ਚੰਡੀਗੜ੍ਹ:ਹਾਲ ਹੀ ਵਿੱਚ ਰਿਲੀਜ਼ ਹੋਈ ਅਰਥ-ਭਰਪੂਰ ਪੰਜਾਬੀ ਫਿਲਮ 'ਸੰਗਰਾਂਦ' ਦਾ ਅਹਿਮ ਹਿੱਸਾ ਰਹੇ ਬਹੁ-ਪੱਖੀ ਅਦਾਕਾਰ ਗੈਵੀ ਚਾਹਲ ਇੰਨੀਂ ਦਿਨੀਂ ਅਪਣੀ ਨਵੀਂ ਹਿੰਦੀ ਫਿਲਮ 'ਐਸਵੀਐਸ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ, ਜਿੰਨ੍ਹਾਂ ਦੀ ਅਲਹਦਾ ਭੂਮਿਕਾ ਨਾਲ ਸਜੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਇੰਦਰ ਕਰ ਰਹੇ ਹਨ, ਜੋ ਪੰਜਾਬੀ ਅਤੇ ਹਿੰਦੀ ਸਿਨੇਮਾ ਖੇਤਰ ਵਿੱਚ ਬਤੌਰ ਲੇਖਕ ਅਤੇ ਨਿਰਦੇਸ਼ਕ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ।
'ਆਈਪੀਐਸ ਪ੍ਰੋਡੋਕਸ਼ਨ' ਦੇ ਬੈਨਰ ਹੇਠ ਅਤੇ 'ਪੀਬੀ ਫਿਲਮਜ਼-ਗੈਵੀ ਚਾਹਲ ਫਿਲਮਜ਼' ਦੀ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਨੂੰ ਹਿੰਦੀ ਦੇ ਨਾਲ-ਨਾਲ ਹਰਿਆਣਵੀ ਭਾਸ਼ਾ ਵਿੱਚ ਵੀ ਬਣਾਇਆ ਜਾ ਰਿਹਾ ਹੈ, ਜਿਸ ਦੇ ਪਹਿਲੇ ਅਤੇ ਸੰਪੰਨ ਹੋਏ ਸ਼ੈਡਿਊਲ ਦੀ ਸ਼ੂਟਿੰਗ ਰਜਵਾੜਾਸ਼ਾਹੀ ਸ਼ਹਿਰ ਪਟਿਆਲਾ ਦੇ ਬਾਰਾਦਰੀ, ਸਰਕਾਰੀ ਰਜਿੰਦਰਾ ਕਾਲਜ ਅਤੇ ਹੋਰਨਾਂ ਵੱਖ-ਵੱਖ ਹਿੱਸਿਆਂ ਵਿੱਚ ਪੂਰੀ ਕੀਤੀ ਗਈ ਹੈ।
ਆਰਮੀ ਬੈਕ ਡਰਾਪ ਦੁਆਲੇ ਬੁਣੀ ਇਸ ਦਿਲ-ਟੁੰਬਵੀਂ ਅਤੇ ਸਮਾਜਿਕ ਥ੍ਰਿਲਰ-ਡਰਾਮਾ ਫਿਲਮ ਦਾ ਇਹ ਪਹਿਲਾਂ ਪੋਰਸ਼ਨ ਜਿਆਦਾਤਰ ਡਾਰਕ ਜੋਨ ਸ਼ੇਡਜ਼ ਖਾਸ ਕਰ ਰਾਤ ਸਮੇਂ ਦਰਮਿਆਨ ਫਿਲਮਾਇਆ ਗਿਆ ਹੈ, ਜਿਸ ਵਿੱਚ ਫਿਲਮ ਦੇ ਲੀਡ ਐਕਟਰ ਗੈਵੀ ਚਾਹਲ ਸਮੇਤ ਪਾਲੀਵੁੱਡ ਦੇ ਕਈ ਮੰਝੇ ਹੋਏ ਕਲਾਕਾਰਾਂ ਨੇ ਭਾਗ ਲਿਆ, ਜਿੰਨ੍ਹਾਂ ਵਿੱਚ ਪ੍ਰਾਣ ਸੱਭਰਵਾਲ, ਕਰਮ ਕੌਰ ਆਦਿ ਸ਼ਾਮਿਲ ਰਹੇ।
ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਅਲਹਦਾ ਕਰਨ ਲਈ ਯਤਨਸ਼ੀਲ ਨਜ਼ਰ ਆ ਰਹੇ ਅਦਾਕਾਰ ਗੈਵੀ ਚਾਹਲ ਵੱਲੋਂ ਹਾਲ ਹੀ ਵਿੱਚ ਸਾਹਮਣੇ ਆਈਆਂ ਹਿੰਦੀ ਫਿਲਮਾਂ ਸਲਮਾਨ ਖਾਨ ਸਟਾਰਰ 'ਟਾਈਗਰ 3' ਅਤੇ ਸੰਜੇ ਦੱਤ ਨਾਲ 'ਤੋਰਬਾਜ਼' ਵਿੱਚ ਨਿਭਾਈਆਂ ਭੂਮਿਕਾਵਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ, ਜਿਸ ਨਾਲ ਉਤਸ਼ਾਹਿਤ ਹੋਏ ਇਹ ਹੋਣਹਾਰ ਅਦਾਕਾਰ ਇੰਨੀਂ ਦਿਨੀਂ ਕਮਰਸ਼ਿਅਲ ਦੇ ਨਾਲ-ਨਾਲ ਐਕਸਪੈਰੀਮੈਂਟਲ ਫਿਲਮਾਂ ਕਰਨ ਨੂੰ ਵੀ ਖਾਸੀ ਤਵੱਜੋਂ ਦੇ ਰਹੇ ਹਨ।
ਓਧਰ ਫਿਲਮ ਦੇ ਨਿਰਦੇਸ਼ਕ ਇੰਦਰ ਦੀ ਗੱਲ ਕੀਤੀ ਜਾਵੇ ਤਾਂ ਬਤੌਰ ਲੇਖਕ ਜਿੱਥੇ ਉਹ ਕਈ ਵੱਡੀਆਂ ਫਿਲਮਾਂ ਦਾ ਹਿੱਸਾ ਬਣੇ ਹੋਏ ਹਨ, ਉਥੇ ਨਿਰਦੇਸ਼ਕ ਤੌਰ ਉਤੇ ਵੀ ਪੜਾਅ ਦਰ ਪੜਾਅ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਅਪਣੀ ਉਕਤ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲਮ ਦਾ ਅਗਲਾ ਸ਼ੈਡਿਊਲ ਪੰਜਾਬ ਤੋਂ ਬਾਹਰੀ ਹਿੱਸਿਆਂ ਵਿੱਚ ਪੂਰਾ ਕੀਤਾ ਜਾਵੇਗਾ।