ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਧਰੂ ਤਾਰੇ ਵਾਂਗ ਆਪਣੀ ਅਲਹਦਾ ਹੋਂਦ ਦਾ ਇਜ਼ਹਾਰ ਕਰਵਾਉਣ ਵੱਲ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਨੌਜਵਾਨ ਗਾਇਕ ਚੰਦਰਾ ਬਰਾੜ, ਜੋ ਜਲਦ ਹੀ ਅਸਟ੍ਰੇਲੀਆਂ ਵਿਖੇ ਹੋਣ ਜਾ ਰਹੀ ਗ੍ਰੈਂਡ ਸ਼ੋਅਜ ਲੜੀ ਦਾ ਹਿੱਸਾ ਬਣਨ ਜਾ ਰਿਹਾ ਹੈ, ਜਿਸ ਸੰਬੰਧਤ ਤਿਆਰੀਆਂ ਉਨ੍ਹਾਂ ਵੱਲੋਂ ਇੰਨੀਂ-ਦਿਨੀਂ ਜ਼ੋਰਾਂ ਸ਼ੋਰਾਂ ਨਾਲ ਜਾਰੀ ਹਨ।
ਜੁਲਾਈ-ਅਗਸਤ ਦੇ ਮਹੀਨਿਆਂ ਵਿੱਚ ਆਯੋਜਿਤ ਹੋਣ ਜਾ ਰਹੇ ਉਕਤ ਵਿਸ਼ਾਲ ਕੰਸਰਟ ਦੀ ਪ੍ਰਬੰਧਕੀ ਕਮਾਂਡ ਜਸਪਿੰਦਰ ਸਿੱਧੂ ਅਤੇ ਰਤਨ ਸਿੱਧੂ ਸੰਭਾਲ ਰਹੇ ਹਨ, ਜਿੰਨ੍ਹਾਂ ਦੀ ਪ੍ਰਬੰਧਕੀ ਟੀਮ ਅਨੁਸਾਰ ਬਹੁਤ ਹੀ ਵੱਡੇ ਪੱਧਰ 'ਤੇ ਕਰਵਾਏ ਜਾ ਰਹੇ ਇੰਨ੍ਹਾਂ ਸ਼ੋਅਜ ਅਧੀਨ ਮੈਲਬੋਰਨ, ਸਿਡਨੀ ਆਦਿ ਤੋਂ ਇਲਾਵਾ ਹੋਰਨਾਂ ਵੱਖ-ਵੱਖ ਸ਼ਹਿਰਾਂ ਵਿਖੇ ਇਹ ਕੰਸਰਟ ਆਯੋਜਿਤ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀਆਂ ਤਿਆਰੀਆਂ ਮੁਕੰਮਲਤਾ ਵੱਲ ਵੱਧ ਚੁੱਕੀਆਂ ਹਨ।
ਹਾਲ ਹੀ ਦੇ ਦਿਨਾਂ ਵਿੱਚ ਸਾਹਮਣੇ ਆਏ ਆਪਣੇ ਕਈ ਗੀਤਾਂ ਨੂੰ ਲੈ ਕੇ ਅਪਾਰ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਿਹਾ ਹੈ ਇਹ ਹੋਣਹਾਰ ਗਾਇਕ ਅਤੇ ਗੀਤਕਾਰ, ਜੋ ਆਪਣੀ ਮਿਆਰੀ ਗਾਇਕੀ ਅਤੇ ਗੀਤਕਾਰੀ ਦੇ ਚੱਲਦਿਆਂ ਸੰਗੀਤਕ ਗਲਿਆਰਿਆਂ ਵਿੱਚ ਚੋਖੀ ਭੱਲ ਸਥਾਪਿਤ ਕਰਦਾ ਜਾ ਰਿਹਾ ਹੈ, ਜਿਸ ਦਾ ਅਹਿਸਾਸ ਬੈਕ-ਟੂ-ਬੈਕ ਜਾਰੀ ਹੋਏ ਅਤੇ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਾਲੇ ਉਸ ਦੇ ਕਈ ਗਾਣੇ ਬਾਖੂਬੀ ਕਰਵਾਉਣ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ 'ਵਿਟਾਮਿਨ ਯੂ', 'ਤੇਰੀ ਮਾਂ', 'ਮੂਵੀ ਵਾਲਿਆ', 'ਐਕਸਕਿਊਜ਼', 'ਮੈਸੇਜ ਸੀਨ', 'ਆਈ ਡੋਂਟ ਕੇਅਰ', 'ਬੈਚਲਰ', 'ਪਲੇ ਬੁਆਏ' ਆਦਿ ਸ਼ੁਮਾਰ ਰਹੇ ਹਨ।
ਗਿੱਪੀ ਗਰੇਵਾਲ ਦੇ 'ਹੰਬਲ ਮਿਊਜ਼ਿਕ' ਤੋਂ ਲੈ ਕੇ 'ਸਪੀਡ ਰਿਕਾਰਡਜ਼' ਜਿਹੇ ਨਾਮਵਰ ਸੰਗੀਤਕ ਲੇਬਲ ਨਾਲ ਕੰਮ ਕਰ ਚੁੱਕਾ ਇਹ ਪ੍ਰਤਿਭਾਸ਼ਾਲੀ ਗਾਇਕ ਅਤੇ ਗੀਤਕਾਰ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਵੱਡੇ ਸੰਗੀਤਕ ਪ੍ਰੋਜੈਕਟ ਲੈ ਕੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਿਹਾ ਹੈ।
ਮੂਲ ਰੂਪ ਵਿੱਚ ਜ਼ਿਲ੍ਹਾਂ ਫਰੀਦਕੋਟ ਦੇ ਕੋਟਕਪੂਰਾ ਨਾਲ ਸੰਬੰਧਤ ਗਾਇਕ ਅਤੇ ਗੀਤਕਾਰ ਚੰਦਰਾ ਬਰਾੜ ਨੇ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਆਪਣੀ ਲੋਕਪ੍ਰਿਯਤਾ ਗ੍ਰਾਫ ਵਿੱਚ ਚੋਖਾ ਵਾਧਾ ਦਰਜ ਕਰਵਾ ਲਿਆ ਹੈ, ਜਿਸ ਦੇ ਕਰੀਅਰ ਨੂੰ ਮਾਣਮੱਤਾ ਮੋੜ ਦੇਣ ਵਿੱਚ ਉਸ ਦੇ ਥੋੜਾ ਸਮਾਂ ਪਹਿਲਾਂ ਰਿਲੀਜ਼ ਹੋਏ ਗਾਣੇ 'ਵੀਰੇ ਆਪਾਂ ਕਦੋਂ ਮਿਲਾਂਗੇ' ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।