ਚੰਡੀਗੜ੍ਹ: ਪੰਜਾਬੀ ਸਿਨੇਮਾ, ਲਘੂ ਫਿਲਮਾਂ ਅਤੇ ਓਟੀਟੀ ਦੇ ਖੇਤਰ ਵਿੱਚ ਚੌਖੀ ਭੱਲ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਅਮਨਪ੍ਰੀਤ ਕੌਰ, ਜਿਸ ਨੂੰ ਇੰਨੀਂ ਦਿਨੀਂ ਪੰਜਾਬ 'ਚ ਫਿਲਮਾਈ ਜਾ ਰਹੀ ਬਹੁ-ਚਰਚਿਤ ਹਿੰਦੀ ਫਿਲਮ 'ਸੰਨ ਆਫ਼ ਸਰਦਾਰ 2' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿੰਨ੍ਹਾਂ ਵੱਲੋਂ ਇਸ ਫਿਲਮ ਦੀ ਕਾਸਟ ਅਤੇ ਕਰੂ ਨੂੰ ਜੁਆਇੰਨ ਕਰ ਲਿਆ ਗਿਆ ਹੈ।
'ਜਿਓ ਸਟੂਡਿਓਜ਼' ਅਤੇ 'ਦੇਵਗਨ ਫਿਲਮਜ਼' ਵੱਲੋਂ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਉਕਤ ਬਿੱਗ ਸੈੱਟਅੱਪ ਫਿਲਮ ਦੇ ਨਿਰਮਾਤਾ ਅਜੇ ਦੇਵਗਨ, ਜਯੋਤੀ ਦੇਸ਼ਪਾਂਡੇ, ਐਨਆਰ ਪਚੀਸਿਆ, ਪ੍ਰਵੀਨ ਤਰੇਜਾ ਅਤੇ ਕੁਮਾਰ ਮੰਗਤ ਪਾਠਕ ਹਨ, ਜਦਕਿ ਨਿਰਦੇਸ਼ਨ ਕਮਾਂਡ ਵਿਜੇ ਕੁਮਾਰ ਅਰੋੜਾ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ 'ਕਲੀ ਜੋਟਾ', 'ਗੋਡੇ ਗੋਡੇ ਚਾਅ', 'ਹਰਜੀਤਾ' ਜਿਹੀਆਂ ਕਈ ਸੁਪਰ ਡੁਪਰ ਹਿੱਟ ਅਤੇ ਚਰਚਿਤ ਪੰਜਾਬੀ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
ਸਾਲ 2012 ਵਿੱਚ ਰਿਲੀਜ਼ ਹੋਈ 'ਸੰਨ ਆਫ਼ ਸਰਦਾਰ' ਦੇ ਸੀਕਵਲ ਦੇ ਰੂਪ ਵਿੱਚ ਬਣਾਈ ਜਾ ਰਹੀ ਉਕਤ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਅਦਾ ਕਰਨ ਜਾ ਰਹੀ ਹੈ ਅਦਾਕਾਰਾ ਅਮਨਪ੍ਰੀਤ ਕੌਰ, ਜੋ ਸੁਖਵਿੰਦਰ ਰਾਜ, ਅੰਮ੍ਰਿਤ ਅੰਬੀ ਤੋਂ ਬਾਅਦ ਉਕਤ ਫਿਲਮ ਦਾ ਹਿੱਸਾ ਬਣਨ ਵਾਲੀ ਪਾਲੀਵੁੱਡ ਸੰਬੰਧਤ ਤੀਜੀ ਕਲਾਕਾਰਾ ਹੈ, ਜੋ ਮਿਲੇ ਇਸ ਮਾਣਮੱਤੇ ਅਵਸਰ ਨੂੰ ਲੈ ਕੇ ਬੇਹੱਦ ਖੁਸ਼ ਅਤੇ ਉਤਸ਼ਾਹਿਤ ਵੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ 'ਸੰਨ ਆਫ਼ ਸਰਦਾਰ 2' ਦਾ ਹਿੱਸਾ ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਵੀ ਹੈ।
ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਵੱਡੀਆਂ ਪੰਜਾਬੀ ਫਿਲਮਾਂ 'ਚ ਵੀ ਚੁਣੌਤੀਪੂਰਨ ਭੂਮਿਕਾਵਾਂ ਅਦਾ ਕਰ ਚੁੱਕੀ ਹੈ ਇਹ ਹੋਣਹਾਰ ਅਦਾਕਾਰਾ, ਜਿਸ ਵੱਲੋਂ ਕੀਤੀਆਂ ਗਈਆਂ ਇੰਨਾਂ ਫਿਲਮਾਂ ਵਿੱਚ ਬੀਤੇ ਦਿਨੀਂ ਰਿਲੀਜ਼ ਹੋਈ 'ਅਪਣੇ ਘਰ ਬਿਗਾਨੇ' ਤੋਂ ਇਲਾਵਾ ਅਤੇ 'ਤੇਰੀਆਂ ਮੇਰੀਆਂ ਹੇਰਾਫੇਰੀਆਂ', 'ਗੋਡੇ ਗੋਡੇ ਚਾਅ' ਅਤੇ ਓਟੀਟੀ ਫਿਲਮਾਂ 'ਮੁਕਾਮ', 'ਸਬ ਫੜੇ ਜਾਣਗੇ', 'ਰਾਹਦਾਰੀਆਂ' ਆਦਿ ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਸਭਨਾਂ ਵਿੱਚ ਉਸ ਵੱਲੋਂ ਨਿਭਾਈਆਂ ਭੂਮਿਕਾਵਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ ਹੈ।
ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਵੀ ਇੱਕ ਹੋਰ ਨਵੀਂ ਸਿਨੇਮਾ ਪਾਰੀ ਵੱਲ ਵੱਧ ਚੁੱਕੀ ਇਸ ਪ੍ਰਤਿਭਾਵਾਨ ਅਦਾਕਾਰਾ ਦੀਆਂ ਆਗਾਮੀ ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਅੰਬਰਦੀਪ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਗਈ 'ਮਿੱਠੜੇ' ਅਤੇ 'ਵੱਡਾ ਘਰ' ਸ਼ਾਮਿਲ ਹਨ।
ਇਹ ਵੀ ਪੜ੍ਹੋ:
- ਨਿਰਦੇਸ਼ਕ ਸਮੀਪ ਕੰਗ ਨੇ ਆਪਣੀ ਨਵੀਂ ਪੰਜਾਬੀ ਕਾਮੇਡੀ ਫਿਲਮ 'ਖੱਟੀ ਮਿੱਠੀ ਫ਼ੈਮਿਲੀ' ਦਾ ਹਿੱਸਾ ਬਣਾਈ ਇਹ ਅਦਾਕਾਰਾ, ਲੀਡ ਰੋਲ 'ਚ ਆਵੇਗੀ ਨਜ਼ਰ
- 'ਮਰੇ ਹੋਏ ਇਨਸਾਨ ਨੂੰ...', ਆਹ ਗਾਇਕ ਸਿੱਧੂ ਮੂਸੇਵਾਲਾ ਦੇ ਗੀਤਾਂ ਬਾਰੇ ਕੀ ਬੋਲ ਗਏ ਗੀਤਕਾਰ ਜਾਨੀ
- ਇੱਕੋ ਸਮੇਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੀਆਂ ਇਹ ਤਿੰਨ ਪੰਜਾਬੀ ਫਿਲਮਾਂ, ਜਾਣੋ ਕਿਸ ਫਿਲਮ ਨੇ ਕੀਤਾ ਦਰਸ਼ਕਾਂ ਦੇ ਦਿਲਾਂ ਉਤੇ ਕਬਜ਼ਾ