ਹੈਦਰਾਬਾਦ: ਹਰ ਸਾਲ 2 ਅਪ੍ਰੈਲ ਨੂੰ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿੱਚ ਹੀ ਨਹੀਂ ਸਗੋ ਪੂਰੀ ਦੁਨੀਆ ਵਿੱਚ ਔਟਿਜ਼ਮ ਨੂੰ ਇੱਕ ਆਮ ਬਿਮਾਰੀ ਵਜੋਂ ਨਹੀਂ ਦੇਖਿਆ ਜਾਂਦਾ। ਇਸ ਤੋਂ ਇਲਾਵਾ, ਔਟਿਜ਼ਮ ਇੱਕ ਅਜਿਹੀ ਸਮੱਸਿਆ ਹੈ ਜਿਸਦਾ ਕੋਈ ਕਲੀਨਿਕਲ ਇਲਾਜ ਨਹੀਂ ਹੈ। ਇਸ ਬਿਮਾਰੀ ਨੂੰ ਲੈ ਕੇ ਲੋਕਾਂ ਵਿੱਚ ਇੱਕ ਵੱਖਰੇ ਕਿਸਮ ਦਾ ਰਵੱਈਆ ਦੇਖਣ ਨੂੰ ਮਿਲਦਾ ਹੈ, ਜੋ ਅਣਗਹਿਲੀ, ਹੀਣਤਾ ਅਤੇ ਡਰ ਸਮੇਤ ਕਈ ਨਕਾਰਾਤਮਕ ਭਾਵਨਾਵਾਂ ਨਾਲ ਭਰਿਆ ਹੁੰਦਾ ਹੈ। ਲੋਕ ਜਾਣਦੇ ਹਨ ਕਿ ਔਟਿਜ਼ਮ ਤੋਂ ਪੀੜਤ ਬੱਚੇ ਅਤੇ ਬਾਲਗ ਸਹੀ ਇਲਾਜ, ਵਿਦਿਅਕ ਪ੍ਰੋਗਰਾਮਾਂ ਅਤੇ ਵਿਵਹਾਰ ਸੰਬੰਧੀ ਥੈਰੇਪੀ ਦੀ ਮਦਦ ਨਾਲ ਵੱਡੇ ਪੱਧਰ 'ਤੇ ਸੁਤੰਤਰ ਜੀਵਨ ਜੀ ਸਕਦੇ ਹਨ।
ਦੁਨੀਆ ਭਰ ਦੇ ਲੋਕਾਂ ਨੂੰ ਇਸ ਸਥਿਤੀ, ਇਲਾਜ, ਔਟਿਜ਼ਮ ਵਾਲੇ ਲੋਕਾਂ ਦੇ ਜੀਵਨ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ ਅਤੇ ਇਸ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨ ਲਈ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਹਰ ਸਾਲ 2 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਤਾਂ ਜੋ ਔਟਿਜ਼ਮ ਤੋਂ ਪੀੜਿਤ ਲੋਕ ਵੀ ਸਮਾਜ ਦਾ ਅਹਿਮ ਹਿੱਸਾ ਬਣ ਸਕਣ ਅਤੇ ਆਮ ਲੋਕਾਂ ਵਾਂਗ ਆਪਣੀ ਜ਼ਿੰਦਗੀ ਜੀਅ ਸਕਣ।
ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਦੀ ਮਹੱਤਤਾ ਅਤੇ ਉਦੇਸ਼: ਔਟਿਜ਼ਮ ਬਾਰੇ ਆਮ ਲੋਕਾਂ ਦੀ ਸਮਝ ਨੂੰ ਵਧਾਉਣ, ਇਸ ਬਿਮਾਰੀ ਦੇ ਇਲਾਜ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਦਿਸ਼ਾ ਵਿੱਚ ਯਤਨ ਕਰਨ ਲਈ ਵਿਅਕਤੀਗਤ ਪੱਧਰ 'ਤੇ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕਰਨ ਲਈ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਔਟਿਜ਼ਮ ਬਾਰੇ ਨਾ ਸਿਰਫ਼ ਗਿਆਨ ਅਤੇ ਜਾਗਰੂਕਤਾ ਵਧਾਉਣ ਲਈ ਸਗੋਂ ਇਸ ਸਬੰਧੀ ਲੋਕਾਂ ਵਿੱਚ ਪ੍ਰਚਲਿਤ ਗਲਤ ਧਾਰਨਾਵਾਂ ਨੂੰ ਦੂਰ ਕਰਨ, ਔਟਿਜ਼ਮ ਤੋਂ ਪੀੜਿਤ ਲੋਕਾਂ ਪ੍ਰਤੀ ਸਮਾਜਿਕ ਅਲੱਗ-ਥਲੱਗ ਅਤੇ ਵਿਤਕਰੇ ਦੀ ਭਾਵਨਾ ਨੂੰ ਦੂਰ ਕਰਨ ਲਈ ਉਪਰਾਲੇ ਕੀਤੇ ਜਾਣ, ਲੋਕਾਂ ਦਾ ਧਿਆਨ ਉਨ੍ਹਾਂ ਦੀਆਂ ਲੋੜਾਂ ਵੱਲ ਖਿੱਚਣ, ਬਿਹਤਰ ਸਿਹਤ ਸੰਭਾਲ, ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਵੀ ਇਸ ਸਮਾਗਮ ਦੇ ਮੁੱਖ ਉਦੇਸ਼ਾਂ ਵਿੱਚ ਸ਼ਾਮਲ ਹਨ।
ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਦਾ ਇਤਿਹਾਸ:ਵਰਨਣਯੋਗ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਨੇ 1 ਨਵੰਬਰ 2007 ਨੂੰ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ, ਔਟਿਜ਼ਮ ਵਾਲੇ ਲੋਕਾਂ ਨੂੰ ਆਰਾਮਦਾਇਕ ਜੀਵਨ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਸਮਾਜ ਨਾਲ ਜੋੜਨ ਦੇ ਉਪਰਾਲੇ ਦੀ ਭਾਵਨਾ ਨਾਲ ਇੱਕ ਮਤਾ ਪਾਸ ਕੀਤਾ ਸੀ, ਜਿਸ ਨੂੰ 18 ਦਸੰਬਰ 2007 ਨੂੰ ਪ੍ਰਵਾਨ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਹਰ ਸਾਲ 2 ਅਪ੍ਰੈਲ ਨੂੰ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ।
ਔਟਿਜ਼ਮ ਨਾਲ ਸਬੰਧਤ ਮਹੱਤਵਪੂਰਨ ਗੱਲਾਂ:
- ਔਟਿਜ਼ਮ ਵਾਲੇ ਲੋਕਾਂ ਵਿੱਚ ਵਿਵਹਾਰ, ਸੰਚਾਰ, ਰੋਸ਼ਨੀ, ਆਵਾਜ਼, ਛੋਹਣ, ਗੰਧ ਜਾਂ ਸੁਆਦ ਪ੍ਰਤੀ ਸੰਵੇਦਨਸ਼ੀਲਤਾ, ਦੁਹਰਾਉਣ ਵਾਲਾ ਵਿਵਹਾਰ ਜਿਵੇਂ ਕਿ ਇੱਕੋ ਗੱਲ ਨੂੰ ਕਈ ਵਾਰ ਕਹਿਣਾ ਜਾਂ ਇੱਕੋ ਚੀਜ਼ ਨੂੰ ਵਾਰ-ਵਾਰ ਕਰਨ ਵਰਗੀਆ ਕਈ ਹੋਰ ਸਮੱਸਿਆਵਾਂ ਦੇਖਣ ਨੂੰ ਮਿਲ ਸਕਦੀਆਂ ਹਨ।
- ਔਟਿਜ਼ਮ ਸਪੈਕਟ੍ਰਮ ਡਿਸਆਰਡਰ ਤੋਂ ਪੀੜਤ ਦਾ ਵਿਵਹਾਰ ਅਤੇ ਸੋਚਣ ਦੀ ਯੋਗਤਾ ਦੂਜਿਆਂ ਨਾਲੋਂ ਵੱਖਰੀ ਹੁੰਦੀ ਹੈ। ਅਜਿਹੇ ਲੋਕਾਂ ਨੂੰ ਦੂਜਿਆਂ ਦੇ ਸਰੀਰਕ ਹਾਵ-ਭਾਵ ਜਿਵੇਂ ਕਿ ਚਿਹਰੇ ਅਤੇ ਆਵਾਜ਼ ਦੇ ਹਾਵ-ਭਾਵਾਂ ਨੂੰ ਸਮਝਣ ਵਿੱਚ ਮੁਸ਼ਕਲ ਹੋ ਸਕਦੀ ਹੈ।
- ਔਟਿਜ਼ਮ ਵਾਲੇ ਲੋਕਾਂ ਵਿੱਚ ਵੱਖ-ਵੱਖ ਲੱਛਣ ਅਤੇ ਪ੍ਰਭਾਵ ਦੇਖੇ ਜਾ ਸਕਦੇ ਹਨ, ਜਿਵੇਂ ਕਿ ਲੱਛਣ ਕੁਝ ਲੋਕਾਂ ਵਿੱਚ ਹਲਕੇ ਅਤੇ ਕੁਝ ਵਿੱਚ ਗੰਭੀਰ ਹੋ ਸਕਦੇ ਹਨ।
- ਔਟਿਜ਼ਮ ਦੇ ਲੱਛਣ ਛੋਟੀ ਉਮਰ ਵਿੱਚ ਹੀ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ। ਛੋਟੇ ਬੱਚਿਆਂ ਵਿੱਚ ਔਟਿਜ਼ਮ ਦੇ ਲੱਛਣ ਜਨਮ ਦੇ 12 ਤੋਂ 18 ਹਫ਼ਤਿਆਂ ਬਾਅਦ ਦਿਖਾਈ ਦਿੰਦੇ ਹਨ।
- ਔਟਿਜ਼ਮ ਦੇ ਹਰ ਕੇਸ ਵਿੱਚ ਨਿਦਾਨ ਅਤੇ ਪ੍ਰਬੰਧਨ ਲਈ ਵੱਖ-ਵੱਖ ਕਿਸਮਾਂ ਦੀ ਥੈਰੇਪੀ ਜਾਂ ਇਲਾਜ ਯੋਜਨਾ ਦੀ ਲੋੜ ਹੁੰਦੀ ਹੈ।
- ਇਹ ਜੀਵਨ ਭਰ ਦੀ ਸਥਿਤੀ ਹੈ। ਪਰ ਛੇਤੀ ਨਿਦਾਨ ਅਤੇ ਸਹੀ ਪ੍ਰਬੰਧਨ ਨਾਲ ਮਰੀਜ਼ ਕਾਫੀ ਹੱਦ ਤੱਕ ਬਿਹਤਰ ਜੀਵਨ ਜੀ ਸਕਦੇ ਹਨ।