ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਦੇ ਚਰਚਿਤ ਅਤੇ ਮੋਹਰੀ ਕਤਾਰ ਗਾਇਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਸ਼੍ਰੀ ਬਰਾੜ, ਜੋ ਅਪਣਾ ਨਵਾਂ ਗਾਣਾ 'ਵਨਸ ਅਪਾਨ ਏ ਟਾਈਮ ਇਨ ਕਰਾਚੀ' ਲੈ ਕੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਗਾਇਕੀ ਦਾ ਇੱਕ ਵਾਰ ਮੁੜ ਇਜ਼ਹਾਰ ਕਰਵਾਉਣ ਜਾ ਰਹੇ ਅਤੇ ਜਲਦ ਸਾਹਮਣੇ ਆਉਣ ਜਾ ਰਹੇ ਇਸ ਗਾਣੇ ਦਾ ਟੀਜ਼ਰ ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕਰ ਦਿੱਤਾ ਗਿਆ, ਜਿਸ ਨੂੰ ਚਾਰੇ-ਪਾਸੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
'ਸ਼੍ਰੀ ਫਿਲਮਜ਼' ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਉਕਤ ਟ੍ਰੈਕ ਦਾ ਸੰਗੀਤ ਡੀਜੇ ਫਲੋਅ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਸ਼ਾਨਦਾਰ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲਾਂ ਅਤੇ ਕੰਪੋਜੀਸ਼ਨ ਦੀ ਸਿਰਜਣਾ ਨੂੰ ਵੀ ਸ਼੍ਰੀ ਬਰਾੜ ਦੁਆਰਾ ਖੁਦ ਅੰਜ਼ਾਮ ਦਿੱਤਾ ਗਿਆ ਹੈ।
20 ਜਨਵਰੀ ਨੂੰ ਰਿਲੀਜ਼ ਕੀਤੇ ਜਾ ਰਹੇ ਇਸ ਗਾਣੇ ਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਨਾਲ ਜੁੜੀ ਇੱਕ ਥੀਮ ਦੁਆਲੇ ਕੇਂਦਰਿਤ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਮਸ਼ਹੂਰ ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ। ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਏ ਗਏ ਉਕਤ ਸੰਗੀਤਕ ਵੀਡੀਓ ਨੂੰ ਫਿਲਮੀ ਸਕੇਲ ਅਨੁਸਾਰ ਵਜ਼ੂਦ ਵਿੱਚ ਲਿਆਂਦਾ ਗਿਆ ਹੈ।