ਚੰਡੀਗੜ੍ਹ: ਪੰਜਾਬੀ ਗਾਇਕਾਂ ਨਾਲ ਜੁੜੇ ਵਿਵਾਦਾਂ ਦਾ ਸਿਲਸਿਲਾ ਘੱਟ ਹੋਣ ਦੀ ਬਜਾਏ ਦਿਨੋਂ-ਦਿਨ ਹੋਰ ਜੋਰ ਫੜ ਰਿਹਾ ਹੈ, ਜਿਸ ਦੀ ਨਵੀਂ ਕੜੀ ਵਿਚ ਚਰਚਿਤ ਗਾਇਕ ਸ਼੍ਰੀ ਬਰਾੜ ਦਾ ਨਾਮ ਸਾਹਮਣੇ ਆਇਆ ਹੈ। ਜਿੰਨਾਂ ਉਪਰ ਨਵੇਂ ਗਾਣੇ 'ਮਰਡਰ' ਦੁਆਰਾ ਹਿੰਸਾ ਨੂੰ ਭੜਕਾਊਣ ਦਾ ਦੋਸ਼ ਲਗਾਉਂਦਿਆਂ ਪੰਜਾਬ ਦੇ ਕੁਝ ਸੀਨੀਅਰ ਵਕੀਲਾਂ ਵੱਲੋਂ ਪੰਜਾਬ ਦੇ ਡੀ.ਜੀ.ਪੀ ਨੂੰ ਲੀਗਲ ਨੋਟਿਸ ਜਾਰੀ ਕਰਦਿਆਂ ਸਬੰਧਤ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਨੌਜਵਾਨ ਪੀੜੀ ਦੇ ਮਨਾਂ ਵਿੱਚ ਬੁਰੇ ਪ੍ਰਭਾਵ
ਉਕਤ ਮਾਮਲੇ ਸਬੰਧੀ ਪੰਜਾਬ ਦੇ ਮਾਨਯੋਗ ਡੀ.ਜੀ.ਪੀ ਨੂੰ ਲੀਗਲ ਨੋਟਿਸ ਜਾਰੀ ਕਰਦਿਆਂ ਸੀਨੀਅਰ ਐਡਵੋਕੇਟ ਹਾਰਦਿਕ ਆਹਲੂਵਾਲੀਆ ਨੇ ਕਿਹਾ ਕਿ ਸ਼੍ਰੀ ਬਰਾੜ ਵੱਲੋਂ ਹਾਲ ਹੀ ਦੇ ਦਿਨਾਂ ਵਿਚ ਜਾਰੀ ਕੀਤੇ ਗਏ ਉਕਤ ਗਾਣੇ ਵਿੱਚ ਵਾਇਲੈਂਸ ਨੂੰ ਬਹੁਤ ਹੀ ਖੁੱਲ੍ਹ ਕੇ ਦਿਖਾਇਆ ਗਿਆ ਹੈ। ਜਿਸ ਨਾਲ ਨੌਜਵਾਨ ਪੀੜੀ ਦੇ ਮਨਾਂ ਵਿੱਚ ਬੁਰੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ।
ਹਾਈਕੋਰਟ ਨੇ ਦਿੱਤੇ ਸੀ ਸਖ਼ਤ ਹੁਕਮ
ਉਨ੍ਹਾਂ ਉਕਤ ਸਬੰਧੀ ਆਪਣਾ ਪੱਖ ਸਾਂਝਾ ਕਰਦਿਆਂ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਾਲ 2019 ਵਿੱਚ ਜਾਰੀ ਕੀਤੇ ਇੱਕ ਵਿਸ਼ੇਸ਼ ਨਿਰਦੇਸ਼ ਦੁਆਰਾ ਡੀਜੀਪੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਹਦਾਇਤ ਜਾਰੀ ਕੀਤੀ ਗਈ ਸੀ ਕਿ ਵਿਵਾਦਿਤ ਗਾਣੇ ਸਾਹਮਣੇ ਲਿਆਉਣ ਵਾਲੇ ਗਾਇਕਾਂ 'ਤੇ ਰੋਕ ਲਗਾਈ ਜਾਵੇ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਸਮੇਂ ਦਰ ਸਮੇਂ ਅੰਜ਼ਾਮ ਦਿੱਤੀ ਜਾਵੇ। ਖਾਸ ਕਰ ਜੋ ਅਪਣੇ ਗਾਣਿਆਂ ਵਿੱਚ ਅਸਲੇ, ਮਾਰਧਾੜ ਅਤੇ ਗੈਂਗਸਟਰ ਸਿਸਟਮ ਵਗੈਰਾ ਨੂੰ ਪ੍ਰਮੋਟ ਕਰਦੇ ਹਨ।
ਗੀਤ 'ਤੇ ਲਾਈ ਜਾਵੇ ਰੋਕ
ਉਨਾਂ ਉਕਤ ਸਬੰਧੀ ਅੱਗੇ ਅਪਣੀ ਗੱਲ ਕਰਦਿਆਂ ਕਿਹਾ ਕਿ ਮਾਨਯੋਗ ਉੱਚ ਅਦਾਲਤ ਦੇ ਨਿਰਦੇਸ਼ਾਂ ਦੇ ਬਾਵਜੂਦ ਗਾਇਕਾਂ ਵੱਲੋਂ ਉਕਤ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਅਪਣੇ ਗਾਣਿਆ ਵਿਚ ਖੁੱਲ੍ਹ ਕੇ ਉਨਾਂ ਗੱਲਾਂ ਨੂੰ ਉਭਾਰਿਆ ਜਾ ਰਿਹਾ ਹੈ, ਜਿੰਨਾਂ ਨੂੰ ਕਿ ਹੁਲਾਰਾ ਨਹੀਂ ਦਿੱਤਾ ਜਾਣਾ ਚਾਹੀਦਾ। ਐਡਵੋਕੇਟ ਆਹਲੂਵਾਲੀਆ ਅਨੁਸਾਰ ਉਕਤ ਗਾਣੇ ਵਿੱਚ ਗਾਇਕ ਸ਼੍ਰੀ ਬਰਾੜ ਵੱਲੋਂ ਮਰਡਰ ਦੇ ਬਦਲੇ ਮਰਡਰ ਦੀ ਗੱਲ ਕੀਤੀ ਗਈ ਹੈ, ਜਿਸ ਸਬੰਧੀ ਕੀਤੀ ਗਈ ਇੰਨਫਲੈਂਸ ਨੌਜਵਾਨਾਂ ਨੂੰ ਹੋਰ ਕੁਰਾਹੇ ਪਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਗਾਇਕ ਸ਼੍ਰੀ ਬਰਾੜ ਨੇ ਖੁਦ ਲਿਖਿਆ ਗੀਤ
ਜਿਸ ਸਬੰਧੀ ਮਾਨਯੋਗ ਡੀਜੀਪੀ ਨੂੰ ਤੁਰੰਤ ਗੰਭੀਰਤਾ ਅਖ਼ਤਿਆਰ ਕਰਦਿਆ ਸਬੰਧਤ ਗਾਇਕ ਖਿਲਾਫ਼ ਕਾਰਵਾਈ ਕਰਨ ਦੇ ਨਾਲ-ਨਾਲ ਵਿਵਾਦਿਤ ਗਾਣੇ ਨੂੰ ਸੋਸ਼ਲ ਮੀਡੀਆ ਤੋਂ ਹਟਾਉਣਾ ਚਾਹੀਦਾ ਹੈ। ਓਧਰ ਜੇਕਰ ਰਿਲੀਜ਼ ਹੋਏ ਉਕਤ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਗਾਇਕ ਸ਼੍ਰੀ ਬਰਾੜ ਵੱਲੋਂ ਆਪਣੇ ਨਿੱਜੀ ਪਲੇਟਫਾਰਮ 'ਤੇ ਜਾਰੀ ਕੀਤੇ ਗਏ ਉਕਤ ਗਾਣੇ ਦੇ ਬੋਲ ਵੀ ਉਨਾਂ ਨੇ ਖੁਦ ਲਿਖੇ ਹਨ ਅਤੇ ਆਵਾਜ਼ ਉਨਾਂ ਦੇ ਨਾਲ ਗੁਰਲੇਜ਼ ਅਖਤਰ ਵੱਲੋਂ ਦਿੱਤੀ ਗਈ ਹੈ, ਜਦਕਿ ਗਾਣੇ ਨੂੰ ਸੰਗ਼ੀਤਬੱਧ ਪ੍ਰੀਤ ਹੁੰਦਲ ਵੱਲੋ ਕੀਤਾ ਗਿਆ ਹੈ।