ਚੰਡੀਗੜ੍ਹ:ਪੰਜਾਬੀ ਸਿਨੇਮਾ ਦੀਆਂ ਚਰਚਿਤ ਅਤੇ ਸਫਲਤਮ ਫਿਲਮਾਂ ਵਿੱਚ ਸ਼ੁਮਾਰ ਰਹੀਆਂ ਹਨ ਪੰਜਾਬੀ ਫਿਲਮਾਂ 'ਮਿਸਟਰ ਐਂਡ ਮਿਸਿਜ਼ 420' ਅਤੇ 'ਮਿਸਟਰ ਐਂਡ ਮਿਸਿਜ਼ 420 ਰਿਟਰਨ', ਜਿੰਨਾਂ ਦੇ ਹੀ ਤੀਸਰੇ ਸੀਕਵਲ ਦੇ ਰੂਪ ਵਿੱਚ ਸਾਹਮਣੇ ਆਉਣ ਜਾ ਰਹੀ ਹੈ 'ਮਿਸਟਰ ਐਂਡ ਮਿਸਿਜ਼ 420 ਅਗੇਨ', ਜੋ ਅੱਜ ਸੈੱਟ ਉਤੇ ਪੁੱਜ ਗਈ ਹੈ, ਜਿਸ ਦਾ ਨਿਰਦੇਸ਼ਨ ਪਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਸ਼ਿਤਿਜ਼ ਚੌਧਰੀ ਵੱਲੋਂ ਕੀਤਾ ਜਾ ਰਿਹਾ ਹੈ।
'ਫਰਾਈਡੇ ਰਸ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਕਾਮੇਡੀ-ਡਰਾਮਾ ਫਿਲਮ ਦਾ ਨਿਰਮਾਣ ਰੂਪਾਲੀ ਗੁਪਤਾ ਵੱਲੋਂ ਕੀਤਾ ਜਾ ਰਿਹਾ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਵੱਡੀਆਂ ਪੰਜਾਬੀ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ ਉਕਤ ਸੀਰੀਜ਼ ਫਿਲਮਾਂ ਤੋਂ ਇਲਾਵਾ ਮਰਹੂਮ ਸਿੱਧੂ ਮੂਸੇਵਾਲਾ ਸਟਾਰਰ 'ਮੂਸਾ ਜੱਟ' ਵੀ ਸ਼ੁਮਾਰ ਰਹੀ ਹੈ।
ਪਾਲੀਵੁੱਡ ਦੀਆਂ ਵਜ਼ੂਦ ਵਿੱਚ ਅਉਣ ਜਾ ਰਹੀਆਂ ਬਹੁ-ਚਰਚਿਤ ਪੰਜਾਬੀ ਫਿਲਮਾਂ ਵਿੱਚ ਸ਼ਾਮਿਲ ਉਕਤ ਫਿਲਮ ਦਾ ਲੇਖਣ ਨਰੇਸ਼ ਕਥੂਰੀਆ ਕਰ ਰਹੇ ਹਨ, ਜੋ ਹਾਲੀਆਂ ਸਮੇਂ ਦੌਰਾਨ ਸਾਹਮਣੇ ਆਈਆਂ 'ਕੈਰੀ ਆਨ ਜੱਟਾ 3', 'ਹਨੀਮੂਨ' ਅਤੇ 'ਸ਼ਿੰਦਾ ਸ਼ਿੰਦਾ ਨੋ ਪਾਪਾ' ਜਿਹੀਆਂ ਕਈ ਸੁਪਰ ਡੁਪਰ ਹਿੱਟ ਫਿਲਮਾਂ ਦਾ ਵੀ ਲੇਖਨ ਕਰ ਚੁੱਕੇ ਹਨ, ਜਿਸ ਤੋਂ ਇਲਾਵਾ ਉਨ੍ਹਾਂ ਵੱਲੋਂ ਹੀ ਲਿਖੀਆਂ 'ਮਿਸਟਰ ਐਂਡ ਮਿਸਿਜ਼ 420' ਅਤੇ 'ਮਿਸਟਰ ਐਂਡ ਮਿਸਿਜ਼ 420 ਰਿਟਰਨ' ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਬੀਤੇ ਦਿਨੀਂ ਕੀਤੀ ਗਈ ਅਨਾਊਂਸਮੈਂਟ ਉਪਰੰਤ ਹੀ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਦੀ ਸਟਾਰ-ਕਾਸਟ ਅਤੇ ਹੋਰਨਾਂ ਪਹਿਲੂਆਂ ਦਾ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ, ਜਿਸ ਸੰਬੰਧੀ ਨਿਰਮਾਣ ਹਾਊਸ ਵੱਲੋਂ ਜਾਣਕਾਰੀ ਕਿਸੇ ਵੀ ਸਮੇਂ ਸਾਂਝੀ ਕੀਤੀ ਜਾ ਸਕਦੀ ਹੈ।
ਓਧਰ ਜੇਕਰ ਇਸ ਫਿਲਮ ਨਾਲ ਮੁੜ ਲਾਈਮ ਲਾਈਟ ਦਾ ਹਿੱਸਾ ਬਣੇ ਨਿਰਦੇਸ਼ਕ ਸ਼ਿਤਿਜ਼ ਚੌਧਰੀ ਦੇ ਹੁਣ ਤੱਕ ਦੇ ਕਰੀਅਰ ਗ੍ਰਾਫ਼ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਬਤੌਰ ਨਿਰਦੇਸ਼ਕ ਕੀਤੀਆਂ ਜਿਆਦਾਤਰ ਫਿਲਮਾਂ ਬਾਕਸ ਆਫਿਸ ਉਤੇ ਖਾਸੀ ਕਾਮਯਾਬੀ ਅਤੇ ਚਰਚਾ ਹਾਸਿਲ ਕਰਨ ਵਿੱਚ ਸਫ਼ਲ ਰਹੀਆਂ ਹਨ, ਜਿੰਨਾਂ ਵਿੱਚ 'ਪਰਿੰਦਾ ਪਾਰ ਗਿਆ', 'ਖਾਓ ਪੀਓ ਐਸ਼ ਕਰੋ', 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਓ ਅ', 'ਵੇਖ ਬਰਾਤਾਂ ਚੱਲੀਆਂ', 'ਸਹੁਰਿਆਂ ਦਾ ਪਿੰਡ', 'ਜੱਟ ਇਨ ਗੋਲਮਾਲ' ਆਦਿ ਸ਼ੁਮਾਰ ਰਹੀਆਂ ਹਨ, ਜਿਸ ਤੋਂ ਇਲਾਵਾ ਉਨ੍ਹਾਂ ਵੱਲੋਂ ਬਣਾਈ ਗਈ ਇਕ ਹੋਰ ਸੀਕਵਲ ਫਿਲਮ 'ਪ੍ਰਾਹੁਣਾ 2' ਵੀ ਮੁਕੰਮਲ ਹੋ ਚੁੱਕੀ ਹੈ, ਜਿਸ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਵੀ ਇੰਨੀਂ ਦਿਨੀਂ ਤੇਜ਼ੀ ਨਾਲ ਨੇਪਰੇ ਚਾੜ੍ਹੇ ਜਾ ਰਹੇ ਹਨ।