ਹੈਦਰਾਬਾਦ:ਭੋਜਨ ਸਰੀਰ ਨੂੰ ਊਰਜਾ ਦੇਣ ਦਾ ਕੰਮ ਕਰਦਾ ਹੈ। ਬਹੁਤ ਸਾਰੇ ਲੋਕ ਭੁੱਖ ਨਾ ਲੱਗਣ ਦੇ ਬਾਵਜੂਦ ਵੀ ਖਾਣ ਲੱਗਦੇ ਹਨ। ਅਜਿਹਾ ਕਰਨ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਭੁੱਖ ਨਾ ਲੱਗਣ ਤੋਂ ਬਾਅਦ ਵੀ ਤੁਹਾਡਾ ਕੁਝ ਖਾਣ ਨੂੰ ਮਨ ਕਰ ਰਿਹਾ ਹੈ, ਤਾਂ ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਖੁਦ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਇਨ੍ਹਾਂ ਕਾਰਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ।
ਜ਼ਿਆਦਾ ਭੋਜਨ ਖਾਣ ਪਿੱਛੇ ਕਾਰਨ:
- ਇਹ ਸਮੱਸਿਆ ਸਹੀ ਭੋਜਨ ਨਾ ਲੈਣ ਕਾਰਨ ਹੋ ਸਕਦੀ ਹੈ। ਕੁਝ ਲੋਕ ਸਹੀ ਤਰੀਕੇ ਨਾਲ ਭੋਜਨ ਨਹੀਂ ਖਾਂਦੇ। ਇਸ ਨਾਲ ਭੁੱਖ ਨਾ ਲੱਗਣ ਤੋਂ ਬਾਅਦ ਵੀ ਕੁਝ ਨਾ ਕੁਝ ਖਾਣ ਨੂੰ ਮਨ ਕਰਦਾ ਰਹਿੰਦਾ ਹੈ।
- ਰਾਤ ਦੇ ਖਾਣੇ ਤੋਂ ਬਾਅਦ ਸਨੈਕਸ ਖਾਣ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ।
- ਤਣਾਅ, ਮਾਨਸਿਕ ਚਿੰਤਾ, ਇਕੱਲਤਾ, ਨਕਾਰਾਤਮਕ ਵਿਚਾਰ ਆਦਿ ਨੂੰ ਵੀ ਭੁੱਖ ਦੀ ਭਾਵਨਾ ਦਾ ਕਾਰਨ ਮੰਨਿਆ ਜਾਂਦਾ ਹੈ।
ਇਸ ਦਾ ਸਿਹਤ 'ਤੇ ਕੀ ਪ੍ਰਭਾਵ ਪੈਂਦਾ ਹੈ?: ਭੁੱਖ ਨਾ ਲੱਗਣ ਤੋਂ ਬਾਅਦ ਭੋਜਨ ਖਾਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਸਮੱਸਿਆਵਾਂ ਹੇਠ ਲਿਖੇ ਅਨੁਸਾਰ ਹਨ:-
- ਸਰੀਰ ਵਿੱਚ ਵਾਧੂ ਕੈਲੋਰੀ ਸ਼ਾਮਲ ਹੋਵੇਗੀ ਅਤੇ ਭਾਰ ਵਧੇਗਾ।
- ਜ਼ਿਆਦਾ ਭਾਰ ਜਾਂ ਮੋਟਾਪੇ ਕਾਰਨ ਹਾਈਪਰਟੈਨਸ਼ਨ, ਸ਼ੂਗਰ, ਕਾਰਡੀਓਵੈਸਕੁਲਰ ਰੋਗ ਅਤੇ ਕੁਝ ਕਿਸਮ ਦੇ ਕੈਂਸਰ ਹੋਣ ਦੀ ਸੰਭਾਵਨਾ ਰਹਿੰਦੀ ਹੈ।
- ਕਈ ਮਾਨਸਿਕ ਸਮੱਸਿਆਵਾਂ ਹੋ ਸਕਦੀਆਂ ਹਨ।
ਜ਼ਿਆਦਾ ਭੋਜਨ ਖਾਣ ਤੋਂ ਕਿਵੇਂ ਬਚੀਏ:
- ਜੇਕਰ ਭੋਜਨ ਖਾਣ ਤੋਂ ਬਾਅਦ ਵੀ ਤੁਹਾਡਾ ਕੁਝ ਖਾਣ ਨੂੰ ਮਨ ਕਰ ਰਿਹਾ ਹੈ, ਤਾਂ ਪਹਿਲਾ ਚੈੱਕ ਕਰ ਲਓ ਕਿ ਤੁਹਾਨੂੰ ਭੁੱਖ ਲੱਗੀ ਹੈ ਜਾਂ ਨਹੀਂ।
- ਆਪਣੇ ਭੋਜਨ 'ਚ ਸਹੀ ਪੋਸ਼ਣ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾਓ। ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਖੁਰਾਕ ਨੂੰ ਸ਼ਾਮਲ ਕਰੋ। ਇਸ ਨਾਲ ਤੁਹਾਡਾ ਪੇਟ ਭਰਿਆ ਰਹੇਗਾ।
- ਨਿਯਮਤ ਕਸਰਤ, ਧਿਆਨ ਅਤੇ ਡੂੰਘੇ ਸਾਹ ਲੈਣ ਦੀ ਕਸਰਤ ਕਰਨੀ ਚਾਹੀਦੀ ਹੈ। ਇਸ ਨਾਲ ਤਣਾਅ ਅਤੇ ਭਾਵਨਾਵਾਂ ਨੂੰ ਕਾਬੂ ਰੱਖਣ ਵਿੱਚ ਮਦਦ ਮਿਲੇਗੀ ਅਤੇ ਜ਼ਿਆਦਾ ਖਾਣ ਦੀ ਇੱਛਾ ਘੱਟ ਜਾਂਦੀ ਹੈ।
- ਹਾਈਡਰੇਟਿਡ ਰਹਿਣ ਲਈ ਪਾਣੀ ਪੀਓ। ਕਈ ਵਾਰ ਸਰੀਰ ਵਿੱਚ ਪਾਣੀ ਘੱਟ ਹੋਣ 'ਤੇ ਭੁੱਖ ਵਾਂਗ ਮਹਿਸੂਸ ਹੋਣ ਲੱਗਦਾ ਹੈ। ਇਸ ਲਈ ਭੁੱਖ ਲੱਗਣ 'ਤੇ ਪਹਿਲਾਂ ਤਾਜ਼ਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
- ਜਦੋਂ ਬੋਰ ਮਹਿਸੂਸ ਹੋ ਰਿਹਾ ਹੋਵੇ, ਤਾਂ ਵੀ ਕੁਝ ਖਾਣ ਨੂੰ ਮਨ ਕਰਨ ਲੱਗਦਾ ਹੈ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਇਸ਼ਨਾਨ ਕਰੋ ਅਤੇ ਸੰਗੀਤ ਸੁਣੋ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।