ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਖਰੜ ਦੇ ਸੀਆਈਏ ਥਾਣੇ ਵਿੱਚ ਹੋਈ ਇੰਟਰਵਿਊ ਦੇ ਮਾਮਲੇ ਵਿੱਚ ਬਰਖ਼ਾਸਤ ਕੀਤੇ ਗਏ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਹੈ। ਪੰਜਾਬ ਪੁਲਿਸ ਨੇ ਹੁਣ ਗੁਰਸ਼ੇਰ ਸਿੰਘ ਸੰਧੂ ਦੇ ਖਿਲਾਫ਼ ਲੁੱਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਗੁਰਸ਼ੇਰ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ 4 ਵਾਰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਹ ਇੱਕ ਵਾਰ ਵੀ ਜਾਂਚ ਵਿੱਚ ਸ਼ਾਮਿਲ ਨਹੀਂ ਹੋਇਆ। ਕਾਊਂਟਰ ਇੰਟੈਲੀਜੈਂਸ ਨੇ ਵੀ ਗੁਰਸ਼ੇਰ ਖਿਲਾਫ਼ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਉਹ ਅਮਰੀਕਾ ਭੱਜ ਗਿਆ ਹੈ।
ਕੀ ਸੀ ਮਾਮਲਾ?
ਲਾਰੈਂਸ ਬਿਸ਼ਨੋਈ ਦੀ ਪੁਲਿਸ ਹਿਰਾਸਤ ਵਿੱਚ ਇੰਟਰਵਿਊ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚਿਆ ਸੀ। ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀਪੀ ਪ੍ਰਬੋਧ ਕੁਮਾਰ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਨਿਗਰਾਨੀ ਵਿੱਚ ਐਸਆਈਟੀ ਨੂੰ ਜਾਂਚ ਰਿਪੋਰਟ ਦਿੱਤੀ ਗਈ ਸੀ। ਜਾਂਚ ਵਿੱਚ ਇਹ ਗੱਲ ਸਪੱਸ਼ਟ ਹੋਈ ਸੀ ਕਿ ਲਾਰੈਂਸ ਦੀ ਇੰਟਰਵਿਊ ਪੁਲਿਸ ਹਿਰਾਸਤ ਵਿੱਚ ਹੋਈ ਸੀ। ਐਸਆਈਟੀ ਨੇ ਆਪਣੀ ਰਿਪੋਰਟ ਵਿੱਚ ਲਾਪਰਵਾਹੀ ਦੇ ਕਈ ਸਬੂਤ ਪੇਸ਼ ਕੀਤੇ ਸਨ। ਰਿਪੋਰਟ ਦੇ ਮੁਤਾਬਿਕ ਇਨ੍ਹਾਂ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਲਾਪਰਵਾਹੀ ਦੇ ਕਾਰਨ ਹੀ ਖਰੜ ਦੇ ਸੀਆਈਏ ਸਟਾਫ਼ ਥਾਣੇ ਵਿੱਚ ਲਾਰੈਂਸ ਨੇ ਇੰਟਰਵਿਊ ਦਿੱਤਾ ਸੀ। ਇਸ ਇੰਟਰਵਿਊ ਲਈ ਇੱਕ ਵਿਸ਼ੇਸ਼ ਤਰੀਕੇ ਦੀ ਯੋਜਨਾ ਬਣਾਈ ਗਈ ਸੀ ਜਿਸ ਵਿੱਚ ਗੁਰਸ਼ੇਰ ਸੰਧੂ ਸਮੇਤ ਹੋਰ ਕਈ ਪੁਲਿਸ ਅਧਿਕਾਰੀ ਸ਼ਾਮਿਲ ਸਨ। ਜਦੋਂਕਿ ਪੰਜਾਬ ਪੁਲਿਸ ਦੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਸੀ ਕਿ ਇਹ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਨਹੀਂ ਹੋਈ ਸੀ।
ਕੌਣ ਹੈ ਗੁਰਸ਼ੇਰ ਸਿੰਘ ਸੰਧੂ?
ਬਰਖ਼ਾਸਤ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਕਿਸੇ ਵੇਲੇ ਆਪਣੇ ਸੀਨੀਅਰ ਅਧਿਕਾਰੀਆਂ ਦੀਆਂ ਅੱਖਾਂ ਦਾ ਤਾਰਾ ਸੀ। 2016 ਬੈਚ ਦੇ ਪੰਜਾਬ ਪੁਲਿਸ ਸਰਵਿਸ (PPS) ਦੇ ਅਧਿਕਾਰੀ ਗੁਰਸ਼ੇਰ ਸੰਧੂ ਨੇ ਪਹਿਲਾਂ ਬਾਰਡਰ ਸਕਿਓਰਟੀ ਫੋਰਸ (BSF) ਵਿੱਚ ਬਤੌਰ ਅਸਿਸਟੈਂਟ ਕਮਾਡੈਂਟ ਸਰਵਿਸ ਕੀਤੀ ਸੀ। ਜਲੰਧਰ ਦੇ ਇੱਕ ਅਮੀਰ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਗੁਰਸ਼ੇਰ ਸੰਧੂ ਦੋ ਧੀਆਂ ਦਾ ਪਿਤਾ ਵੀ ਹੈ। ਸੰਧੂ ਦੇ ਪਰਿਵਾਰ ਦੇ ਕਈ ਪੈਟਰੋਲ ਪੰਪ ਹਨ। ਸਾਲ 2017 ਵਿੱਚ ਉਸ ਨੇ ਮੋਹਾਲੀ ਵਿੱਚ ਬਤੌਰ ਪ੍ਰੋਬੇਸ਼ਨਰੀ ਅਧਿਕਾਰੀ ਵਜੋਂ ਆਪਣੀ ਨੌਕਰੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਉਹ ਮੋਹਾਲੀ ਦੇ ਮੁੱਲਾਂਪੁਰ ਥਾਣੇ ਵਿੱਚ ਬਤੌਰ ਐਸਐਚਓ ਵੀ ਤਾਇਨਾਤ ਰਿਹਾ।
ਪ੍ਰੋਬੇਸ਼ਨਰੀ ਅਧਿਕਾਰੀ ਵਜੋਂ ਸਮਾਂ ਪੂਰਾ ਕਰਨ ਮਗਰੋਂ ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਕਸਬਾ ਅਮਲੋਹ ਵਿਖੇ ਡੀਐਸਪੀ ਤਾਇਨਾਤ ਰਿਹਾ। ਇਸ ਤੋਂ ਬਾਅਦ ਉਹ ਮੋਹਾਲੀ ਵਿਖੇ ਡੀਐਸਪੀ ਸਿਟੀ, ਡੀਐਸਪੀ ਇਨਵੈਸਟੀਗੇਸ਼ਨ ਅਤੇ ਡੀਐਸਪੀ ਸਪੈਸ਼ਲ ਸੈਲ ਰਿਹਾ। ਗੁਰਸ਼ੇਰ ਸੰਧੂ ਨੂੰ ਐਨਕਾਊਂਟਰ ਸਪੈਸ਼ਲਿਸਟ ਵਜੋਂ ਜਾਣਿਆ ਜਾਂਦਾ ਸੀ। 5-6 ਅਜਿਹੇ ਐਨਕਾਊਂਟਰ ਸਨ ਜਿੱਥੇ ਗੈਂਗਸਟਰਾਂ ਦੀਆਂ ਲੱਤਾਂ ਵਿੱਚ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਫੜਿਆ ਗਿਆ ਸੀ।
ਹੀਰੋ ਤੋਂ ਖਲਨਾਇਕ ਬਣਨ ਦੀ ਕਹਾਣੀ
ਮਾਰਚ 2023 ਵਿੱਚ ਲਾਰੈਂਸ ਦੀ ਇੰਟਰਵਿਊ ਤੋਂ ਬਾਅਦ ਉਸ ਖਿਲਾਫ਼ ਅਵਾਜ਼ ਉੱਠਣ ਲੱਗੀ ਸੀ। ਮੋਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਨੋਟਿਸ ਰਾਹੀਂ ਇਮੀਗਰੇਸ਼ਨ ਧੋਖਾਧੜੀ ਦੇ 2 ਮਾਮਲਿਆਂ ਵਿੱਚ ਗੁਰਸ਼ੇਰ ਸੰਧੂ ਦੀ ਸ਼ਮੂਲੀਅਤ ਦੀ ਜਾਂਚ ਮੰਗੀ ਸੀ। ਅਕਤੂਬਰ 2024 ਵਿੱਚ ਇੱਕ ਬਿਲਡਰ ਬਲਜਿੰਦਰ ਸਿੰਘ ਖਿਲਾਫ਼ ਮਨਘੜਤ ਕੇਸ ਬਣਾ ਕੇ ਉਸ ਕੋਲੋਂ ਪੈਸੇ ਵਸੂਲਣ ਦਾ ਵੀ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਡੀਜੀਪੀ ਵੱਲੋਂ ਕਰਵਾਈ ਗਈ ਜਾਂਚ ਵਿੱਚ ਗੁਰਸ਼ੇਰ ਸੰਧੂ ਖਿਲਾਫ਼ ਸਬੂਤ ਮਿਲੇ ਸਨ।