ਮੁੰਬਈ (ਬਿਊਰੋ):ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦਾ ਮਾਮਲਾ ਸੁਰਖੀਆਂ 'ਚ ਹੈ। ਇਸ ਮਾਮਲੇ 'ਚ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਮੰਗਲਵਾਰ ਨੂੰ ਰਾਜਸਥਾਨ ਤੋਂ ਪੰਜਵੇਂ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਫੀਕ ਚੌਧਰੀ ਵਜੋਂ ਹੋਈ ਹੈ। ਇਸ ਨੇ ਹਮਲੇ ਵਿੱਚ ਸ਼ਾਮਲ ਦੋ ਹਮਲਾਵਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਭੂਮਿਕਾ ਨਿਭਾਈ ਸੀ। ਪੁਲਿਸ ਜਾਂਚ ਵਿੱਚ ਕੁੱਝ ਜਾਣਕਾਰੀਆਂ ਸਾਹਮਣੇ ਆਈਆਂ ਹਨ।
ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਮੁਲਜ਼ਮਾਂ ਨੇ ਰੇਕੀ 'ਤੇ ਵੀਡੀਓ ਬਣਾ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਸੌਂਪ ਦਿੱਤੀ ਸੀ। ਮੁੰਬਈ ਪੁਲਿਸ ਫਿਲਹਾਲ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬਿਸ਼ਨੋਈ ਰਫੀਕ ਚੌਧਰੀ ਦੇ ਜ਼ਰੀਏ ਕਿਸ ਤਰ੍ਹਾਂ ਦਾ ਕੰਮ ਕਰਵਾਉਂਦਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਰਫੀਕ ਨੇ ਹਮਲੇ ਤੋਂ ਪਹਿਲਾਂ ਕਈ ਵਾਰ ਸਲਮਾਨ ਖਾਨ ਦੇ ਘਰ ਦਾ ਸਰਵੇਖਣ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਮੁਲਜ਼ਮ ਨੇ ਸਲਮਾਨ ਦੇ ਘਰ ਦਾ ਵੀਡੀਓ ਰਿਕਾਰਡ ਕਰਕੇ ਬਿਸ਼ਨੋਈ ਨੂੰ ਭੇਜਿਆ ਸੀ।