Shah Rukh Khan Birthday: ਸ਼ਾਹਰੁਖ ਖਾਨ ਦਾ ਨਾਂਅ ਸੁਣਦੇ ਹੀ ਮਨ 'ਚ ਖੂਬਸੂਰਤੀ, ਕਰਿਸ਼ਮਾ ਅਤੇ ਦਿਲ ਨੂੰ ਛੂਹ ਲੈਣ ਵਾਲੀ ਮੁਸਕਰਾਹਟ ਦੀ ਤਸਵੀਰ ਆ ਜਾਂਦੀ ਹੈ, ਪਰ ਬਾਲੀਵੁੱਡ ਦਾ ਇਹ ਬਾਦਸ਼ਾਹ ਬਣਨ ਤੱਕ ਦਾ ਉਸਦਾ ਸਫਰ ਕਾਫੀ ਮੁਸ਼ਕਿਲਾਂ ਨਾਲ ਭਰਿਆ ਰਿਹਾ ਹੈ। ਇਹ ਸਾਹਸ ਅਤੇ ਦ੍ਰਿੜ੍ਹ ਇਰਾਦੇ ਦੀ ਕਹਾਣੀ ਹੈ। ਬਾਲੀਵੁੱਡ ਦਾ ਇਹ ਬਾਦਸ਼ਾਹ 2 ਨਵੰਬਰ ਨੂੰ ਆਪਣਾ 59ਵਾਂ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ। ਇਸ ਦੌਰਾਨ ਅਸੀਂ ਤੁਹਾਡੇ ਲਈ ਇੱਕ ਖਾਸ ਤੋਹਫ਼ਾ ਤਿਆਰ ਕੀਤਾ ਹੈ...।
ਜੀ ਹਾਂ...ਅੱਜ ਅਸੀਂ ਉਨ੍ਹਾਂ ਦੀਆਂ ਕੁਝ ਅਜਿਹੀਆਂ ਗੱਲਾਂ ਲੈ ਕੇ ਆਏ ਹਾਂ, ਜੋ ਯਕੀਨਨ ਤੁਹਾਡੀ ਜ਼ਿੰਦਗੀ ਵਿੱਚ ਕੰਮ ਆਉਣਗੀਆਂ। ਆਓ ਫਿਰ ਸਰਸਰੀ ਨਜ਼ਰ ਮਾਰੀਏ...।
ਤੁਹਾਨੂੰ ਦੱਸ ਦੇਈਏ ਲੋਕ ਅਦਾਕਾਰ ਨੂੰ ਸਿਰਫ ਉਸਦੇ ਕੰਮ ਕਰਕੇ ਹੀ ਨਹੀਂ ਬਲਕਿ ਇਸਦੇ ਪਿੱਛੇ ਉਸਦੇ ਪ੍ਰੇਰਨਾਦਾਇਕ ਸ਼ਬਦਾਂ ਕਾਰਨ ਵੀ ਪਸੰਦ ਕਰਦੇ ਹਨ, ਜਿਸ ਵਿੱਚ ਕੁਝ ਅਜਿਹੇ ਜੀਵਨ ਮੰਤਰ ਹਨ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਇੱਕ ਸਫਲ ਅਤੇ ਉੱਤਮ ਇਨਸਾਨ ਬਣ ਸਕਦੇ ਹੋ। ਅਸੀਂ ਤੁਹਾਨੂੰ ਸ਼ਾਹਰੁਖ ਦੀਆਂ ਕੁਝ ਅਜਿਹੀਆਂ ਪ੍ਰੇਰਨਾਦਾਇਕ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਉਨ੍ਹਾਂ ਨੇ ਕਿਸੇ ਸਟੇਜ ਜਾਂ ਇੰਟਰਵਿਊ ਦੌਰਾਨ ਕਹੀਆਂ ਹਨ।
ਮਾਤਾ-ਪਿਤਾ ਦਾ ਆਸ਼ੀਰਵਾਦ
ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਾਹਰੁਖ ਦੇ ਮਾਤਾ-ਪਿਤਾ ਉਨ੍ਹਾਂ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਸ ਦੁਨੀਆ ਨੂੰ ਅਲਵਿਦਾ ਕਰ ਗਏ ਸਨ। ਹਾਲਾਂਕਿ ਪਹਿਲੀ ਫਿਲਮ ਦੇ ਹਿੱਟ ਹੋਣ ਤੋਂ ਬਾਅਦ ਜਦੋਂ ਕਿੰਗ ਖਾਨ ਨੇ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫਿਲਮਾਂ ਕੀਤੀਆਂ ਤਾਂ ਉਹ ਹਰ ਪਲ ਆਪਣੀ ਮਾਂ ਨੂੰ ਯਾਦ ਕਰਦੇ ਰਹੇ।
ਇਸ ਦੌਰਾਨ ਇੱਕ ਇੰਟਰਵਿਊ ਦੌਰਾਨ ਅਦਾਕਾਰ ਦੱਸਦੇ ਹਨ ਕਿ ਤੁਸੀਂ ਜ਼ਿੰਦਗੀ ਵਿੱਚ ਚਾਹੇ ਕਿੰਨੇ ਵੀ ਵੱਡੇ ਹੋ ਜਾਓ, ਤੁਹਾਨੂੰ ਆਪਣੇ ਮਾਤਾ-ਪਿਤਾ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਦੇ ਆਸ਼ੀਰਵਾਦ ਨਾਲ ਤੁਸੀਂ ਹਮੇਸ਼ਾ ਅੱਗੇ ਵੱਧਦੇ ਹੋ। ਜੋ ਲੋਕ ਹਮੇਸ਼ਾ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਦੇ ਹਨ, ਉਨ੍ਹਾਂ ਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ।
ਇਨਸਾਨੀਅਤ ਹੋਣਾ ਅਤੀ ਜ਼ਰੂਰੀ
ਸ਼ਾਹਰੁਖ ਖਾਨ ਨੇ ਇੱਕ ਵਾਰ ਕਿਹਾ ਸੀ, 'ਜਦੋਂ ਮੈਂ ਸਵੇਰੇ ਉੱਠਦਾ ਹਾਂ ਤਾਂ ਸੋਚਦਾ ਹਾਂ ਕਿ ਮੈਂ ਜੋ ਕਰਨ ਜਾ ਰਿਹਾ ਹਾਂ, ਉਸ ਵਿੱਚ ਕੁਝ ਚੰਗਾ ਹੈ ਜਾਂ ਨਹੀਂ। ਤੁਹਾਡੇ ਹਰ ਕੰਮ ਵਿੱਚ ਇਹ ਜ਼ਰੂਰ ਦੇਖੋ ਕਿ ਉਸ ਵਿੱਚ ਇਨਸਾਨੀਅਤ ਹੈ ਜਾਂ ਨਹੀਂ। ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦਾ ਹਾਂ। ਸਵੇਰੇ ਉੱਠਣ ਤੋਂ ਬਾਅਦ ਸਿਰਫ਼ ਚੰਗੇ ਖ਼ਿਆਲ ਹੀ ਸੋਚੋ ਅਤੇ ਕਿਸੇ ਦਾ ਬੁਰਾ ਨਾ ਸੋਚੋ, ਸਿਰਫ਼ ਆਪਣੇ ਬਾਰੇ ਹੀ ਨਾ ਸੋਚੋ। ਇਹ ਨਾ ਸੋਚੋ ਕਿ ਦੂਜਾ ਹਾਰ ਜਾਵੇ ਸਗੋਂ ਇਹ ਸੋਚੋ ਕਿ ਮੈਂ ਕਿਵੇਂ ਜਿੱਤ ਸਕਦਾ ਹਾਂ। ਸ਼ਾਹਰੁਖ ਦੇ ਇਹ ਸ਼ਬਦ ਦੱਸਦੇ ਹਨ ਕਿ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਤੁਹਾਡੇ 'ਚ ਇਨਸਾਨੀਅਤ ਦਾ ਹੋਣਾ ਜ਼ਰੂਰੀ ਹੈ।
ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰੋ
ਜੇਕਰ ਤੁਸੀਂ ਬਿਨ੍ਹਾਂ ਮਿਹਨਤ ਕੀਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਹ ਸੰਭਵ ਨਹੀਂ ਹੈ। ਸ਼ਾਹਰੁਖ ਵੀ ਕੁਝ ਅਜਿਹਾ ਹੀ ਮੰਨਦੇ ਹਨ। ਉਨ੍ਹਾਂ ਨੇ ਇੱਕ ਈਵੈਂਟ ਦੌਰਾਨ ਕਿਹਾ ਸੀ, 'ਤੁਸੀਂ ਜੋ ਵੀ ਹਾਸਲ ਕਰਨਾ ਚਾਹੁੰਦੇ ਹੋ, ਕਰ ਲਓ, ਉਸ ਲਈ ਆਪਣੀ ਪੂਰੀ ਤਾਕਤ ਲਗਾ ਦਿਓ। ਤੁਹਾਡੀ ਇੱਛਾ ਜੋ ਵੀ ਹੋਵੇ, ਉਸ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰੋ ਅਤੇ ਜੋ ਵੀ ਤੁਹਾਨੂੰ ਤੁਹਾਡੇ ਸੁਪਨੇ ਦੇ ਨੇੜੇ ਲੈ ਜਾਵੇ ਉਹ ਕਰੋ। ਪਰ ਉਸ ਸੁਪਨੇ ਵਿੱਚ ਇਹ ਗੱਲ ਧਿਆਨ ਵਿੱਚ ਰੱਖੋ ਕਿ ਮਨੁੱਖਤਾ ਬਰਕਰਾਰ ਰਹੇ। ਧਿਆਨ ਦਿਓ ਕਿ ਇਹ ਤੁਹਾਡੇ ਲੋਕਾਂ ਨੂੰ ਲਾਭ ਪਹੁੰਚਾ ਰਿਹਾ ਹੈ ਜਾਂ ਨਹੀਂ।
ਆਪਣੇ ਆਪ ਉਤੇ ਵਿਸ਼ਵਾਸ ਰੱਖੋ
ਇੱਕ ਇੰਟਰਵਿਊ ਵਿੱਚ ਸਫ਼ਲਤਾ ਦੇ ਮੰਤਰ ਵਜੋਂ ਸ਼ਾਹਰੁਖ ਨੇ ਕਿਹਾ ਸੀ, 'ਜਦੋਂ ਮੈਂ ਇੰਡਸਟਰੀ 'ਚ ਆਇਆ ਤਾਂ ਕੁੱਝ ਨਹੀਂ ਬਣਨਾ ਚਾਹੁੰਦਾ ਸੀ। ਮੈਂ ਸਿਰਫ ਉਹ ਕੰਮ ਕਰਨਾ ਚਾਹੁੰਦਾ ਸੀ ਜਿਸ ਨਾਲ ਮੈਨੂੰ ਖੁਸ਼ੀ ਮਿਲੇ। ਕਿਸੇ ਵਰਗਾ ਬਣਨਾ ਕੋਈ ਵੱਡੀ ਗੱਲ ਨਹੀਂ, ਆਪਣੇ ਆਪ ਵਿੱਚ ਖੁਸ਼ ਰਹਿਣਾ, ਆਪਣੇ ਆਪ ਨੂੰ ਜਾਣਨਾ, ਇਸ ਤੋਂ ਵੱਡੀ ਦੁਨੀਆ ਵਿੱਚ ਕੋਈ ਪ੍ਰਾਪਤੀ ਨਹੀਂ ਹੈ। ਆਪਣੇ ਸੁਪਨੇ ਨੂੰ ਆਪਣੇ ਮਾਤਾ-ਪਿਤਾ ਨੂੰ ਸਮਝਾਓ, ਕਿਉਂਕਿ ਕਈ ਵਾਰ ਉਹ ਸਮਝ ਨਹੀਂ ਪਾਉਂਦੇ। ਹਮੇਸ਼ਾ ਆਪਣੇ ਆਪ ਵਿੱਚ ਭਰੋਸਾ ਰੱਖੋ ਅਤੇ ਦੂਜਿਆਂ ਵਾਂਗ ਬਣਨ ਦੀ ਕੋਸ਼ਿਸ਼ ਨਾ ਕਰੋ।
ਅਸਫ਼ਲਤਾ ਤੋਂ ਘਬਰਾਓ ਨਾ
ਇਹ ਗੱਲ ਤੁਹਾਨੂੰ ਥੋੜੀ ਅਜੀਬ ਲੱਗ ਸਕਦੀ ਹੈ ਪਰ ਕਿੰਗ ਖਾਨ ਦਾ ਇਹ ਵੀ ਮੰਨਣਾ ਹੈ ਕਿ ਅਸਫ਼ਲਤਾ ਤੁਹਾਨੂੰ ਸਫਲਤਾ ਤੋਂ ਵੱਧ ਸਿਖਾਉਂਦੀ ਹੈ। 'ਕਿੰਗ ਆਫ਼ ਰੁਮਾਂਸ' ਨੇ ਇੱਕ ਵਾਰ ਕਿਹਾ ਸੀ, 'ਸਫ਼ਲਤਾ ਇੱਕ ਚੰਗਾ ਅਧਿਆਪਕ ਨਹੀਂ ਹੈ, ਪਰ ਅਸਫਲਤਾ ਤੁਹਾਨੂੰ ਇੱਕ ਨਿਮਰ ਵਿਅਕਤੀ ਬਣਾਉਂਦੀ ਹੈ। ਜੋ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਕੁਝ ਵੀ ਸਥਾਈ ਨਹੀਂ ਹੈ, ਸਫਲਤਾ ਅਤੇ ਅਸਫਲਤਾ ਦੋਵੇਂ ਜ਼ਿੰਦਗੀ ਦਾ ਹਿੱਸਾ ਹਨ। ਜਿਸ ਦਾ ਸਾਮ੍ਹਣਾ ਕਰਨਾ ਸਾਨੂੰ ਆਉਣਾ ਚਾਹੀਦਾ ਹੈ। ਇੱਕ ਕੋਸ਼ਿਸ਼ ਤੋਂ ਬਾਅਦ ਹਾਰ ਮੰਨਣ ਵਾਲੇ ਲੋਕ ਜ਼ਿੰਦਗੀ ਵਿੱਚ ਅੱਗੇ ਨਹੀਂ ਵੱਧ ਸਕਦੇ। ਪਰ ਸਿਰਫ਼ ਉਹੀ ਲੋਕ ਜੀਵਨ ਵਿੱਚ ਸਫ਼ਲਤਾ ਦਾ ਸੁਆਦ ਚੱਖ ਸਕਦੇ ਹਨ ਜਿਨ੍ਹਾਂ ਵਿੱਚ ਆਪਣੇ ਕੰਮ ਪ੍ਰਤੀ ਸਮਰਪਣ ਹੈ ਅਤੇ ਜੋ ਅਸਫਲਤਾ ਤੋਂ ਡਰਦੇ ਨਹੀਂ ਹਨ।
ਇਹ ਵੀ ਪੜ੍ਹੋ: