ਚੰਡੀਗੜ੍ਹ: ਪਰਮੀਸ਼ ਵਰਮਾ ਇਸ ਸਮੇਂ ਆਪਣੀ ਤਾਜ਼ਾ ਫਿਲਮ 'ਤਬਾਹ' ਕਾਰਨ ਲਗਾਤਾਰ ਸੁਰਖ਼ੀਆਂ ਵਿੱਚ ਹਨ। ਹਾਲ ਹੀ ਵਿੱਚ ਅਦਾਕਾਰ ਨੇ ਇਸ ਫਿਲਮ ਦਾ ਸ਼ਾਨਦਾਰ ਟੀਜ਼ਰ ਸਾਂਝਾ ਕੀਤਾ ਹੈ, ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਟੀਜ਼ਰ ਵਿੱਚ ਇੱਕ ਪ੍ਰੇਮੀ ਦੀ ਪਿਆਰ ਵਿੱਚ ਹੁੰਦੇ ਸਮੇਂ ਦੇ ਦੁੱਖ-ਸੁੱਖ ਨੂੰ ਬਿਆਨ ਕੀਤਾ ਗਿਆ ਹੈ। ਫਿਲਮ ਦੇ ਟੀਜ਼ਰ ਦੇ ਇੱਕ ਸੀਨ ਨੇ ਸਭ ਦਾ ਧਿਆਨ ਖਿੱਚਿਆ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦੇ ਦਿਮਾਗਾਂ ਵਿੱਚ ਲਗਾਤਾਰ ਸੁਆਲ ਉੱਠ ਰਹੇ ਹਨ।
ਦਰਅਸਲ, ਸਾਂਝੇ ਕੀਤੇ ਗਏ ਟੀਜ਼ਰ ਵਿੱਚ ਇੱਕ ਸੀਨ ਵਿੱਚ ਅਦਾਕਾਰ ਦਾ ਪੇਟ ਦਿਖਾਇਆ ਗਿਆ ਹੈ। ਕੀ ਤੁਹਾਨੂੰ ਪਤਾ ਹੈ ਕਿ ਇਸ ਪੇਟ ਨੂੰ ਵਧਾਉਣ ਲਈ ਅਦਾਕਾਰ ਪਰਮੀਸ਼ ਵਰਮਾ ਨੇ ਆਪਣੇ ਸਰੀਰ ਨਾਲ ਕਿੰਨਾ ਖਿਲਵਾੜ ਕੀਤਾ ਸੀ। ਰਿਪੋਰਟਾਂ ਮੁਤਾਬਕ ਗਾਇਕ ਨੇ ਆਪਣੀ ਇਸ ਫਿਲਮ ਲਈ 35 ਕਿਲੋ ਭਾਰ ਵਧਾਇਆ ਸੀ।
ਹਾਲ ਹੀ ਵਿੱਚ ਪਰਮੀਸ਼ ਵਰਮਾ ਨੇ ਇਸ ਫਿਲਮ ਬਾਰੇ ਆਪਣੀ ਭਾਵਨਾ ਵੀ ਸਾਂਝੀ ਕੀਤੀ ਸੀ ਅਤੇ ਦੱਸਿਆ ਸੀ ਕਿ ਉਨ੍ਹਾਂ ਲਈ ਇਹ ਸਰੀਰ ਤਬਦੀਲੀ ਲਿਆਉਣੀ ਕਿੰਨੀ ਮੁਸ਼ਕਿਲ ਸੀ। ਆਪਣੀ ਸਾਂਝੀ ਕੀਤੀ ਗਈ ਪੋਸਟ ਦੌਰਾਨ ਅਦਾਕਾਰ ਲਿਖਦੇ ਹਨ, ''ਫਿਲਮ “ਤਬਾਹ” ਦੀ ਯਾਤਰਾ ਚਾਹੇ ਚੁਣੌਤੀਪੂਰਨ ਸੀ ਪਰ ਸੰਪੂਰਨ ਰਹੀ ਹੈ। ਸਰੀਰਕ ਅਤੇ ਸਿਰਜਣਾਤਮਕ ਤੌਰ 'ਤੇ ਅਣਥੱਕ ਮਿਹਨਤ ਕੀਤੀ ਹੈ। ਸਰੀਰਕ ਪਰਿਵਰਤਨ ਇਸ ਦਾ ਇੱਕ ਛੋਟਾ ਜਿਹਾ ਹਿੱਸਾ ਸੀ ਪਰ ਹਰ ਵੇਰਵਿਆਂ 'ਤੇ ਬਹੁਤ ਧਿਆਨ ਦਿੱਤਾ ਗਿਆ, ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਤਬਾਹ ਤੁਹਾਡੇ ਸੰਗ ਪੇਸ਼ ਕਰਨ ਲੱਗਾ ਹਾਂ। ਮੈਨੂੰ ਯਕੀਨ ਹੈ ਕਿ ਮੇਰੇ ਦਿਲ ਦਾ ਇਹ ਟੁਕੜਾ ਤੁਹਾਡੇ ਦਿਲ ਵਿੱਚ ਇੱਕ ਰਸਤਾ ਲੱਭ ਲਵੇਗਾ। ਪ੍ਰਕਿਰਿਆ ਵਿੱਚ ਕੰਮ...P.S ਕਬੀਰ ਸਿੰਘ ਨਹੀਂ ਹੈ।"
ਇਸ ਕੈਪਸ਼ਨ ਦੇ ਨਾਲ ਗਾਇਕ ਦੇ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ, ਜਿਸ ਵਿੱਚ ਇੱਕ ਪਾਸੇ ਗਾਇਕ ਕਾਫੀ ਮੋਟੇ ਅਤੇ ਦੂਜੇ ਪਾਸੇ ਕਾਫੀ ਫਿੱਟ ਨਜ਼ਰ ਆ ਰਹੇ ਸਨ। ਉਲੇਖਯੋਗ ਹੈ ਕਿ ਇਸ ਫਿਲਮ ਵਿੱਚ ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਨੇ ਮੁੱਖ ਭੂਮਿਕਾਵਾਂ ਵਿੱਚ ਅਦਾਕਾਰੀ ਕੀਤੀ ਹੈ। ਹੁਣ ਇਹ ਫਿਲਮ 18 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।