਕੇਂਦਰੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਇਸ ਵਿੱਚ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਾ ਹੀ ਅਸੀਂ ਕਹਿ ਚੁੱਕੇ ਹਾਂ ਕਿ ਆਪ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣੀ ਹਾਰ ਨੂੰ ਵੇਖਦੇ ਹੋਏ ਗੁੰਡਾਗਰਦੀ 'ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਜੋ ਉਮੀਦਵਾਰ ਉਨ੍ਹਾਂ ਦੇ ਖਿਲਾਫ ਖੜੇ ਹਨ, ਉਸ ਦੇ ਦਸਤਾਵੇਜ਼ ਰੱਦ ਕਰ ਦੇਣੇ ਚਾਹੀਦੇ ਹਨ।
ਨਗਰ ਨਿਗਮ ਦੀਆਂ ਚੋਣਾਂ ਕਦੋਂ ?
ਦੱਸ ਦਈਏ ਕਿ 21 ਦਸੰਬਰ ਯਾਨੀ ਸ਼ਨੀਵਾਰ ਨੂੰ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋਣੀ ਹੈ। ਇਨ੍ਹਾਂ ਚੋਣਾਂ ਦੇ ਨਤੀਜੇ ਵੀ ਉਸੇ ਦਿਨ ਸ਼ਾਮ ਨੂੰ ਐਲਾਨ ਜਾਣਗੇ। ਅੱਜ ਯਾਨੀ 19 ਦਸੰਬਰ, ਦੁਪਹਿਰ ਤੱਕ ਚੋਣ ਪ੍ਰਚਾਰ ਥੰਮ ਜਾਵੇਗਾ।