ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਨੌਜਵਾਨ ਗਾਇਕ ਸੱਜਣ ਅਦੀਬ, ਜੋ ਇੱਕ ਵਾਰ ਫਿਰ ਸੰਗੀਤਕ ਪਿੜ੍ਹ 'ਚ ਅਪਣੀ ਪ੍ਰਭਾਵੀ ਆਮਦ ਦਾ ਇਜ਼ਹਾਰ ਕਰਵਾਉਣ ਲਈ ਤਿਆਰ ਹਨ, ਜੋ ਅਪਣੀ ਇੱਕ ਵਿਸ਼ੇਸ਼ ਐਲਬਮ 'ਸਿਕੰਦਰ' ਜਲਦ ਹੀ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨਗੇ।
'ਸੱਜਣ ਅਦੀਬ ਮਿਊਜ਼ਿਕ' ਅਤੇ 'ਲੱਖੀ ਲਸੋਈ' ਵੱਲੋਂ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉੱਪਰ ਜਾਰੀ ਕੀਤੀ ਜਾ ਰਹੀ ਉਕਤ ਐਲਬਮ ਦੇ ਗੀਤਾਂ ਦੀ ਰਚਨਾ ਸ਼ਾਇਰ ਸਦੀਕ, ਗੁਰਜੱਸ ਸਿੱਧੂ, ਵਿੱਕੀ ਭੁੱਲਰ ਅਤੇ ਜੰਗਾ ਢਿੱਲੋਂ ਵੱਲੋਂ ਕੀਤੀ ਗਈ ਹੈ, ਜਦਕਿ ਗੀਤਾਂ ਦੀ ਸੰਗੀਤਬੱਧਤਾ ਨੂੰ ਮੈਕਸਰਸੀ, ਦੇਸੀ ਕਰਿਊ, ਗੈਫੀ, ਤਰਨ ਡੀ ਅਤੇ ਮਿਕਸ ਸਿੰਘ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।
ਆਧੁਨਿਕਤਾ ਭਰੀ ਸੰਗੀਤਕ ਸੁਮੇਲਤਾ ਦਾ ਨਿਵੇਕਲਾ ਪ੍ਰਗਟਾਵਾ ਕਰਵਾਉਂਦੀ ਉਕਤ ਐਲਬਮ ਵਿੱਚ ਵੱਖੋ-ਵੱਖਰੇ ਸੰਗੀਤਕ ਰੰਗਾਂ ਦੀ ਤਰਜ਼ਮਾਨੀ ਕਰਦੇ ਛੇ ਗਾਣਿਆ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵਿੱਚ 'ਸੈਲਫਮੇਡ', 'ਮਹਿਫਲਾਂ', 'ਬੇਰ ਟੀਸੀ ਦਾ', 'ਥੈਂਕ ਯੂ ਗੌਡ', 'ਪੱਕੇ ਕੰਗਣ' ਅਤੇ 'ਚੰਨਾਂ ਵੇ ਚੰਨਾਂ' ਸ਼ੁਮਾਰ ਹਨ, ਜੋ ਬੇਹੱਦ ਉੱਚ ਪੱਧਰੀ ਸੰਗੀਤਕ ਮਾਰਕਾ ਅਧੀਨ ਹੋਂਦ ਵਿੱਚ ਲਿਆਂਦੇ ਜਾ ਰਹੇ ਹਨ।
ਪਹਿਲਾਂ ਲੁੱਕ ਜਾਰੀ ਹੁੰਦਿਆਂ ਹੀ ਸੰਗੀਤਕ ਜਗਤ ਵਿੱਚ ਸਨਸਨੀ ਬਣਦੀ ਜਾ ਰਹੀ ਉਕਤ ਐਲਬਮ ਦੇ ਮਿਊਜ਼ਿਕ ਵੀਡੀਓਜ਼ ਦਾ ਫਿਲਮਾਂਕਣ ਵੀ ਬੇਹੱਦ ਵਿਸ਼ਾਲ ਕੈਨਵਸ ਅਧੀਨ ਕੀਤਾ ਜਾ ਰਿਹਾ, ਜਿੰਨ੍ਹਾਂ ਨੂੰ ਪੜਾਅ-ਦਰ-ਪੜਾਅ ਦਰਸ਼ਕਾਂ ਦੇ ਸਨਮੁੱਖ ਕੀਤੇ ਜਾਣ ਦੀ ਕਵਾਇਦ ਤੇਜ਼ੀ ਨਾਲ ਜਾਰੀ ਹੈ।
ਅਗਾਮੀ ਦਿਨੀਂ 02 ਦਸੰਬਰ ਨੂੰ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕੀਤੀ ਜਾ ਰਹੀ ਉਕਤ ਐਲਬਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਗਾਇਕ ਸੱਜਣ ਅਦੀਬ, ਜੋ ਆਉਣ ਵਾਲੇ ਦਿਨਾਂ ਵਿੱਚ ਕੁਝ ਵੱਡੀਆਂ ਪੰਜਾਬੀ ਫਿਲਮਾਂ ਵਿੱਚ ਵੀ ਬਤੌਰ ਅਦਾਕਾਰ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣਗੇ।
ਇਹ ਵੀ ਪੜ੍ਹੋ: