ਲੁਧਿਆਣਾ: ਈਸਟ ਮੈਨ ਚੌਂਕ ਤੋਂ ਢੰਡਾਰੀਵਾਲ ਨੂੰ ਆ ਰਹੀ ਸੜਕ ਉੱਤੇ ਚੱਲ ਰਹੇ ਸੀਵਰੇਜ ਦੇ ਕੰਮ ਵਿੱਚ ਉਸ ਵੇਲ੍ਹੇ ਅੱਜ ਵੱਡਾ ਹਾਦਸਾ ਵਾਪਰ ਗਿਆ, ਜਦੋਂ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਘਰ ਜਾ ਰਿਹਾ ਸੀ। ਅਚਾਨਕ ਜਦੋਂ ਉਹ ਮੇਨ ਹੋਲ ਦੇ ਕੋਲ ਪਹੁੰਚਿਆ, ਤਾਂ ਉਸ ਦਾ ਪੈਰ ਸਲਿਪ ਹੋ ਗਿਆ ਅਤੇ ਉਹ ਸਿੱਧਾ ਜਾ ਕੇ ਸੀਵਰੇਜ ਵਿੱਚ ਜਾ ਕੇ ਡਿੱਗ ਗਿਆ।
ਵੱਡਾ ਹਾਦਸਾ ਟਲਿਆ
ਸੀਵਰੇਜ ਡੂੰਘਾ ਹੋਣ ਕਰਕੇ ਪਹਿਲਾਂ ਵਿਅਕਤੀ ਨੂੰ ਬਾਹਰ ਕੱਢਿਆ ਗਿਆ। ਉਸ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਕਾਫੀ ਮਸ਼ੱਕਤ ਤੋਂ ਬਾਅਦ ਬੱਚਿਆਂ ਨੂੰ ਵੀ ਇਸ ਸੀਵਰੇਜ ਤੋਂ ਬਾਹਰ ਕੱਢਿਆ ਗਿਆ ਹਾਲਾਂਕਿ ਬੱਚਿਆਂ ਦੇ ਅਤੇ ਉਸ ਦੇ ਪਿਤਾ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ, ਪਰ ਇੱਕ ਵੱਡਾ ਹਾਦਸਾ ਹੋਣ ਤੋਂ ਜਰੂਰ ਟਲ ਗਿਆ। ਇਸ ਘਟਨਾ ਦੌਰਾਨ ਬੱਚਿਆਂ ਦੀ ਜਾਨ ਵੀ ਜਾ ਸਕਦੀ ਸੀ।
ਸੀਸੀਟੀਵੀ ਵਿੱਚ ਕੈਦ ਹੋਈਆਂ ਤਸਵੀਰਾਂ
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਕੂਲ ਤੋਂ ਛੁੱਟੀ ਦੇ ਵੇਲੇ ਆਉਂਦੇ ਹੋਏ ਸਕੂਲ ਦੇ ਵਿਦਿਆਰਥੀ ਜਿਨਾਂ ਨੇ ਸਕੂਲ ਦੀ ਵਰਦੀ ਪਾਈ ਹੋਈ ਹੈ, ਆਪਣੇ ਪਿਤਾ ਦੇ ਨਾਲ ਉਹ ਮੋਟਰਸਾਈਕਲ ਉੱਤੇ ਬੈਠੇ ਹਨ ਅਤੇ ਅਚਾਨਕ ਮੋਟਰਸਾਈਕਲ ਜਦੋਂ ਸੀਵਰੇਜ ਦੇ ਕੋਲ ਅੱਗੇ ਰੁਕਦੀ ਹੈ, ਤਾਂ ਦੋਵੇਂ ਬੱਚੇ ਅਤੇ ਉਨ੍ਹਾਂ ਦੇ ਪਿਤਾ ਸੀਵਰੇਜ ਵਿੱਚ ਡਿੱਗ ਜਾਂਦੇ ਹਨ। ਇਸ ਤੋਂ ਬਾਅਦ ਲੋਕ ਇਕੱਠੇ ਹੋ ਜਾਂਦੇ ਹਨ ਅਤੇ ਕਾਫੀ ਰੌਲਾ ਪੈਂਦਾ ਹੈ ਅਤੇ ਲੋਕਾਂ ਦੀ ਮਦਦ ਦੇ ਨਾਲ ਇਨ੍ਹਾਂ ਨੂੰ ਬਾਹਰ ਕੱਢਿਆ ਜਾਂਦਾ ਹੈ।
ਭਾਜਪਾ ਆਗੂ ਨੇ ਘੇਰਿਆ ਪ੍ਰਸ਼ਾਸਨ
ਇਸ ਪੂਰੇ ਮਾਮਲੇ ਨੂੰ ਲੈ ਕੇ ਭਾਜਪਾ ਦੇ ਆਗੂ ਅਤੇ ਸਾਬਕਾ ਬੀਸੀ ਵਿੰਗ ਦੇ ਚੇਅਰਮੈਨ ਨੇ ਪ੍ਰਸ਼ਾਸਨ ਉੱਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇੱਕ ਵੱਡਾ ਹਾਦਸਾ ਅੱਜ ਵਾਪਰ ਸਕਦਾ ਸੀ। ਭਾਵੇਂ ਲੋਕਾਂ ਦੀ ਮਦਦ ਦੇ ਨਾਲ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਪਿਤਾ ਨੂੰ ਬਚਾ ਲਿਆ ਗਿਆ, ਪਰ ਜੇਕਰ ਨੇੜੇ ਤੇੜੇ ਕੋਈ ਨਾ ਹੁੰਦਾ ਜਾਂ ਰਾਤ ਦਾ ਸਮਾਂ ਹੁੰਦਾ ਤਾਂ ਹਾਦਸਾ ਵੱਡਾ ਹੋ ਸਕਦਾ ਸੀ। ਇਸ ਉੱਤੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ।
ਪ੍ਰਸ਼ਾਸਨ ਨੂੰ ਸਖ਼ਤ ਐਕਸ਼ਨ ਲੈਣ ਦੀ ਲੋੜ
ਭਾਜਪਾ ਆਗੂ ਨੇ ਕਿਹਾ ਕਿ ਜਿਨ੍ਹਾਂ ਨੇ ਇਸ ਕੰਮ ਨੂੰ ਸ਼ੁਰੂ ਕੀਤਾ ਹੈ ਅਤੇ ਉਨ੍ਹਾਂ ਵਲੋਂ ਕੰਮ ਪੂਰਾ ਨਹੀਂ ਕੀਤਾ ਜਾ ਰਿਹਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਜਿਹੜੇ ਢੱਕਣ ਸੀਵਰੇਜ ਦੇ ਖੁੱਲੇ ਰੱਖੇ ਹਨ। ਉਨ੍ਹਾਂ ਸਬੰਧੀ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ, ਤਾਂ ਜੋ ਕਿਸੇ ਹੋਰ ਦੇ ਨਾਲ ਅਜਿਹਾ ਹਾਦਸਾ ਨਾ ਵਾਪਰ ਸਕੇ।