ਬਠਿੰਡਾ: HMP ਵਾਇਰਸ ਦੇ ਫੈਲਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਭਾਵੇਂ ਭਾਰਤ ਵਿੱਚ ਇਸ ਦੇ ਕਈ ਕੇਸ ਸਾਹਮਣੇ ਆ ਚੁੱਕੇ ਹਨ, ਪਰ ਹਾਲੇ ਇਸ ਵਾਇਰਸ ਨੇ ਪੰਜਾਬ ਸੂਬੇ ਵਿੱਚ ਦਸਤਕ ਨਹੀਂ ਦਿੱਤੀ ਹੈ। ਪਰ, ਇਸ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਨਜ਼ਰ ਆ ਰਿਹਾ ਹੈ। ਭਾਵੇਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਇਸ ਵਾਇਰਸ ਨੂੰ ਲੈ ਕੇ ਕੋਈ ਵਿਸ਼ੇਸ਼ ਵਾਰਡ ਨਹੀਂ ਬਣਾਇਆ ਗਿਆ, ਪਰ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਬਕਾਇਦਾ HMP VIRUS (Human metapneumovirus Virus) ਲਈ ਵਿਸ਼ੇਸ਼ ਵਾਰਡ ਬਣਾਇਆ ਗਿਆ ਹੈ, ਤਾਂ ਜੋ ਕੋਈ ਕੇਸ ਸਾਹਮਣੇ ਆਉਣ ਉੱਤੇ ਉਸ ਮਰੀਜ਼ ਨੂੰ ਹੋਰਨਾਂ ਲੋਕਾਂ ਤੋਂ ਵੱਖਰਾ ਰੱਖਿਆ ਜਾ ਸਕੇ ਅਤੇ ਉਸ ਦਾ ਇਲਾਜ ਕੀਤਾ ਜਾ ਸਕੇ।
ਵਾਇਰਸ ਤੋਂ ਬੱਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ
ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਸੀਨੀਅਰ ਡਾਕਟਰ ਹਰਸ਼ਿਤ ਨੇ ਦੱਸਿਆ ਕਿ ਐਚਐਮਪੀ ਵਾਇਰਸ ਕੋਈ ਵੱਖਰਾ ਵਾਇਰਸ ਨਹੀਂ ਹੈ, ਪਰ ਇਸ ਤੋਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਇਹ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਖੰਘ ਜੁਖਾਮ ਅਤੇ ਇੱਕ ਦੂਜੇ ਨਾਲ ਹੱਥ ਮਿਲਾਉਣ ਨਾਲ ਫੈਲਦਾ ਹੈ। ਇਸ ਲਈ ਜੋ ਵੀ ਵਿਅਕਤੀ ਖੰਘ-ਜੁਖਾਮ ਤੋਂ ਪੀੜਤ ਹਨ, ਉਨ੍ਹਾਂ ਨੂੰ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇੱਕ ਦੂਜੇ ਨਾਲ ਹੱਥ ਮਿਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਅਜਿਹੇ ਵਿਅਕਤੀਆਂ ਨੂੰ ਹੱਥ ਨੂੰ ਸੈਨੀਟਾਈਜ਼ ਨਾਲ ਸਾਫ ਕਰਨੇ ਚਾਹੀਦੇ ਹਨ।