ਮੁੰਬਈ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਦੋਵੇਂ ਆਰੋਪੀ ਗੁਜਰਾਤ ਦੇ ਕੱਛ 'ਚ ਫੜੇ ਗਏ ਹਨ। ਲੰਬੀ ਪੁੱਛਗਿੱਛ ਤੋਂ ਬਾਅਦ ਭੁਜ ਪੁਲਿਸ ਨੇ ਹੁਣ ਦੋਵਾਂ ਨੂੰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਅੱਜ 16 ਅਪ੍ਰੈਲ ਨੂੰ ਦੋਵੇਂ ਮੁਲਜ਼ਮ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਸਖ਼ਤ ਨਿਗਰਾਨੀ ਹੇਠ ਮੁੰਬਈ ਲਿਆਂਦਾ ਗਿਆ ਹੈ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦੋਹਾਂ ਆਰੋਪੀਆਂ ਦੇ ਮੂੰਹ ਕਾਲੇ ਕੱਪੜੇ ਨਾਲ ਢੱਕ ਕੇ ਮੁੰਬਈ ਲਿਆਂਦਾ ਹੈ। ਸਲਮਾਨ ਖਾਨ ਗੋਲੀਬਾਰੀ ਮਾਮਲੇ ਦੇ ਇਹ ਦੋ ਮੁਲਜ਼ਮ ਅੱਜ ਮੁੰਬਈ ਏਅਰਪੋਰਟ 'ਤੇ ਪੁਲਿਸ ਵਿਚਾਲੇ ਆਉਂਦੇ ਵੇਖੇ ਗਏ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭੁਜ ਪੁਲਿਸ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਇਹ ਦੋਵੇਂ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਤ ਹਨ। ਜ਼ਿਕਰਯੋਗ ਹੈ ਕਿ ਜੇਲ੍ਹ 'ਚ ਬੰਦ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ਤੋਂ ਬਾਅਦ ਅਨਮੋਲ ਨੇ ਫੇਸਬੁੱਕ 'ਤੇ ਇੱਕ ਪੋਸਟ ਜਾਰੀ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਨ੍ਹਾਂ ਦੋਵਾਂ ਨੇ 14 ਅਪ੍ਰੈਲ ਦੀ ਸਵੇਰ ਨੂੰ ਸਲਮਾਨ ਖਾਨ ਦੇ ਘਰ ਦੇ ਬਾਹਰ ਚਾਰ ਰਾਉਂਡ ਫਾਇਰ ਕੀਤੇ ਸਨ, ਜਿਨ੍ਹਾਂ 'ਚੋਂ ਇੱਕ ਗੋਲੀ ਸਲਮਾਨ ਖਾਨ ਦੇ ਮੁੰਬਈ ਅਪਾਰਟਮੈਂਟ ਗਲੈਕਸੀ ਦੀ ਕੰਧ 'ਚ ਜਾ ਲੱਗੀ ਸੀ।
ਇਸ ਦੇ ਨਾਲ ਹੀ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਖਤ ਪੁਲਿਸ ਸੁਰੱਖਿਆ 'ਚ ਰੱਖਿਆ ਗਿਆ ਹੈ ਅਤੇ ਅਦਾਕਾਰ ਨੂੰ ਘਰ ਤੋਂ ਬਾਹਰ ਨਾ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ 'ਤੇ ਸਲਮਾਨ ਖਾਨ ਦੇ ਭਰਾ ਅਤੇ ਅਦਾਕਾਰ ਅਰਬਾਜ਼ ਖਾਨ ਨੇ ਆਪਣੀ ਇੱਕ ਪੋਸਟ 'ਚ ਕਿਹਾ ਸੀ ਕਿ ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸਦਮੇ 'ਚ ਹੈ। ਸਲਮਾਨ ਖਾਨ ਗੋਲੀਬਾਰੀ ਮਾਮਲੇ 'ਚ ਮੁੰਬਈ ਲਿਆਂਦੇ ਗਏ ਇਨ੍ਹਾਂ ਦੋਹਾਂ ਦੋਸ਼ੀਆਂ ਖਿਲਾਫ ਮੁੰਬਈ ਪੁਲਿਸ ਹੁਣ ਪੂਰੀ ਜਾਂਚ ਕਰੇਗੀ।