ਲੁਧਿਆਣਾ : ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ 15 ਅਕਤੂਬਰ ਨੂੰ ਪੰਚਾਇਤਾਂ ਲਈ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਵੱਲੋਂ ਇਸ 'ਤੇ ਸਵਾਲ ਖੜੇ ਕਰਨ ਵੀ ਸ਼ੁਰੂ ਕਰ ਦਿੱਤੇ ਗਏ ਹਨ। ਕਾਂਗਰਸ ਦੇ ਬੁਲਾਰੇ ਅਤੇ ਸਾਬਕਾ ਐਮਐਲਏ ਕੁਲਦੀਪ ਸਿੰਘ ਵੈਦ ਨੇ ਕਿਹਾ ਹੈ ਕਿ ਸਰਕਾਰ ਇੱਕ ਸਾਲ ਲੇਟ ਚੋਣਾਂ ਕਰਵਾ ਰਹੀ ਹੈ। ਇੱਕ ਸਾਲ ਪਹਿਲਾ ਹੀ ਇਹ ਪੰਚਾਇਤੀ ਚੋਣਾਂ ਹੋ ਜਾਣੀਆਂ ਚਾਹੀਦੀਆਂ ਸਨ ਜਿਸ ਕਰਕੇ ਪਿੰਡਾਂ ਦਾ ਵਿਕਾਸ ਕਾਫੀ ਰੁਕਿਆ ਹੈ। ਉੱਥੇ ਹੀ ਉਹਨਾਂ ਕਿਹਾ ਕਿ ਸਾਡੀ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਹੈ।
ਆਪ ਸਰਕਾਰ ਦੀ ਨੀਅਤ 'ਤੇ ਸ਼ੱਕ, ਕਾਂਗਰਸ ਉਮੀਦਵਾਰਾਂ ਨੂੰ ਸਲਾਹ
ਕੁਲਦੀਪ ਵੈਦ ਨੇ ਕਿਹਾ ਕਿ ਸਰਕਾਰ ਵੱਲੋਂ ਜਰੂਰ ਕੁਝ ਪਿੰਡਾਂ ਵਿੱਚ ਜਿੱਥੇ ਕਾਂਗਰਸ ਦੇ ਸਰਪੰਚ ਤਕੜੇ ਸਨ, ਉੱਥੇ ਜਾਂ ਤਾਂ ਸੀਟ ਰਿਜ਼ਰਵ ਕਰ ਦਿੱਤੀ ਗਈ ਹੈ ਜਾਂ ਫਿਰ ਮਹਿਲਾ ਸੀਟ ਐਲਾਨ ਕਰ ਦਿੱਤੀ ਗਈ ਹੈ, ਇਹ ਹੇਰ ਫੇਰ ਜਰੂਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਰ ਫਿਰ ਵੀ ਅਸੀਂ ਤਕੜੇ ਹੋ ਕੇ ਇਨ੍ਹਾਂ ਚੋਣਾਂ ਵਿੱਚ ਹਿੱਸਾ ਲਵਾਂਗੇ। ਉਹਨਾਂ ਕਿਹਾ ਕਿ ਗਿੱਲ ਹਲਕੇ ਵਿੱਚ 155 ਪਿੰਡ ਆਉਂਦੇ ਹਨ। ਕੁਲਦੀਪ ਵੈਦ ਨੇ ਕਿਹਾ ਕਿ ਅਸੀਂ ਸਾਰੇ ਸਰਪੰਚ ਉਮੀਦਵਾਰ ਨੂੰ ਕਹਿ ਚੁੱਕੇ ਹਨ ਕਿ ਉਹ ਆਪਣੇ ਨਾਮਜ਼ਦਗੀਆਂ ਕਰਵਾਉਣ ਜਾਣ ਸਮੇਂ ਵੀਡੀਓਗ੍ਰਾਫੀ ਜਰੂਰ ਕਰਵਾਉਣ।