ਮੁੰਬਈ (ਬਿਊਰੋ): ਟੀਵੀ ਦੇ ਮਸ਼ਹੂਰ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰੂਚਰਨ ਸਿੰਘ ਦਾ ਲਾਪਤਾ ਮਾਮਲਾ ਅੱਗੇ ਵੱਧਦਾ ਜਾ ਰਿਹਾ ਹੈ। ਅਦਾਕਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ।
ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਨੇ ਖੁਦ ਹੀ ਆਪਣੇ ਲਾਪਤਾ ਹੋਣ ਦੀ ਸਾਜ਼ਿਸ਼ ਰਚੀ ਹੈ। ਹੁਣ ਪੁਲਿਸ ਇਸ ਮਾਮਲੇ 'ਚ ਵੱਡਾ ਕਦਮ ਚੁੱਕਣ ਜਾ ਰਹੀ ਹੈ। ਪੁਲਿਸ 'ਤਾਰਕ ਮਹਿਤਾ ਕਾ ਉਲਟ ਚਸ਼ਮਾ' ਦੇ ਸਾਰੇ ਕਲਾਕਾਰਾਂ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੁਰੂਚਰਨ ਦਿੱਲੀ ਤੋਂ ਮੁੰਬਈ ਲਈ ਰਵਾਨਾ ਹੋਇਆ ਸੀ ਅਤੇ ਨਾ ਤਾਂ ਮੁੰਬਈ ਪਹੁੰਚਿਆ ਅਤੇ ਨਾ ਹੀ ਵਾਪਸ ਦਿੱਲੀ ਗਿਆ। ਹੁਣ ਇਸ ਮਾਮਲੇ 'ਚ ਦਿੱਲੀ ਪੁਲਿਸ ਦੇ ਕੁਝ ਅਧਿਕਾਰੀ ਮੁੰਬਈ ਪਹੁੰਚ ਗਏ ਹਨ। ਦਿੱਲੀ ਪੁਲਿਸ 'ਤਾਰਕ ਮਹਿਤਾ ਕਾ ਉਲਟ ਚਸ਼ਮਾ' ਦੀ ਸਟਾਰ ਕਾਸਟ, ਅਦਾਕਾਰ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਪੁੱਛਗਿੱਛ ਕਰੇਗੀ। ਦੱਸ ਦੇਈਏ ਕਿ ਗੁਰੂਚਰਨ 22 ਅਪ੍ਰੈਲ ਤੋਂ ਲਾਪਤਾ ਹੈ।
ਦੂਜੇ ਪਾਸੇ ਉਹ ਅਦਾਕਾਰ ਦੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਅਦਾਕਾਰ ਦੇ ਲਾਪਤਾ ਮਾਮਲੇ ਦੀ ਜਾਣਕਾਰੀ ਇਕੱਠੀ ਕਰ ਰਹੇ ਹਨ। ਹੁਣ ਤੱਕ ਸਾਰਿਆਂ ਨੇ ਦਿੱਲੀ ਪੁਲਿਸ ਦਾ ਸਾਥ ਦਿੱਤਾ ਹੈ। ਦੱਸ ਦੇਈਏ ਕਿ ਅਦਾਕਾਰ ਦੇ ਲਾਪਤਾ ਹੋਣ ਦੀ ਸ਼ਿਕਾਇਤ ਉਨ੍ਹਾਂ ਦੇ ਪਿਤਾ ਨੇ ਦਰਜ ਕਰਵਾਈ ਸੀ। 50 ਸਾਲਾਂ ਅਦਾਕਾਰ ਗੁਰੂਚਰਨ ਨੇ ਸਾਲ 2020 'ਚ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਛੱਡ ਦਿੱਤਾ ਸੀ। ਹੁਣ ਸ਼ੋਅ ਦੀ ਪੂਰੀ ਸਟਾਰ ਕਾਸਟ ਅਤੇ ਇੱਥੋਂ ਤੱਕ ਕਿ ਨਿਰਮਾਤਾ ਅਸਿਤ ਮੋਦੀ ਵੀ ਅਦਾਕਾਰ ਦੇ ਲਾਪਤਾ ਹੋਣ ਤੋਂ ਹੈਰਾਨ ਹਨ।