ਪੰਜਾਬ

punjab

ETV Bharat / entertainment

ਜੈਸਮੀਨ ਭਸੀਨ ਅਤੇ ਹਿਨਾ ਖਾਨ ਤੋਂ ਬਾਅਦ ਹੁਣ ਤੇਜਸਵੀ ਪ੍ਰਕਾਸ਼ ਨੇ ਵੀ ਕੀਤੀ ਪਾਲੀਵੁੱਡ 'ਚ ਐਂਟਰੀ, ਗਿੱਪੀ ਗਰੇਵਾਲ ਦੇ ਇਸ ਗੀਤ 'ਚ ਆਈ ਨਜ਼ਰ - Tejasswi Prakash In Punjabi Song - TEJASSWI PRAKASH IN PUNJABI SONG

Tejasswi Prakash In Punjabi Song: ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਐਲਬਮ 'ਬਦਮਾਸ਼ੀ' ਰਿਲੀਜ਼ ਕੀਤੀ ਹੈ, ਜਿਸ ਦੇ ਗੀਤ 'ਰਿਵਾਲਵਰ' ਵਿੱਚ ਤੇਜਸਵੀ ਪ੍ਰਕਾਸ਼ ਪੰਜਾਬੀ ਪਹਿਰਾਵੇ ਵਿੱਚ ਠੁਮਕੇ ਲਾਉਂਦੀ ਨਜ਼ਰੀ ਪੈ ਰਹੀ ਹੈ।

Tejasswi Prakash
Tejasswi Prakash (instagram)

By ETV Bharat Entertainment Team

Published : Jun 17, 2024, 12:40 PM IST

ਚੰਡੀਗੜ੍ਹ: ਕਲਰਜ਼ ਚੈਨਲ ਦੇ ਮਸ਼ਹੂਰ ਸ਼ੋਅ 'ਬਿੱਗ ਬੌਸ 15' ਦੀ ਵਿਜੇਤਾ ਰਹੀ ਅਦਾਕਾਰਾ ਤੇਜਸਵੀ ਪ੍ਰਕਾਸ਼ ਛੋਟੇ ਪਰਦੇ ਦੀ ਚਰਚਿਤ ਅਦਾਕਾਰਾ ਦੇ ਤੌਰ ਉਤੇ ਵੀ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ, ਜੋ ਗਿੱਪੀ ਗਰੇਵਾਲ ਦੇ ਰਿਲੀਜ਼ ਹੋ ਰਹੇ ਨਵੇਂ ਗਾਣੇ 'ਰਿਵਾਲਵਰ' ਦੁਆਰਾ ਪਾਲੀਵੁੱਡ ਅਤੇ ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਵਿੱਚ ਵੀ ਸ਼ਾਨਦਾਰ ਆਮਦ ਲਈ ਤਿਆਰ ਹੈ, ਜਿੰਨ੍ਹਾਂ ਦੇ ਖੂਬਸੂਰਤ ਅਭਿਨੈ ਨਾਲ ਸਜਿਆ ਇਹ ਗਾਣਾ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।

ਪੰਜਾਬੀ ਸੰਗੀਤ ਅਤੇ ਸਿਨੇਮਾ ਦੇ ਖੇਤਰ ਵਿੱਚ ਉੱਚਕੋਟੀ ਪਹਿਚਾਣ ਅਤੇ ਵਜ਼ੂਦ ਰੱਖਦੇ ਗਿੱਪੀ ਗਰੇਵਾਲ ਦੀ ਨਵੀਂ ਐਲਬਮ 'ਬਦਮਾਸ਼ੀ' ਇੰਨੀਂ ਦਿਨੀਂ ਸੰਗੀਤਕ ਗਲਿਆਰਿਆਂ ਵਿੱਚ ਕਾਫ਼ੀ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸ ਦੇ ਹੀ ਜਾਰੀ ਹੋਣ ਜਾ ਰਹੇ ਨਵੇਂ ਗਾਣੇ 'ਰਿਵਾਲਵਰ' ਵਿੱਚ ਲੀਡ ਮਾਡਲ ਵਜੋਂ ਨਜ਼ਰ ਆਵੇਗੀ ਤੇਜਸਵੀ ਪ੍ਰਕਾਸ਼, ਜੋ ਅਪਣੇ ਇਸ ਸੰਗੀਤਕ ਵੀਡੀਓ ਅਤੇ ਪੰਜਾਬੀ ਇੰਡਸਟਰੀ ਆਮਦ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਵੀ ਨਜ਼ਰ ਆ ਰਹੀ ਹੈ।

ਟੈਲੀਵਿਜ਼ਨ ਦੀ ਦੁਨੀਆ ਦੇ ਵੱਡੇ ਅਤੇ ਲੋਕਪ੍ਰਿਯ ਚਿਹਰਿਆਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾ ਰਹੀ ਇਹ ਦਿਲਕਸ਼ ਅਦਾਕਾਰਾ ਸੀਰੀਅਲ 'ਸਵਰਾਗਿਨੀ' ਵਿੱਚ ਰਾਗਿਨੀ ਦੀ ਭੂਮਿਕਾ ਲਈ ਵੀ ਜਾਣੀ ਜਾਂਦੀ ਹੈ, ਜਿਸ ਤੋਂ ਇਲਾਵਾ 'ਨਾਗਿਨ 6' ਵਿੱਚ ਪ੍ਰਥਾ ਦੀ ਉਸ ਵੱਲੋਂ ਨਿਭਾਈ ਭੂਮਿਕਾ ਨੂੰ ਵੀ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।

ਬਾਲੀਵੁੱਡ ਵਿੱਚ ਵੀ ਮਜ਼ਬੂਤ ਪੈੜਾਂ ਸਥਾਪਿਤ ਕਰਨ ਵੱਲ ਵੱਧ ਰਹੀ ਇਹ ਬਿਹਤਰੀਨ ਅਦਾਕਾਰਾ ਸਟੰਟ-ਆਧਾਰਿਤ ਸੁਪ੍ਰਸਿੱਧ ਸ਼ੋਅ 'ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 10' ਦਾ ਵੀ ਪ੍ਰਭਾਵੀ ਹਿੱਸਾ ਰਹੀ ਹੈ। ਮਾਇਆਨਗਰੀ ਮੁੰਬਈ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਛਾਅ ਜਾਣ ਵਿੱਚ ਸਫਲ ਰਹੀ ਇਹ ਬਾਕਮਾਲ ਅਦਾਕਾਰਾ ਫਿਲਮ 'ਮਨ ਕਸਤੂਰੀ ਰੇ' ਨਾਲ ਮਰਾਠੀ ਫਿਲਮ ਜਗਤ ਵਿੱਚ ਵੀ ਅਪਣੀਆਂ ਬਹੁ-ਕਲਾਵਾਂ ਦਾ ਲੋਹਾ ਮੰਨਵਾ ਚੁੱਕੀ ਹੈ, ਜਿਸਨੂੰ ਇਸੇ ਫਿਲਮ ਦੇ ਮੱਦੇਨਜ਼ਰ ਫਿਲਮਫੇਅਰ ਮਰਾਠੀ ਐਵਾਰਡਸ ਦੀ ਬੈਸਟ ਫੀਮੇਲ ਡੈਬਿਊ ਲਈ ਵੀ ਨਾਮਜ਼ਦ ਕੀਤਾ ਜਾ ਚੁੱਕਾ ਹੈ।

ਗਲੈਮਰ ਵਰਲਡ ਵਿੱਚ ਅਪਣੇ ਵੱਖਰੇ ਸਵੈਗ, ਮਨਮੋਹਕ ਪਹਿਰਾਵਿਆਂ ਨੂੰ ਲੈ ਕੇ ਚਰਚਾ ਬਟੋਰ ਰਹੀ ਅਦਾਕਾਰਾ ਤੇਜਸਵੀ ਪ੍ਰਕਾਸ਼ ਅਪਣੇ ਕਰੀਅਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਸਮੀਕਰਣਾਂ ਨੂੰ ਲੈ ਕੇ ਅਕਸਰ ਖਿੱਚ ਦਾ ਹਿੱਸਾ ਬਣਦੀ ਆ ਰਹੀ ਹੈ, ਜੋ ਟੀਵੀ ਜਗਤ ਦੇ ਹੀ ਨਾਮਵਰ ਚਿਹਰੇ ਕਰਨ ਕੁੰਦਰਾ ਨਾਲ ਹੀ ਅੱਜਕੱਲ੍ਹ ਜਿਆਦਾਤਰ ਨਜ਼ਰੀ ਪੈਂਦੀ ਹੈ, ਜਿੰਨ੍ਹਾਂ ਦੀ ਇਹ ਖੂਬਸੂਰਤ ਆਨ ਅਤੇ ਆਫ ਸਕ੍ਰੀਨ ਜੋੜੀ ਆਉਣ ਵਾਲੇ ਕੁਝ ਟੀਵੀ ਅਤੇ ਮਿਊਜ਼ਿਕ ਵੀਡੀਓ ਪ੍ਰੋਜੈਕਟਸ ਵਿੱਚ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗੀ।

ਉਕਤ ਦੋਹਾਂ ਦੇ ਨਾਲ ਜੁੜੇ ਕੁਝ ਕਰੀਬੀਆਂ ਅਨੁਸਾਰ ਤੇਜਸਵੀ ਪ੍ਰਕਾਸ਼ ਆਉਣ ਵਾਲੇ ਦਿਨਾਂ ਵਿੱਚ ਪਾਲੀਵੁੱਡ ਫਿਲਮਾਂ ਵਿੱਚ ਵੀ ਬਤੌਰ ਲੀਡ ਅਦਾਕਾਰਾ ਅਪਣੀ ਉਪ-ਸਥਿਤੀ ਦਾ ਇਜ਼ਹਾਰ ਕਰਵਾਏਗੀ, ਜਿਸ ਸੰਬੰਧੀ ਰਸਮੀ ਐਲਾਨਨਾਮਾ ਕਿਸੇ ਵੀ ਵੇਲੇ ਸਾਹਮਣੇ ਆ ਸਕਦਾ ਹੈ।

ABOUT THE AUTHOR

...view details