ਮੁੰਬਈ (ਬਿਊਰੋ): ਮਸ਼ਹੂਰ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਰੋਸ਼ਨ ਸੋਢੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਜੈਨੀਫਰ ਮਿਸਤਰੀ ਬੰਸੀਵਾਲ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਇਸ ਸ਼ੋਅ 'ਚ 15 ਸਾਲ ਤੱਕ ਕੰਮ ਕਰਨ ਵਾਲੀ ਜੈਨੀਫਰ ਨੇ ਇਸ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ 'ਤੇ ਮਾਨਸਿਕ ਅਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਸ਼ੋਅ ਛੱਡ ਦਿੱਤਾ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਅਸਿਤ ਕੁਮਾਰ ਮੋਦੀ, ਸੋਹਿਲ ਰੋਮਾਨੀ ਅਤੇ ਜਤਿਨ ਰਮਾਨੀ ਖਿਲਾਫ ਪੁਲਿਸ ਕੇਸ ਦਰਜ ਕਰਵਾਇਆ ਸੀ। ਲੰਬੇ ਸਮੇਂ ਤੋਂ ਚੱਲ ਰਿਹਾ ਇਹ ਕੇਸ ਜੈਨੀਫਰ ਨੇ ਜਿੱਤ ਲਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ 'ਚ ਸ਼ੋਅ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ ਨੂੰ ਦੋਸ਼ੀ ਪਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਅਦਾਕਾਰਾ ਨੂੰ 25 ਲੱਖ ਰੁਪਏ ਦੀ ਬਕਾਇਆ ਰਾਸ਼ੀ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਖਬਰਾਂ ਮੁਤਾਬਕ ਅਸਿਤ ਖਿਲਾਫ ਮਾਮਲਾ ਦਰਜ ਕਰਨ ਦੇ ਨਾਲ-ਨਾਲ ਜੈਨੀਫਰ ਨੇ ਸ਼ੋਅ ਦੇ ਪ੍ਰੋਜੈਕਟ ਹੈੱਡ ਸੋਹੇਲ ਰੋਮਾਨੀ ਅਤੇ ਐਗਜ਼ੀਕਿਊਟਿਵ ਪ੍ਰੋਡਿਊਸਰ ਜਤਿਨ ਬਜਾਜ 'ਤੇ ਵੀ ਉਸ ਨਾਲ ਦੁਰਵਿਵਹਾਰ ਕਰਨ ਦਾ ਇਲਜ਼ਾਮ ਲਗਾਇਆ ਸੀ।
ਇਸ ਮਾਮਲੇ 'ਚ ਅਦਾਕਾਰਾ ਨੇ ਮਹਾਰਾਸ਼ਟਰ ਸਰਕਾਰ ਅਤੇ ਸਥਾਨਕ ਸ਼ਿਕਾਇਤ ਕਮੇਟੀ ਦੀ ਮਦਦ ਮੰਗੀ ਸੀ। ਰਿਪੋਰਟਾਂ ਮੁਤਾਬਕ ਅਸਿਤ ਨੂੰ ਹੁਣ ਕੰਮ ਵਾਲੀ ਥਾਂ 'ਤੇ ਔਰਤਾਂ ਦਾ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ ਅਤੇ ਨਿਵਾਰਣ) ਐਕਟ 2013 ਦੇ ਤਹਿਤ ਇਸ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ।
ਅਦਾਕਾਰਾ ਦਾ ਇਲਜ਼ਾਮ: ਜੈਨੀਫਰ ਮਿਸਤਰੀ ਬੰਸੀਵਾਲ ਨੇ ਸ਼ੋਅ ਦੇ ਪ੍ਰੋਡਿਊਸਰ ਅਸਿਤ ਮੋਦੀ 'ਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਸੀ। ਅਦਾਕਾਰਾ ਨੇ ਇਲਜ਼ਾਮ ਲਾਇਆ ਕਿ ਅਸਿਤ, ਸੋਹੇਲ ਰਮਾਨੀ ਅਤੇ ਕਾਰਜਕਾਰੀ ਨਿਰਮਾਤਾ ਜਤਿਨ ਬਜਾਜ ਨੇ ਮਿਲ ਕੇ ਉਸ ਨਾਲ ਦੁਰਵਿਵਹਾਰ ਕੀਤਾ।
ਅਦਾਕਾਰਾ ਨੇ ਦੱਸਿਆ ਸੀ ਕਿ ਇਹ ਹੋਲੀ ਵਾਲੇ ਦਿਨ ਹੋਇਆ ਸੀ। ਅਦਾਕਾਰਾ ਨੇ ਇਲਜ਼ਾਮ ਲਾਇਆ ਕਿ ਹੋਲੀ ਵਾਲੇ ਦਿਨ ਉਸ ਨੂੰ ਸੈੱਟ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ ਅਤੇ ਬਾਅਦ ਵਿੱਚ ਸਾਰਿਆਂ ਦੇ ਜਾਣ ਤੋਂ ਬਾਅਦ ਉਸ ਨਾਲ ਦੁਰਵਿਵਹਾਰ ਕੀਤਾ ਗਿਆ, ਜਿਸ ਕਾਰਨ ਉਹ ਪਰੇਸ਼ਾਨ ਹੋ ਗਈ।
ਫਿਰ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਨੇ ਕਿਹਾ ਸੀ, 'ਸੈੱਟ 'ਤੇ ਜੈਨੀਫਰ ਦਾ ਰਵੱਈਆ ਬਿਲਕੁਲ ਵੀ ਚੰਗਾ ਨਹੀਂ ਸੀ, ਉਹ ਆਪਣੇ ਰੋਲ 'ਤੇ ਧਿਆਨ ਨਹੀਂ ਦੇ ਰਹੀ ਸੀ, ਉਸ ਦੀ ਸ਼ਿਕਾਇਤ ਪ੍ਰੋਡਕਸ਼ਨ ਨੂੰ ਵੀ ਕੀਤੀ ਗਈ ਸੀ। ਆਪਣੀ ਸ਼ੂਟਿੰਗ ਦੇ ਆਖਰੀ ਦਿਨ ਉਸ ਨੇ ਬਹੁਤ ਦੁਰਵਿਵਹਾਰ ਕੀਤਾ।' ਅਸਿਤ ਨੇ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ।
ਇਸ ਦੇ ਨਾਲ ਹੀ ਸ਼ੋਅ ਦੀ ਡਾਇਰੈਕਸ਼ਨ ਟੀਮ ਦੇ ਮੈਂਬਰ ਅਰਮਾਨ, ਰਿਸ਼ੀ ਦਵੇ ਅਤੇ ਹਰਸ਼ਦ ਜੋਸ਼ੀ ਨੇ ਕਿਹਾ ਸੀ ਕਿ ਟੀਮ ਨਾਲ ਉਸ ਦਾ ਦੁਰਵਿਹਾਰ ਵੱਧ ਰਿਹਾ ਹੈ। ਜਦੋਂ ਵੀ ਉਹ ਸ਼ੂਟ ਖਤਮ ਕਰਕੇ ਬਾਹਰ ਨਿਕਲਦੀ ਸੀ ਤਾਂ ਉਹ ਕਾਰ ਨੂੰ ਬੜੀ ਤੇਜ਼ੀ ਨਾਲ ਭਜਾ ਲੈਂਦੀ ਸੀ। ਇਸ ਗੱਲ ਦੀ ਵੀ ਪਰਵਾਹ ਨਹੀਂ ਕੀਤੀ ਕਿ ਉਸਦੀ ਕਾਰ ਦੇ ਖੱਬੇ ਜਾਂ ਸੱਜੇ ਪਾਸੇ ਵਾਲੇ ਕਿਸੇ ਨੂੰ ਵੀ ਸੱਟ ਲੱਗ ਸਕਦੀ ਹੈ, ਉਹ ਸੈੱਟ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਉਂਦੀ ਰਹੀ, ਇਸ ਲਈ ਉਸਦੇ ਇਸ ਰਵੱਈਏ ਨੂੰ ਵੇਖਦਿਆਂ ਅਸੀਂ ਉਸਦਾ ਇਕਰਾਰਨਾਮਾ ਖਤਮ ਕਰਨ ਲਈ ਮਜ਼ਬੂਰ ਹੋ ਗਏ, ਉਹ ਬਿਨਾਂ ਕਿਸੇ ਕਾਰਨ ਅਸਿਤ ਨੂੰ ਬਦਨਾਮ ਕਰ ਰਹੀ ਸੀ।