ਚੰਡੀਗੜ੍ਹ:ਪੰਜਾਬੀ ਸਿਨੇਮਾ ਖੇਤਰ ਵਿੱਚ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਅਪਣੀ ਚੌਖੀ ਅਤੇ ਮਾਣਮੱਤੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਨੌਜਵਾਨ ਫਿਲਮਕਾਰ ਜੱਸੀ ਮਾਨ, ਜਿੰਨ੍ਹਾਂ ਵੱਲੋਂ ਅਪਣੀ ਨਵੀਂ ਅਤੇ ਅਰਥ-ਭਰਪੂਰ ਪੰਜਾਬੀ ਫਿਲਮ 'ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ' ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ, ਜਿਸ ਨੂੰ ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ।
'ਇਜੀ ਵੇ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਮਾਲਵਾ ਅਤੇ ਹੋਰਨਾਂ ਵੱਖ-ਵੱਖ ਹਿੱਸਿਆਂ ਵਿੱਚ ਪੂਰੀ ਕੀਤੀ ਗਈ ਹੈ, ਜਿਸ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਮੁੰਬਈ ਵਿਖੇ ਤੇਜ਼ੀ ਨਾਲ ਜਾਰੀ ਹਨ, ਜਿੰਨ੍ਹਾਂ ਦੇ ਸੰਪੂਰਨ ਹੋਣ ਉਪਰੰਤ ਨਿਰਮਾਣ ਹਾਊਸ ਵੱਲੋਂ ਫਿਲਮ ਦੀ ਰਿਲੀਜ਼ ਮਿਤੀ ਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ।
ਮਰਹੂਮ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਇੱਕ ਮਕਬੂਲ ਗੀਤ ਦੀਆਂ ਸਤਰਾਂ ਅਧਾਰਿਤ ਇਸ ਦਿਲ-ਟੁੰਬਵੀਂ ਫਿਲਮ ਦੇ ਨਿਰਮਾਤਾ ਗੁਰਤੇਜ ਸੰਧੂ, ਸਹਿ ਨਿਰਮਾਤਾ ਰਣਜੀਤ ਔਲਖ, ਹਰਿੰਦਰ ਸਿੰਘ, ਬਲਰਾਜ ਬਰਾੜ ਹਨ, ਜਦਕਿ ਸਟਾਰ ਕਾਸਟ ਵਿੱਚ ਧੀਰਜ ਕੁਮਾਰ, ਦਕਸ਼ਅਜੀਤ ਸਿੰਘ, ਨਵਕਿਰਨ ਭੱਠਲ, ਸੁਨੀਤਾ ਧੀਰ, ਜਗਮੀਤ ਕੌਰ, ਅਸ਼ੀਸ਼ ਦੁੱਗਲ, ਸੁੱਖੀ ਚਾਹਲ, ਨਗਿੰਦਰ ਗੱਖੜ, ਦਰਸ਼ਨ ਔਲਖ, ਅਰਸ਼ ਹੁੰਦਲ, ਰਿਸ਼ਭ ਮਹਿਤਾ, ਵਿੱਕੀ ਦੇਵ, ਪਰਮ ਵਿਰਕ ਸ਼ਾਮਿਲ ਹਨ, ਜਿੰਨ੍ਹਾਂ ਤੋਂ ਇਲਾਵਾ ਪੂਨਮ ਸੂਦ ਅਤੇ ਪਰਮਵੀਰ ਸਿੰਘ ਵੀ ਮਹਿਮਾਨ ਭੂਮਿਕਾ ਵਿੱਚ ਵਿਖਾਈ ਦੇਣਗੇ।