ਲੁਧਿਆਣਾ: ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ। ਇਸ ਦੌਰਾਨ ਵਿਦਿਆਰਥੀ ਅਕਸਰ ਹੀ ਤਣਾਅ ਵਿੱਚ ਰਹਿੰਦੇ ਹਨ, ਭਾਵੇਂ ਕਿ ਉਨ੍ਹਾਂ ਨੇ ਪੂਰਾ ਸਾਲ ਪੜ੍ਹਾਈ ਕੀਤੀ ਹੋਵੇ ਜਾਂ ਨਾ, ਪਰ ਪੇਪਰ ਸ਼ਬਦ ਹੀ ਕਈਆਂ ਲਈ ਤਣਾਅ ਬਣ ਜਾਂਦਾ ਹੈ। ਖਾਸ ਕਰਕੇ ਜਿਹੜੇ ਵਿਦਿਆਰਥੀ ਪੂਰੇ ਸਾਲ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਨਤੀਜਿਆਂ ਨੂੰ ਲੈਕੇ ਕਾਫੀ ਡਰ ਰਹਿੰਦਾ ਹੈ ਅਤੇ ਇਸੇ ਕਰਕੇ ਪੇਪਰ ਦੀ ਤਿਆਰੀ ਹੋਣ ਦੇ ਬਾਵਜੂਦ ਵੀ ਕਈ ਵਾਰ ਪ੍ਰੀਖਿਆ ਪੂਰੀ ਨਹੀਂ ਕਰ ਪਾਉਂਦੇ ਜਾਂ ਫਿਰ ਉਮੀਦ ਦੇ ਮੁਤਾਬਿਕ ਨਤੀਜੇ ਹਾਸਿਲ ਨਹੀਂ ਕਰ ਪਾਉਂਦੇ। ਇਸ ਦਾ ਸਭ ਤੋਂ ਵੱਡਾ ਕਾਰਨ ਦਬਾਅ (Pressure) ਹੈ, ਜੋ ਕਿ ਅਕਸਰ ਹੀ ਵਿਦਿਆਰਥੀਆਂ ਉੱਤੇ ਉਨ੍ਹਾਂ ਦਿਨਾਂ ਵਿੱਚ ਰਹਿੰਦਾ ਹੈ।
ਇਸ ਸਬੰਧੀ ਸਾਡੀ ਟੀਮ ਵੱਲੋਂ ਲੁਧਿਆਣਾ ਵਿਖੇ ਮਨਰੋਗ ਮਾਹਿਰ ਡਾਕਟਰ ਰੁਪੇਸ਼ ਚੌਧਰੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਬੱਚਿਆਂ ਨੂੰ ਕੁਝ ਨੁਕਤੇ ਦੱਸੇ ਹਨ ਜਿਸ ਨਾਲ ਉਹ ਨਾ ਸਿਰਫ ਤਣਾਅ ਮੁਕਤ ਹੋ ਕੇ ਪ੍ਰੀਖਿਆ ਦੇ ਸਕਦੇ ਹਨ, ਸਗੋਂ ਚੰਗੇ ਨਤੀਜੇ ਵੀ ਹਾਸਿਲ ਕਰ ਸਕਦੇ ਹਨ।
ਨੀਂਦ ਪੂਰੀ ਹੋਣੀ ਜ਼ਰੂਰੀ, ਪੜ੍ਹਾਈ ਲਈ ਬਣਾਓ ਟਾਈਮ ਟੇਬਲ
ਡਾਕਟਰ ਰੁਪੇਸ਼ ਚੌਧਰੀ ਡੀਐੱਮਸੀ ਵਿੱਚ ਬਤੌਰ ਮਨੋਰੋਗ ਮਾਹਿਰ ਕਈ ਸਾਲ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰੀਖਿਆਵਾਂ ਵਿੱਚ ਅਕਸਰ ਹੀ ਮਾਤਾ ਪਿਤਾ ਦੀਆਂ ਉਮੀਦਾਂ ਬੱਚਿਆਂ ਨੂੰ ਲੈ ਕੇ ਕਾਫੀ ਵੱਧ ਜਾਂਦੀਆਂ ਹਨ। ਜਿਸ ਕਰਕੇ ਬੱਚੇ ਤਣਾਅ ਵਿੱਚ ਆ ਜਾਂਦੇ ਹਨ। ਕਦੇ ਵੀ ਆਪਣੇ ਬੱਚਿਆਂ ਦੀ ਕਿਸੇ ਹੋਰ ਦੇ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ, "ਪ੍ਰੀਖਿਆ ਦੇ ਦਿਨਾਂ ਵਿੱਚ ਨੀਂਦ ਪੂਰੀ ਕਰਨੀ ਬੇਹਦ ਜਰੂਰੀ ਹੈ। 7 ਤੋਂ 8 ਘੰਟੇ ਦੀ ਨੀਂਦ ਤੁਹਾਨੂੰ ਤਣਾਅ ਮੁਕਤ ਕਰਦੀ ਹੈ।"
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ "ਜੇਕਰ ਆਪਣੇ ਦਿਮਾਗ ਨੂੰ ਤਰੋ ਤਾਜਾ ਰੱਖਣਾ ਹੈ, ਤਾਂ ਉਸ ਲਈ ਵਰਜਿਸ਼ ਕੀਤੀ ਜਾਵੇ। ਮੈਡੀਟੇਸ਼ਨ ਕੀਤੀ ਜਾਵੇ ਜਾਂ ਯੋਗਾ ਕੀਤਾ ਜਾਵੇ। ਕਦੇ ਵੀ ਲਗਾਤਾਰ ਨਹੀਂ ਪੜ੍ਹਨਾ ਚਾਹੀਦਾ, ਪੜ੍ਹਾਈ ਲਈ ਸਿਲੇਬਸ ਮੁਤਾਬਕ ਟਾਈਮ ਟੇਬਲ ਬਣਾਉਣਾ ਚਾਹੀਦਾ ਹੈ। ਖਾਸ ਕਰਕੇ ਰਾਤ ਦੇ ਸਮੇਂ ਜਿਆਦਾ ਪੜਨ ਦੀ ਲੋੜ ਨਹੀਂ। ਰਾਤ ਨੂੰ ਨੀਂਦ ਲੈਣੀ ਬੇਹਦ ਜ਼ਰੂਰੀ ਹੈ ਅਤੇ ਜੋ ਤੁਹਾਨੂੰ ਸਿਲੇਬਸ ਆਉਂਦਾ ਹੈ, ਜੇਕਰ ਉਸ ਨੂੰ ਹੀ ਕਵਰ ਕਰ ਲਿਆ ਜਾਵੇ, ਤਾਂ ਉਹੀ ਕਾਫੀ ਹੁੰਦਾ।"