ਲੁਧਿਆਣਾ: ਬਾਲੀਵੁੱਡ ਦੇ ਸ਼ਾਨਦਾਰ ਨਿਰਦੇਸ਼ਕ ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਿਤ ਕੀਤੀ ਗਈ ਫਿਲਮ 'ਅਮਰ ਸਿੰਘ ਚਮਕੀਲਾ' ਇੰਨੀਂ ਦਿਨੀਂ OTT ਪਲੇਟਫਾਰਮ ਨੈੱਟਫਲਿਕਸ ਵਿੱਚ ਧੂਮ ਮਚਾ ਰਹੀ ਹੈ। ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਨੇ ਕ੍ਰਮਵਾਰ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀ ਭੂਮਿਕਾ ਅਦਾ ਕੀਤੀ ਹੈ।
ਉਲੇਖਯੋਗ ਹੈ ਕਿ ਹਾਲ ਹੀ ਵਿੱਚ ਈਟੀਵੀ ਭਾਰਤ ਪੰਜਾਬ ਨੇ ਮਰਹੂਮ ਗਾਇਕ ਚਮਕੀਲਾ ਦੀ ਪਹਿਲੀ ਪਤਨੀ ਗੁਰਮੇਲ ਕੌਰ ਅਤੇ ਉਸਦੇ ਬੇਟਾ-ਬੇਟੀ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਤਾਜ਼ਾ ਰਿਲੀਜ਼ ਹੋਈ ਫਿਲਮ ਪ੍ਰਤੀ ਵਿਚਾਰ ਜਾਣੇ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਮਰਹੂਮ ਗਾਇਕ ਚਮਕੀਲਾ ਦੇ ਪਰਿਵਾਰ ਨੇ ਜਿੱਥੇ ਨਿਰਦੇਸ਼ਕ ਅਤੇ ਅਦਾਕਾਰਾਂ ਦਾ ਧੰਨਵਾਦ ਕੀਤਾ, ਉੱਥੇ ਹੀ ਫਿਲਮ ਦੇ ਵਿੱਚ ਜੋ ਤੱਥ ਦਿਖਾਏ ਗਏ ਹਨ, ਉਹਨਾਂ ਨੇ ਉਸ ਨੂੰ ਪੂਰੀ ਤਰ੍ਹਾਂ ਨਾਲ ਸਹੀ ਦੱਸਿਆ।
ਜੀ ਹਾਂ...ਮਰਹੂਮ ਗਾਇਕ ਦੀ ਪਹਿਲੀ ਪਤਨੀ ਗੁਰਮੇਲ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਫਿਲਮ ਦੇ ਵਿੱਚ ਜੋ ਉਹਨਾਂ ਦਾ ਰੋਲ ਦਰਸਾਇਆ ਗਿਆ ਹੈ, ਉਹ ਬਿਲਕੁਲ ਅਸਲੀ ਹੈ, ਜੋ ਉਹਨਾਂ ਦੀ ਜ਼ਿੰਦਗੀ ਚਮਕੀਲੇ ਦੇ ਨਾਲ ਰਹੀ ਹੈ, ਬਿਲਕੁਲ ਉਸੇ ਤਰ੍ਹਾਂ ਦਿਖਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਗਾਇਕ ਦਿਲਜੀਤ ਦੁਸਾਂਝ ਦੀ ਕਾਫੀ ਤਾਰੀਫ਼ ਕੀਤੀ।
ਇਸ ਤੋਂ ਇਲਾਵਾ ਉਹਨਾਂ ਦਾ ਬੇਟਾ ਅਤੇ ਬੇਟੀ ਨੇ ਵੀ ਇਸ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, 'ਬਾਲੀਵੁੱਡ ਵਿੱਚ ਬਹੁਤ ਸੋਹਣੀ ਫਿਲਮ ਬਣਾਈ ਗਈ ਹੈ ਅਤੇ ਸਾਨੂੰ ਵੀ ਪ੍ਰੀਮੀਅਰ 'ਤੇ ਸੱਦਿਆ ਗਿਆ ਅਤੇ ਕਾਫੀ ਪਿਆਰ ਵੀ ਦਿੱਤਾ ਗਿਆ। ਪ੍ਰੀਮੀਅਰ ਵਾਲੇ ਦਿਨ ਵੱਡੀ ਗਿਣਤੀ ਦੇ ਵਿੱਚ ਉੱਥੇ ਟੀਵੀ ਅਤੇ ਫਿਲਮੀ ਸਟਾਰ ਪਹੁੰਚੇ ਹੋਏ ਸਨ।'
ਅੱਗੇ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸਾਡੇ ਪਿਤਾ ਚਮਕੀਲਾ ਦੀ ਜ਼ਿੰਦਗੀ ਦੀਆਂ ਕਈ ਅਜਿਹੀਆਂ ਗੱਲਾਂ ਫਿਲਮ ਦੇ ਵਿੱਚ ਦਿਖਾਈਆਂ ਗਈਆਂ ਹਨ, ਜਿਸ ਤੋਂ ਲੋਕ ਅਣਜਾਣ ਸਨ। ਸਾਨੂੰ ਉਮੀਦ ਹੈ ਕਿ ਫਿਲਮ ਦੇਖਣ ਦੇ ਨਾਲ ਲੋਕ ਹੋਰ ਅਮਰ ਸਿੰਘ ਚਮਕੀਲਾ ਬਾਰੇ ਜਾਣ ਸਕਣਗੇ।
ਤੁਹਾਨੂੰ ਦੱਸ ਦੇਈਏ ਕਿ ਇਮਤਿਆਜ਼ ਅਲੀ ਨੇ 'ਜਬ ਵੀ ਮੈਟ' ਅਤੇ 'ਰੌਕਸਟਾਰ' ਵਰਗੀਆਂ ਫਿਲਮਾਂ ਬਣਾਈਆਂ ਹਨ। ਇਸ ਵਾਰ ਉਸ ਨੇ OTT 'ਤੇ ਹੱਥ ਅਜ਼ਮਾਇਆ ਹੈ। ਚਮਕੀਲਾ ਦਾ ਕਿਰਦਾਰ ਦਿਲਜੀਤ ਦੁਸਾਂਝ ਨੇ ਨਿਭਾਇਆ ਹੈ। ਉਸ ਨੇ ਇਸ ਪਾਤਰ ਵਿੱਚ ਡੂੰਘਾਈ ਨਾਲ ਜਾ ਕੇ ਪਾਤਰ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਫੜ ਲਿਆ ਹੈ। ਅਮਰਜੋਤ ਦੀ ਭੂਮਿਕਾ ਵਿੱਚ ਪਰਿਣੀਤੀ ਚੋਪੜਾ ਨੇ ਉਸ ਦਾ ਖੂਬ ਸਾਥ ਦਿੱਤਾ ਹੈ। ਇਸ ਤੋਂ ਇਲਾਵਾ ਅਦਾਕਾਰਾ ਨਿਸ਼ਾ ਬਾਨੋ ਵੀ ਰੋਲ ਵਿੱਚ ਨਜ਼ਰ ਆਈ ਹੈ।