ਲੁਧਿਆਣਾ: ਬਾਲੀਵੁੱਡ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ 31 ਦਸੰਬਰ ਨੂੰ ਲੁਧਿਆਣਾ ਦੇ ਪੀਏਯੂ ਵਿਖੇ ਲਾਈਵ ਸ਼ੋ ਕਰਨ ਜਾ ਰਹੇ ਹਨ। ਵਿਦੇਸ਼ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਤੇ ਫਿਰ ਚੰਡੀਗੜ੍ਹ ਵਿੱਚ ਦਿਲ-ਲੁਮਿਨਾਟੀ ਕੰਸਰਟ ਕੀਤਾ ਸੀ। ਇਸ ਤੋਂ ਬਾਅਦ ਹੁਣ ਉਹ ਆਪਣਾ ਸਾਲ ਦਾ ਆਖਰੀ ਕੰਸਰਟ ਲੁਧਿਆਣਾ 'ਚ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਲੁਧਿਆਣਾ ਦਿਲਜੀਤ ਦੁਸਾਂਝ ਦਾ ਜਨਮ ਸਥਾਨ ਹੈ। ਲੁਧਿਆਣਾ ਤੋਂ ਹੀ ਆਪਣੇ ਭਵਿੱਖ ਦੀ ਸ਼ੁਰੂਆਤ ਦਿਲਜੀਤ ਨੇ ਕੀਤੀ ਸੀ। ਇਸ ਕਰਕੇ ਇਸ ਸ਼ੋਅ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਸ਼ੋਅ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਡ ਮੈਦਾਨ ਵਿੱਚ ਕਰਵਾਇਆ ਜਾ ਰਿਹਾ ਹੈ, ਜਿੱਥੇ ਤਿਆਰੀਆਂ ਜੋਰਾ ਸ਼ੋਰਾਂ ਨਾਲ ਚੱਲ ਰਹੀਆਂ ਹਨ।
ਦਿਲਜੀਤ ਦੀ ਟੀਮ ਵੱਲੋਂ ਇਸ ਸਬੰਧੀ ਅੱਜ ਲੁਧਿਆਣਾ ਪੁਲਿਸ ਨਾਲ ਮੀਟਿੰਗ ਵੀ ਕੀਤੀ ਗਈ ਹੈ। 31 ਦਸੰਬਰ ਨੂੰ ਹੋਣ ਵਾਲੇ ਦਿਲਜੀਤ ਦੁਸਾਂਝ ਦੇ ਸ਼ੋਅ ਦੌਰਾਨ 30 ਤੋਂ 40 ਹਜਾਰ ਲੋਕਾਂ ਦਾ ਇਕੱਠ ਦੇਖਣ ਨੂੰ ਮਿਲੇਗਾ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਰੂਟ ਡਾਈਵਰਟ ਪਹਿਲਾਂ ਤੋਂ ਹੀ ਪਲੈਨਿੰਗ ਕੀਤੀ ਜਾ ਰਹੀ ਹੈ।
ਦਿਲਜੀਤ ਦੀ ਟੀਮ ਨਾਲ ਮੀਟਿੰਗ ਕਰਨ ਤੋਂ ਬਾਅਦ ਲੁਧਿਆਣਾ ਦੇ ਏਡੀਸੀਪੀ ਰਮਨਦੀਪ ਭੁੱਲਰ ਨੇ ਸਾਡੀ ਟੀਮ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਲੋਕਾਂ ਲਈ ਪਾਰਕਿੰਗ ਦੇ ਵੀ ਖਾਸ ਪ੍ਰਬੰਧ ਕੀਤੇ ਗਏ ਹਨ। 31 ਦਸੰਬਰ ਦੀ ਰਾਤ ਵੈਸੇ ਹੀ ਸੜਕਾਂ 'ਤੇ ਕਾਫੀ ਟ੍ਰੈਫਿਕ ਹੋਵੇਗਾ। ਅਜਿਹੇ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਅਤੇ ਕਿਸੇ ਨੂੰ ਪਾਰਕਿੰਗ ਦੀ ਕੋਈ ਸਮੱਸਿਆ ਨਾ ਹੋਵੇ, ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਟ੍ਰੈਫਿਕ 'ਚ ਫਸੇ ਲੋਕਾਂ ਨੂੰ ਵੀ ਕੋਈ ਸਮੱਸਿਆ ਨਾ ਹੋਵੇ, ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਵਾਧੂ ਪੁਲਿਸ ਫੋਰਸ ਵੀ ਲਗਾਈ ਜਾਵੇਗੀ ਤਾਂਕਿ ਸ਼ੋਅ ਦੌਰਾਨ ਕੋਈ ਸਮੱਸਿਆ ਨਾ ਹੋਵੇ। ਦੂਜੇ ਪਾਸੇ ਦਿਲਜੀਤ ਦੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। ਇਸ ਦੌਰਾਨ ਦੋ ਵਿਦਿਆਰਥਣਾਂ ਨੇ ਵੀ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ,"ਪੰਜਾਬੀ ਘਰ ਆ ਗਏ ਓਏ।" ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਉਹ ਆਪਣਾ ਨਵਾਂ ਸਾਲ ਦਿਲਜੀਤ ਦੁਸਾਂਝ ਨਾਲ ਹੀ ਮਨਾਉਂਣਗੇ ਅਤੇ ਉਨ੍ਹਾਂ ਦਾ ਪਰਿਵਾਰ ਇੱਥੇ ਆ ਸਕਦਾ ਹੈ।
ਇਹ ਵੀ ਪੜ੍ਹੋ:-