ਮੁੰਬਈ: 90 ਅਤੇ 2000 ਦੇ ਦਹਾਕੇ ਵਿੱਚ ਆਪਣੀ ਮਾਧੁਰ ਆਵਾਜ਼ ਤੋਂ ਸੰਗੀਤ ਜਗਤ ਉਤੇ ਰਾਜ਼ ਕਰਨ ਵਾਲੀ ਗਾਇਕਾ ਅਲਕਾ ਯਾਗਨਿਕ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉਤੇ ਆਪਣੀ ਸਿਹਤ ਨਾਲ ਸੰਬੰਧੀ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਦੇ ਜ਼ਰੀਏ ਉਸ ਨੇ ਖੁਲਾਸਾ ਕੀਤਾ ਹੈ ਕਿ ਕੁੱਝ ਹਫ਼ਤੇ ਪਹਿਲੇ ਉਨ੍ਹਾਂ ਨੂੰ ਅਚਾਨਕ ਸੁਣਨਾ ਬੰਦ ਹੋ ਗਿਆ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਉੱਚੀ ਆਵਾਜ਼ ਵਾਲੇ ਮਿਊਜ਼ਿਕ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਉੱਥੇ ਹੀ ਸੋਨੂੰ ਨਿਗਮ ਸਮੇਤ ਕਈ ਵੱਡੇ ਗਾਇਕਾਂ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਵੀ ਕੀਤੀ ਹੈ।
ਉਲੇਖਯੋਗ ਹੈ ਕਿ ਸੋਮਵਾਰ (17ਜੂਨ) ਨੂੰ ਗਾਇਕਾ ਅਲਕਾ ਯਾਗਨਿਕ ਨੇ ਆਪਣੇ ਅਧਿਕਾਰਤ ਅਕਾਉਂਟ ਉਤੇ ਇਸ ਪੋਸਟ ਦੇ ਨਾਲ ਲੰਮਾ ਨੋਟ ਸਾਂਝਾ ਕੀਤਾ ਹੈ, ਇਸ ਪੋਸਟ ਵਿੱਚ ਉਨ੍ਹਾਂ ਨੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਖੁਲਾਸਾ ਕਰਦੇ ਹੋਏ ਲਿਖਿਆ, 'ਮੇਰੇ ਸਾਰੇ ਫੈਨਜ਼ ਅਤੇ ਦੋਸਤ-ਫਾਲੋਅਰਜ਼ ਲਈ...ਕੁਝ ਹਫ਼ਤੇ ਪਹਿਲਾਂ ਜਦੋਂ ਮੈਂ ਫਲਾਈਟ ਤੋਂ ਉਤਰੀ ਤਾਂ ਮੈਨੂੰ ਅਚਾਨਕ ਅਹਿਸਾਸ ਹੋਇਆ ਕਿ ਮੈਂ ਕੁਝ ਵੀ ਨਹੀਂ ਸੁਣ ਸਕਦੀ, ਇਸ ਘਟਨਾ ਤੋਂ ਬਾਅਦ ਦੇ ਹਫ਼ਤਿਆਂ ਵਿੱਚ ਕੁਝ ਹਿੰਮਤ ਪੈਦਾ ਕਰਦੇ ਹੋਏ ਮੈਂ ਆਪਣੇ ਸਾਰੇ ਦੋਸਤਾਂ ਅਤੇ ਸ਼ੁਭਚਿੰਤਕਾਂ ਲਈ ਆਪਣੀ ਚੁੱਪ ਤੋੜਨਾ ਚਾਹੁੰਦੀ ਹਾਂ, ਜੋ ਮੈਨੂੰ ਪੁੱਛ ਰਹੇ ਹਨ ਕਿ ਮੈਂ ਕਿਉਂ ਗਾਇਬ ਹਾਂ। ਮੇਰੇ ਡਾਕਟਰਾਂ ਨੇ ਇਸ ਨੂੰ ਇੱਕ ਵਾਇਰਲ ਹਮਲੇ ਦੇ ਕਾਰਨ ਇੱਕ ਦੁਰਲੱਭ ਦਿਮਾਗੀ ਨਸਾਂ ਦੇ ਨੁਕਸਾਨ ਵਜੋਂ ਦੱਸਿਆ ਹੈ, ਇਸ ਅਚਾਨਕ, ਵੱਡੇ ਸਦਮੇ ਨੇ ਮੈਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ ਹੈ।'