ਹੈਦਰਾਬਾਦ: ਛਾਤੀ ਦਾ ਕੈਂਸਰ ਔਰਤਾਂ 'ਚ ਹੋਣ ਵਾਲਾ ਆਮ ਕੈਂਸਰ ਹੈ। ਇਸ ਕੈਂਸਰ ਦੇ ਮਾਮਲੇ ਔਰਤਾਂ 'ਚ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਇਹ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ। ਛਾਤੀ ਦੇ ਕੈਂਸਰ ਹੋਣ ਦੇ ਅਲੱਗ-ਅਲੱਗ ਕਾਰਨ ਹੋ ਸਕਦੇ ਹਨ। ਮੋਟਾਪਾ, ਗਲਤ ਜੀਵਨਸ਼ੈਲੀ ਅਤੇ ਮੇਨੋਪੌਜ਼ ਤੋਂ ਬਾਅਦ ਸਰੀਰ 'ਚ ਹੋਣ ਵਾਲੇ ਬਦਲਾਅ ਕੈਂਸਰ ਦੇ ਖਤਰੇ ਨੂੰ ਵਧਾ ਸਕਦੇ ਹਨ। ਇਸ ਲਈ ਤੁਹਾਨੂੰ ਆਪਣੇ ਬਚਾਅ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਛਾਤੀ ਦੇ ਕੈਂਸਰ ਦੀ ਸਮੱਸਿਆ ਪਿੱਛੇ ਕਾਰਨ: ਗਲਤ ਜੀਵਨਸ਼ੈਲੀ ਕਾਰਨ ਤੁਸੀਂ ਛਾਤੀ ਦੇ ਕੈਂਸਰ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਜੇਕਰ ਤੁਹਾਡੀ ਜੀਵਨਸ਼ੈਲੀ ਖਰਾਬ ਹੈ, ਤਾਂ ਇਸ ਬਿਮਾਰੀ ਦਾ ਖਤਰਾ ਵੱਧ ਸਕਦਾ ਹੈ। ਜਿਹੜੀਆਂ ਔਰਤਾਂ ਮੋਟਾਪੇ ਦੀ ਸਮੱਸਿਆ ਤੋਂ ਪੀੜਿਤ ਹੁੰਦੀਆਂ ਹਨ, ਉਨ੍ਹਾਂ 'ਚ ਛਾਤੀ ਦੇ ਕੈਂਸਰ ਦੀ ਸਮੱਸਿਆ ਨੂੰ ਦੇਖਿਆ ਜਾ ਸਕਦਾ ਹੈ। ਸ਼ਰਾਬ ਪੀਣ, ਪ੍ਰੋਸੈਸਡ ਫੂਡ, ਜ਼ਿਆਦਾ ਸ਼ੂਗਰ ਵਾਲੀ ਖੁਰਾਕ ਅਤੇ ਗਲਤ ਖੁਰਾਕ ਖਾਣ ਨਾਲ ਮੋਟਾਪਾ ਅਤੇ ਛਾਤੀ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ।
ਜੇਕਰ ਤੁਸੀਂ ਪ੍ਰੋਸੈਸਡ ਮੀਟ, ਟ੍ਰਾਂਸ ਫੈਟ ਅਤੇ ਸ਼ੂਗਰ ਆਦਿ ਦਾ ਜ਼ਿਆਦਾ ਸੇਵਨ ਕਰਦੇ ਹੋ, ਤਾਂ ਤੁਹਾਡੇ ਸਰੀਰ 'ਚ ਸੋਜ ਵੱਧ ਸਕਦੀ ਹੈ। ਸੋਜ ਵੱਧਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਹੋ ਸਕਦਾ ਹੈ। ਜੇਕਰ ਤੁਸੀਂ ਫਲ ਅਤੇ ਸਬਜ਼ੀਆਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹੋ, ਤਾਂ ਇਸ ਬਿਮਾਰੀ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
ਛਾਤੀ ਦੇ ਕੈਂਸਰ ਤੋਂ ਬਚਾਅ ਲਈ ਕੁਝ ਜ਼ਰੂਰੀ ਗੱਲਾਂ:
- ਛਾਤੀ ਦੇ ਕਾਂਸਰ ਤੋਂ ਬਚਾਅ ਲਈ ਤੁਸੀਂ ਆਪਣੀ ਖੁਰਾਕ 'ਚ ਪੌਸ਼ਟਿਕ ਅਤੇ ਸੰਤੁਲਿਤ ਭੋਜਨਾਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਲਈ ਫੈਟੀ ਫਿਸ਼, ਹਰੀਆਂ ਸਬਜ਼ੀਆਂ, ਬੇਰੀ ਆਦਿ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।
- ਕੈਂਸਰ ਤੋਂ ਬਚਣ ਲਈ ਭਾਰ ਨੂੰ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ। ਭਾਰ ਘੱਟ ਕਰਨ ਲਈ ਆਪਣੀ ਖੁਰਾਕ ਵੱਲ ਧਿਆਨ ਦਿਓ ਅਤੇ ਯੋਗਾ ਕਰੋ। ਤੁਸੀਂ ਰੋਜ਼ਾਨਾ ਅੱਧੇ ਤੋਂ ਇੱਕ ਘੰਟੇ ਤੱਕ ਯੋਗਾ ਕਰ ਸਕਦੇ ਹੋ। ਅਜਿਹਾ ਕਰਕੇ ਤੁਸੀਂ ਫਿੱਟ ਰਹੋਗੇ ਅਤੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
- ਜੇਕਰ ਤੁਸੀਂ ਸ਼ੂਗਰ ਦੀ ਸਮੱਸਿਆ ਤੋਂ ਪੀੜਿਤ ਹੋ, ਤਾਂ ਤੁਹਾਨੂੰ ਛਾਤੀ ਦੇ ਕੈਂਸਰ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸ਼ੂਗਰ ਨੂੰ ਕੰਟਰੋਲ 'ਚ ਰੱਖਣ ਦੀ ਕੋਸ਼ਿਸ਼ ਕਰੋ ਅਤੇ ਸ਼ੂਗਰ ਦੇ ਪੱਧਰ ਦੀ ਜਾਂਚ ਕਰਵਾਉਦੇ ਰਹੋ।
- ਜੇਕਰ ਤੁਸੀਂ ਹਾਰਮੋਨਲ ਰਿਪਲੇਸਮੈਂਟ ਥੈਰੇਪੀ ਲੈ ਰਹੇ ਹੋ ਜਾਂ ਗਰਭ ਨਿਰੋਧਕ ਗੋਲੀਆਂ ਲੈ ਰਹੇ ਹੋ, ਤਾਂ ਇਸਦੇ ਮਾੜੇ ਪ੍ਰਭਾਵਾਂ ਬਾਰੇ ਡਾਕਟਰ ਨਾਲ ਗੱਲ ਕਰੋ।