ਹੈਦਰਾਬਾਦ: ਸਲਮਾਨ ਖਾਨ ਦੇ ਘਰ ਦੇ ਬਾਹਰ ਫਾਈਰਿੰਗ ਮਾਮਲੇ ਦੇ ਮੁਲਜ਼ਮ ਅਨੁਜ ਥਾਪਨ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਪੁਲਿਸ ਨੇ ਅਨੁਜ ਦਾ ਕਤਲ ਕੀਤਾ ਹੈ। ਜੀ ਹਾਂ...ਬੀਤੇ ਬੁੱਧਵਾਰ ਨੂੰ ਮੁੰਬਈ ਪੁਲਿਸ ਨੇ ਪੁਸ਼ਟੀ ਕੀਤੀ ਸੀ ਕਿ ਮੁਲਜ਼ਮ ਅਨੁਜ ਨੇ ਪੁਲਿਸ ਹਿਰਾਸਤ ਵਿੱਚ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਭਰਾ ਅਭਿਸ਼ੇਕ ਥਾਪਨ ਨੇ ਕਿਹਾ ਕਿ ਅਨੁਜ ਖੁਦਕੁਸ਼ੀ ਨਹੀਂ ਕਰ ਸਕਦਾ। ਮ੍ਰਿਤਕ ਦੇ ਭਰਾ ਅਭਿਸ਼ੇਕ ਨੇ 'ਇਨਸਾਫ਼' ਦੀ ਮੰਗ ਕੀਤੀ ਹੈ।
ਅਭਿਸ਼ੇਕ ਥਾਪਨ ਨੇ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਕਿਹਾ, 'ਅਨੁਜ ਨੂੰ 6-7 ਦਿਨ ਪਹਿਲਾਂ ਮੁੰਬਈ ਪੁਲਿਸ ਸੰਗਰੂਰ ਤੋਂ ਚੁੱਕ ਕੇ ਲੈ ਗਈ ਸੀ। 1 ਮਈ ਨੂੰ ਸਾਨੂੰ ਫੋਨ ਆਇਆ ਕਿ ਅਨੁਜ ਨੇ ਖੁਦਕੁਸ਼ੀ ਕਰ ਲਈ ਹੈ। ਉਹ ਖ਼ੁਦਕੁਸ਼ੀ ਕਰਨ ਵਾਲਾ ਨਹੀਂ ਸੀ। ਪੁਲਿਸ ਨੇ ਉਸਦਾ ਕਤਲ ਕਰ ਦਿੱਤਾ ਹੈ। ਅਸੀਂ ਇਨਸਾਫ਼ ਚਾਹੁੰਦੇ ਹਾਂ। ਉਹ ਟਰੱਕ ਹੈਲਪਰ ਦਾ ਕੰਮ ਕਰਦਾ ਸੀ।'
ਮ੍ਰਿਤਕ ਦੇ ਜੱਦੀ ਪਿੰਡ ਦੇ ਸਰਪੰਚ ਮਨੋਜ ਗੋਦਾਰਾ ਨੇ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, 'ਇਹ ਮਾਮਲਾ ਸ਼ੁਰੂ ਤੋਂ ਹੀ ਸ਼ੱਕੀ ਹੈ। ਪਰਿਵਾਰ ਵਿੱਚ ਦੋ ਭਰਾ, ਇੱਕ ਭੈਣ ਅਤੇ ਇੱਕ ਮਾਂ ਸੀ। ਉਸ ਦਾ ਪਿਤਾ ਨਹੀਂ ਹੈ। ਅਨੁਜ ਇੱਕ ਟਰੱਕ ਡਰਾਈਵਰ ਦੇ ਹੈਲਪਰ ਵਜੋਂ ਕੰਮ ਕਰਦਾ ਸੀ। ਉਸ ਨੂੰ ਮੁੰਬਈ ਪੁਲਿਸ ਨੇ ਪੰਚਾਇਤ ਨੂੰ ਦੱਸੇ ਬਿਨਾਂ ਚੁੱਕ ਲਿਆ। ਪਰਿਵਾਰ ਨੂੰ 1-2 ਦਿਨਾਂ ਬਾਅਦ ਸੂਚਿਤ ਕੀਤਾ ਗਿਆ। ਅਸੀਂ ਸਾਰੇ ਜਾਣਦੇ ਹਾਂ ਕਿ ਪੁਲਿਸ ਹਿਰਾਸਤ ਵਿੱਚ ਕਿੰਨੀ ਕੁ ਸੁਰੱਖਿਆ ਹੁੰਦੀ ਹੈ।'
ਉਨ੍ਹਾਂ ਕਿਹਾ, 'ਇਕ ਪਾਸੇ ਸੁਪਰਸਟਾਰ ਸਲਮਾਨ ਖਾਨ ਹਨ ਅਤੇ ਦੂਜੇ ਪਾਸੇ ਮਜ਼ਦੂਰ ਹਨ। ਦਬਾਅ ਹੇਠ ਆ ਕੇ ਉਨ੍ਹਾਂ ਨੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਇਸ ਨੂੰ ਖੁਦਕੁਸ਼ੀ ਵਰਗਾ ਬਣਾ ਦਿੱਤਾ।' ਇਸ ਤੋਂ ਪਹਿਲਾਂ ਦਿਨ ਵਿੱਚ ਮੁੰਬਈ ਪੁਲਿਸ ਨੇ ਰਿਪੋਰਟ ਦਿੱਤੀ ਸੀ ਕਿ ਥਾਪਨ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਅਤੇ ਲਾਕ-ਅੱਪ ਦੇ ਅੰਦਰ ਆਪਣੇ ਆਪ ਨੂੰ ਫਾਹਾ ਲਗਾ ਲਿਆ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਉਲੇਖਯੋਗ ਹੈ ਕਿ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਈਰਿੰਗ ਮਾਮਲੇ 'ਚ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ 'ਚੋਂ ਇੱਕ ਸੀ ਅਨੁਜ। ਪੁਲਿਸ ਨੇ ਕਿਹਾ ਕਿ ਅਨੁਜ ਥਾਪਨ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ ਸੀਆਈਡੀ ਕਰ ਰਹੀ ਹੈ। ਸਰਪੰਚ ਦੀ ਮੰਗ ਹੈ ਕਿ ਅਨੁਜ ਥਾਪਨ ਦੀ ਲਾਸ਼ ਦਾ ਪੋਸਟਮਾਰਟਮ ਮੁੰਬਈ ਤੋਂ ਬਾਹਰ ਕਰਵਾਇਆ ਜਾਵੇ।