ਅਬੂਜਾ:ਨਾਈਜੀਰੀਆ ਦੇ ਉੱਤਰ ਵਿੱਚ ਨਾਈਜਰ ਨਦੀ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਕਿਸ਼ਤੀ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਲਾਪਤਾ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਸ਼ਾਮਲ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਿਸ਼ਤੀ ਕੋਗੀ ਰਾਜ ਤੋਂ ਨਾਈਜਰ ਰਾਜ ਦੇ ਇੱਕ ਫੂਡ ਮਾਰਕੀਟ ਜਾ ਰਹੀ ਸੀ । ਕਿਸ਼ਤੀ ਵਿੱਚ ਕਰੀਬ 200 ਲੋਕ ਸਵਾਰ ਸਨ।
ਸ਼ੁੱਕਰਵਾਰ ਸ਼ਾਮ ਤੱਕ 27 ਲਾਸ਼ਾਂ ਬਰਾਮਦ
ਨਾਈਜਰ ਸਟੇਟ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਬੁਲਾਰੇ ਇਬਰਾਹਿਮ ਔਡੂ ਦੇ ਅਨੁਸਾਰ, ਬਚਾਅ ਕਰਮਚਾਰੀਆਂ ਨੇ ਸ਼ੁੱਕਰਵਾਰ ਸ਼ਾਮ ਤੱਕ 27 ਲਾਸ਼ਾਂ ਬਰਾਮਦ ਕੀਤੀਆਂ ਹਨ। ਕੋਗੀ ਸਟੇਟ ਐਮਰਜੈਂਸੀ ਸਰਵਿਸਿਜ਼ ਦੇ ਬੁਲਾਰੇ ਸੈਂਡਰਾ ਮੋਸੇਸ ਨੇ ਕਿਹਾ ਕਿ ਸਥਾਨਕ ਗੋਤਾਖੋਰ ਹੋਰ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ ਪਰ ਹਾਦਸੇ ਦੇ ਕਰੀਬ 12 ਘੰਟੇ ਬਾਅਦ ਕੋਈ ਵੀ ਜ਼ਿੰਦਾ ਨਹੀਂ ਮਿਲਿਆ।
ਕਿਸ਼ਤੀ ਓਵਰਲੋਡ ਹੋਣ ਕਾਰਨ ਹਾਦਸੇ ਦਾ ਖ਼ਦਸ਼ਾ
ਅਧਿਕਾਰੀਆਂ ਨੇ ਡੁੱਬਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸਥਾਨਕ ਮੀਡੀਆ ਨੇ ਸੁਝਾਅ ਦਿੱਤਾ ਹੈ ਕਿ ਕਿਸ਼ਤੀ ਓਵਰਲੋਡ ਹੋ ਸਕਦੀ ਹੈ। ਨਾਈਜੀਰੀਆ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਕਿਸ਼ਤੀਆਂ 'ਤੇ ਲੋਕਾਂ ਦੀ ਓਵਰਲੋਡਿੰਗ ਆਮ ਗੱਲ ਹੈ, ਜਿੱਥੇ ਚੰਗੀਆਂ ਸੜਕਾਂ ਦੀ ਘਾਟ ਕਾਰਨ ਬਹੁਤ ਸਾਰੇ ਲੋਕਾਂ ਕੋਲ ਕੋਈ ਬਦਲਵਾਂ ਰਸਤਾ ਨਹੀਂ ਹੈ। ਰਾਜ ਵਿੱਚ ਨਾਈਜੀਰੀਆ ਦੀ ਰਾਸ਼ਟਰੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਕਾਰਜਾਂ ਦੇ ਇੰਚਾਰਜ ਜਸਟਿਨ ਉਵਾਜੂਰੋਨੀ ਦੇ ਅਨੁਸਾਰ, ਬਚਾਅ ਟੀਮਾਂ ਸ਼ੁੱਕਰਵਾਰ ਤੋਂ ਬਾਅਦ ਕਈ ਘੰਟਿਆਂ ਤੱਕ ਡੁੱਬੀ ਕਿਸ਼ਤੀ ਦੀ ਸਥਿਤੀ ਦਾ ਪਤਾ ਲਗਾਉਣ ਲਈ ਸੰਘਰਸ਼ ਕਰਦੀਆਂ ਰਹੀਆਂ।