ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ, ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਕੁੱਝ ਸਮਾਂ ਪਹਿਲਾਂ ਗਾਇਕ ਦੀ ਨਵੀਂ ਫਿਲਮ ਦਾ ਐਲਾਨ ਕੀਤਾ ਗਿਆ ਸੀ। ਅੱਜ 1 ਫਰਵਰੀ ਨੂੰ ਗਾਇਕ ਦੀ ਇਹ ਦਮਦਾਰ ਫਿਲਮ 'ਮਿੰਦਾ ਲਲਾਰੀ' ਮਸ਼ਹੂਰ ਸ਼ੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ ਉਤੇ ਸ਼ਾਮ 6 ਵਜੇ ਰਿਲੀਜ਼ ਹੋ ਜਾਵੇਗੀ।
ਉਲੇਖਯੋਗ ਹੈ ਕਿ ਇਸ ਫਿਲਮ ਦੇ ਟੀਜ਼ਰ ਅਤੇ ਟ੍ਰੇਲਰ ਨੂੰ ਪਹਿਲਾਂ ਹੀ ਪ੍ਰਸ਼ੰਸਕਾਂ ਵੱਲੋਂ ਰੱਜ ਕੇ ਪਿਆਰ ਦਿੱਤਾ ਜਾ ਚੁੱਕਾ ਹੈ। ਟ੍ਰੇਲਰ ਨੂੰ 'ਟੇਡੀ ਪੱਗ ਰਿਕਾਰਡਸ' ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਸੀ। ਹੁਣ ਫਿਲਮ ਵੀ ਇਸੇ ਪਲੇਟਫਾਰਮ ਉਤੇ ਰਿਲੀਜ਼ ਹੋਣ ਜਾ ਰਹੀ ਹੈ।
ਇਸ ਫਿਲਮ ਦੇ ਟ੍ਰੇਲਰ ਵਿੱਚ ਦਰਸਾਇਆ ਗਿਆ ਹੈ ਕਿ ਇਹ 'ਮਿੰਦਾ ਲਲਾਰੀ' ਦੀ ਕਹਾਣੀ ਹੈ ਅਤੇ ਮੁੱਖ ਕਿਰਦਾਰ ਰਵਿੰਦਰ ਗਰੇਵਾਲ ਨੇ ਨਿਭਾਇਆ ਹੈ। ਇਹ ਕਹਾਣੀ ਇੱਕ ਸਾਈਕੋ ਕਿਲਰ 'ਤੇ ਆਧਾਰਿਤ ਹੈ ਜੋ ਦੇਖਣ ਵਿੱਚ ਬਹੁਤ ਮਾਸੂਮ ਹੈ ਪਰ ਕਈ ਲੋਕਾਂ ਨੂੰ ਮਾਰ ਦਿੰਦਾ ਹੈ। ਦੂਜੇ ਪਾਸੇ ‘ਮਿੰਦਾ ਲਲਾਰੀ’ ਵੀ ਇੱਕ ਖਤਰਨਾਕ ਅਪਰਾਧੀ ਹੈ।
ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਰਵਿੰਦਰ ਗਰੇਵਾਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਵਿੱਚ ਰਵਿੰਦਰ ਗਰੇਵਾਲ ਤੋਂ ਇਲਾਵਾ ਜਾਨਵੀਰ ਕੌਰ, ਫਤਿਹ ਪ੍ਰਤਾਪ ਸਿੰਘ, ਸੁਖਦੇਵ ਬਰਨਾਲਾ, ਜਸਬੀਰ ਗਿੱਲ, ਪਵਨ ਧੀਮਾਨ, ਮੋਹੰਤੀ ਸ਼ਰਮਾ, ਬੂਟਾ ਗਰੇੜੀ, ਪਰਵੀਨ ਬਾਨੀ, ਗੁਰਪ੍ਰੀਤ ਘੋਲੀ, ਪਰਮਜੀਤ ਸ਼ੀਤਲ ਅਤੇ ਅਮਨਪ੍ਰੀਤ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰੀ ਪੈਣਗੇ।
'ਮਿੰਦਾ ਲਲਾਰੀ' ਦਾ ਨਿਰਦੇਸ਼ਨ ਹਾਕਮ ਅਤੇ ਸੈਂਡੀ ਨੇ ਕੀਤਾ ਹੈ। ਇਸ ਤੋਂ ਇਲਾਵਾ ‘ਮਿੰਦਾ ਲਲਾਰੀ’ ਕਹਾਣੀ ਦੀ ਡਾ. ਸਤਨਾਮ ਸਿੰਘ ਹੁੰਦਲ ਦੁਆਰਾ ਰਚੀ ਗਈ ਹੈ ਅਤੇ ਫਿਲਮ ਦਾ ਸਕ੍ਰੀਨਪਲੇਅ ਅਤੇ ਡਾਇਲਾਗ ਵੀ ਡਾ. ਸਤਨਾਮ ਸਿੰਘ ਹੁੰਦਲ ਦੁਆਰਾ ਹੀ ਲਿਖੇ ਗਏ ਹਨ। 'ਮਿੰਦਾ ਲਲਾਰੀ' ਨੂੰ ਗਾਇਕ ਰਵਿੰਦਰ ਗਰੇਵਾਲ ਵੱਲੋਂ 'ਰਵਿੰਦਰ ਗਰੇਵਾਲ ਪ੍ਰੋਡਕਸ਼ਨ' ਅਤੇ 'ਟੇਡ ਪੈਗ ਰਿਕਾਰਡਸ' ਦੇ ਬੈਨਰ ਹੇਠ ਪੇਸ਼ ਕੀਤਾ ਗਿਆ ਹੈ।
ਦਿਲਚਸਪ ਗੱਲ ਇਹ ਵੀ ਹੈ ਕਿ ਯੂਟਿਊਬ ਉਤੇ ਰਿਲੀਜ਼ ਕਰਨ ਤੋਂ ਪਹਿਲਾਂ ਇਸ ਫਿਲਮ ਨੂੰ 19 ਅਕਤੂਬਰ 2023 ਨੂੰ ਪੰਜਾਬੀ ਓਟੀਟੀ ਪਲੇਟਫਾਰਮ ਚੌਪਾਲ ਉਤੇ ਰਿਲੀਜ਼ ਕਰ ਦਿੱਤਾ ਗਿਆ ਹੈ।