ਚੰਡੀਗੜ੍ਹ: ਸਿਟੀ ਬਿਊਟੀਫਲ ਚੰਡੀਗੜ੍ਹ ਵਿਖੇ ਸ਼ੋਅ ਕਰਨਾ ਇੰਟਰਨੈਸ਼ਨਲ ਪੰਜਾਬੀ ਗਾਇਕਾਂ ਲਈ ਮੁਸ਼ਿਕਲਾਂ ਭਰਿਆ ਸਾਬਿਤ ਹੁੰਦਾ ਜਾ ਰਿਹਾ ਹੈ ਜਿਸ ਦਾ ਖਾਮਿਆਜ਼ਾ ਹੁਣ ਬਾਲੀਵੁੱਡ ਗਲਿਆਰਿਆ ਦੇ ਚਰਚਿਤ ਨਾਂਅ ਬਣੇ ਹੋਏ ਹਾਰਡੀ ਸੰਧੂ ਨੂੰ ਵੀ ਭੁਗਤਣਾ ਪਿਆ ਹੈ। ਸਿਟੀ ਆਫ ਬਿਊਟੀਫ਼ੁਲ ਵਿਖੇ ਆਯੋਜਿਤ ਕੀਤੇ ਗਏ ਹਾਰਡੀ ਸੰਧੂ ਦੇ ਇਕ ਸ਼ੋਅ ਨੂੰ ਪੁਲਿਸ ਪ੍ਰਸ਼ਾਸਨ ਵੱਲੋ ਅਧ ਵਿਚਕਾਰ ਹੀ ਰੁਕਵਾ ਦਿੱਤਾ ਗਿਆ ਅਤੇ ਉਨਾਂ ਨੂੰ ਅਗਲੇਰੀ ਇਜ਼ਾਜਤ ਨਾ ਲਏ ਜਾਣ ਕਾਰਨ ਹਿਰਾਸਤ ਵਿੱਚ ਲੈ ਲਿਆ ਗਿਆ।
ਇਸ ਕਰਕੇ ਯੂਟੀ ਪੁਲਿਸ ਨੇ ਕੀਤੀ ਕਾਰਵਾਈ
ਗਾਇਕ ਹਾਰਡੀ ਸੰਧੂ ਸ਼ਨੀਵਾਰ ਬੀਤੀ ਸ਼ਾਮ ਚੰਡੀਗੜ੍ਹ ਦੇ ਸੈਕਟਰ 34 ਸਥਿਤ ਪ੍ਰਦਰਸ਼ਨੀ ਮੈਦਾਨ ਵਿੱਚ ਆਯੋਜਿਤ ਇਕ ਗ੍ਰੈਂਡ ਫੈਸ਼ਨ ਈਵੈਂਟ ਦਰਮਿਆਨ ਪ੍ਰੋਫਾਰਮ ਕਰਨ ਪੁੱਜੇ ਹੋਏ ਸਨ। ਇਸ ਦੌਰਾਨ ਉਨਾਂ ਦੇ ਚੱਲਦੇ ਪ੍ਰੋਗਰਾਮ ਦੌਰਾਨ ਅਗਲੇਰੀ ਇਜਾਜ਼ਤ ਦੇ ਮੁੱਦਿਆਂ ਨੂੰ ਲੈ ਕੇ ਯੂ.ਟੀ ਪੁਲਿਸ ਵੱਲੋ ਉਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਹਾਲਾਂਕਿ, ਪੁਲਿਸ ਨੇ ਇਜਾਜ਼ਤ ਦੀ ਪੁਸ਼ਟੀ ਕਰਨ ਤੋਂ ਬਾਅਦ ਹਾਰਡੀ ਸੰਧੂ ਨੂੰ ਥਾਣੇ ਤੋਂ ਰਿਹਾਅ ਕਰ ਦਿੱਤਾ।
ਹਾਰਡੀ ਸੰਧੂ ਦੀ ਟੀਮ ਨੇ ਕੀਤੀ ਪੁਸ਼ਟੀ, ਘਟਨਾ ਤੋਂ ਬਾਅਦ ਮੁੰਬਈ ਰਵਾਨਾ ਹੋਏ
ਪੁਲਿਸ ਦੇ ਇਸ ਰਵੱਈਏ ਤੋਂ ਹਾਰਡੀ ਸੰਧੂ ਕਾਫ਼ੀ ਨਿਰਾਸ਼ ਨਜ਼ਰ ਆ ਰਹੇ ਹਨ। ਉਧਰ ਇਹ ਵੀ ਸਾਹਮਣੇ ਆਇਆ ਹੈ ਕਿ ਸਬੰਧਤ ਘਟਨਾਕ੍ਰਮ ਤੋਂ ਬਾਅਦ ਨਾਰਾਜ਼ ਹੋਏ ਗਾਇਕ ਹਾਰਡੀ ਸੰਧੂ ਤੁਰੰਤ ਚੰਡੀਗੜ੍ਹ ਤੋਂ ਮੁੰਬਈ ਵਾਪਸ ਚਲੇ ਗਏ ਸੀ। ਫਿਲਹਾਲ ਉਨ੍ਹਾਂ ਵਲੋਂ ਅਧਿਕਾਰਿਤ ਤੌਰ ਉੱਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ, ਪਰ ਸਾਡੀ ਟੀਮ ਵਲੋਂ ਜਦੋਂ ਹਾਰਡੀ ਸੰਧੂ ਦੀ ਟੀਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ, "ਅਜਿਹੀ ਘਟਨਾ ਬੀਤੇ ਦਿਨ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਸੈਕਟਰ 34 ਸਥਿਤ ਪ੍ਰਦਰਸ਼ਨੀ ਮੈਦਾਨ ਵਿੱਚ ਆਯੋਜਿਤ ਇਕ ਗ੍ਰੈਂਡ ਫੈਸ਼ਨ ਈਵੈਂਟ ਦੌਰਾਨ ਵਾਪਰੀ ਹੈ, ਪਰ ਇਸ ਸਬੰਧੀ ਕੁਝ ਹੋਰ ਨਹੀਂ ਕਹਿਣਾ ਚਾਹੁੰਦੇ।"
ਉਨਾਂ ਦੀ ਸੰਗ਼ੀਤਕ ਟੀਮ ਅਨੁਸਾਰ ਯੂਟੀ ਪੁਲਿਸ ਪ੍ਰਸ਼ਾਸਨ ਦੇ ਇਸ ਨਕਾਰਾਤਮਕ ਰਵੱਈਏ ਤੋਂ ਬਾਅਦ ਸ਼ਾਇਦ ਹੀ ਹਾਰਡੀ ਸੰਧੂ ਅੱਗੇ ਤੋਂ ਇੱਥੇ ਕਿਸੇ ਸ਼ੋਅ ਦਾ ਹਿੱਸਾ ਬਣਨਗੇ।
ਉਕਤ ਈਵੈਂਟ ਦੀ ਪ੍ਰਬੰਧਨ ਟੀਮ ਵੱਲੋ ਸਾਹਮਣੇ ਆਈ ਜਾਣਕਾਰੀ ਅਨੁਸਾਰ ਸਾਰੀਆਂ ਇਜਾਜ਼ਤਾਂ ਹੋਣ ਦੇ ਬਾਵਜੂਦ, ਇਹ ਸਾਰਾ ਮਾਮਲਾ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀਆਂ ਵੱਲੋ ਮਾਮਲੇ ਨੂੰ ਸਮਝਣ ਵਿੱਚ ਅਸਮਰੱਥਾ ਕਾਰਨ ਦਰਪੇਸ਼ ਆਇਆ ਹੈ। ਇਸੇ ਮਾਮਲੇ ਵਿੱਚ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਗਾਇਕ ਹੁਣ ਆਪਣੀ "ਗੈਰ-ਕਾਨੂੰਨੀ ਹਿਰਾਸਤ" ਦੇ ਮਾਮਲੇ ਨੂੰ ਉੱਚ ਅਧਿਕਾਰੀਆਂ ਕੋਲ ਉਠਾਉਣ 'ਤੇ ਵੀ ਵਿਚਾਰ ਕਰ ਰਿਹਾ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਕਰਨ ਔਜਲਾ, ਦਿਲਜੀਤ ਦੋਸਾਂਝ ਅਤੇ ਏ.ਪੀ ਢਿੱਲੋ ਤੋਂ ਬਾਅਦ ਹਾਰਡੀ ਸੰਧੂ ਚੌਥਾ ਅਜਿਹਾ ਸਨਸੇਸ਼ਨਲ ਅਤੇ ਇੰਟਰਨੈਸ਼ਨਲ ਗਾਇਕ ਹੈ, ਜਿਸ ਨੂੰ ਕੁਝ ਹੀ ਦਿਨਾਂ ਦੇ ਅੰਤਰਾਲ ਦੌਰਾਨ ਚੰਡੀਗੜ੍ਹ ਵਿਖੇ ਸ਼ੋਅਜ਼ ਦੌਰਾਨ ਮੁਸ਼ਕਿਲਾਂ ਵਿੱਚ ਘਿਰਨਾ ਪਿਆ ਹੈ। ਇਨ੍ਹਾਂ ਸਾਰਿਆਂ ਨੂੰ ਤਕਰੀਬਨ ਇਕੋ ਤਰ੍ਹਾਂ ਦੀਆਂ ਮੁਸ਼ਕਲਾਂ ਕਰਕੇ ਦੋ ਚਾਰ ਹੋਣਾ ਪਿਆ ਹੈ, ਹਾਲਾਂਕਿ ਅਗਲੇਰੀ ਮਨਜੂਰੀ ਮੁੱਦੇ ਕਾਰਨ ਹਿਰਾਸਤ ਵਿੱਚ ਲਏ ਜਾਣ ਵਾਲੇ ਇਹ ਪਹਿਲੇ ਗਾਇਕ ਹਨ।