ਚੰਡੀਗੜ੍ਹ: ਭਾਰਤੀ ਕ੍ਰਿਕਟ ਟੀਮ ਦਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇਸ ਸਮੇਂ ਕਈ ਚੀਜ਼ਾਂ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਿਹਾ ਹੈ। ਕ੍ਰਿਕਟ ਵਿੱਚ ਆਪਣੇ ਪ੍ਰਦਰਸ਼ਨ ਤੋਂ ਇਲਾਵਾ ਗਾਇਕ ਇਸ ਸਮੇਂ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਚਰਚਾ ਵਿੱਚ ਹੈ।
ਜੀ ਹਾਂ...ਦਰਅਸਲ, ਹਾਲ ਹੀ ਵਿੱਚ ਇਸ ਸ਼ਾਨਦਾਰ ਗੇਂਦਬਾਜ਼ ਦੀ ਭੈਣ ਗੁਰਲੀਨ ਕੌਰ ਦਾ ਵਿਆਹ ਸੀ, ਜਿਸ ਦੀਆਂ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ, ਇਸੇ ਦੌਰਾਨ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਕ੍ਰਿਕਟਰ ਦੀ ਭੈਣ ਦੇ ਵਿਆਹ ਉਤੇ ਪੰਜਾਬੀ ਗਾਇਕ ਅਰਜਨ ਢਿੱਲੋਂ ਅਤੇ ਬਨੀ ਜੌਹਲ ਗਾਉਂਦੇ ਨਜ਼ਰੀ ਪੈ ਰਹੇ ਹਨ।
ਸੋਸ਼ਲ ਮੀਡੀਆ ਉਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਰਸ਼ਦੀਪ ਨੇ ਨੀਲੇ ਰੰਗ ਦਾ ਪੈਂਟ ਕੋਟ ਪਾਇਆ ਹੋਇਆ ਹੈ, ਜਿਸ ਦੇ ਨਾਲ ਕ੍ਰਿਕਟਰ ਨੇ ਫਿੱਕੇ ਹਰੇ ਰੰਗ ਦੀ ਪੱਗ ਨੂੰ ਮੈਚ ਕੀਤਾ ਹੈ, ਦੂਜੇ ਪਾਸੇ ਗਾਇਕ ਅਰਜਨ ਢਿੱਲੋਂ ਨੇ ਫਿੱਕੇ ਪੀਲੇ ਰੰਗ ਦਾ ਪੈਂਟ ਕੋਟ ਪਾਇਆ ਹੋਇਆ ਹੈ, ਜਿਸ ਦੌਰਾਨ ਗਾਇਕ ਆਪਣਾ ਗੀਤ "ਤੂੰ ਜਦੋਂ ਆਉਣਾ ਹੈ" ਗਾਉਂਦਾ ਨਜ਼ਰੀ ਪੈਂਦਾ ਹੈ।
ਇਸ ਦੇ ਨਾਲ ਹੀ ਗਾਇਕ ਬਨੀ ਜੌਹਲ ਨੇ ਵੀ ਵਿਆਹ ਦੀਆਂ ਵੀਡੀਓਜ਼ ਆਪਣੇ ਇੰਸਟਾਗ੍ਰਾਮ ਉਤੇ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਉਹ ਜੋੜੀ ਨੂੰ ਆਸ਼ੀਰਵਾਦ ਦਿੰਦੇ ਨਜ਼ਰੀ ਪੈ ਰਹੇ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਨੇ ਅਸਮਾਨੀ ਰੰਗ ਦਾ ਕੁੜਤਾ ਚਾਦਰਾ ਪਾਇਆ ਹੋਇਆ ਹੈ ਅਤੇ ਪੂਰੇ ਜੋਸ਼ ਨਾਲ ਗਾਇਕ ਵਿਆਹ ਦੇ ਰੰਗ ਨੂੰ ਦੋਗੁਣਾ ਕਰਦਾ ਨਜ਼ਰੀ ਪੈ ਰਿਹਾ ਹੈ।
ਇਸ ਦੌਰਾਨ ਜੇਕਰ ਦੁਬਾਰਾ ਕ੍ਰਿਕਟਰ ਅਰਸ਼ਦੀਪ ਸਿੰਘ ਬਾਰੇ ਗੱਲ ਕਰੀਏ ਤਾਂ ਅਰਸ਼ਦੀਪ ਸਿੰਘ ਦਾ ਜਨਮ 5 ਫਰਵਰੀ 1999 ਨੂੰ ਹੋਇਆ ਹੈ। ਉਸ ਨੇ ਆਪਣੀ ਸਕੂਲੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ। ਅਰਸ਼ਦੀਪ 13 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਖੇਡ ਰਿਹਾ ਹੈ। ਉਸਨੇ 2015 ਵਿੱਚ ਜਸਵੰਤ ਰਾਏ ਕ੍ਰਿਕਟ ਅਕੈਡਮੀ ਚੰਡੀਗੜ੍ਹ ਤੋਂ ਆਪਣੀ ਗੇਂਦਬਾਜ਼ੀ ਨੂੰ ਤੇਜ਼ ਕੀਤਾ। ਉਸਨੇ ਰਾਜ ਪੱਧਰ 'ਤੇ ਚੰਡੀਗੜ੍ਹ ਅਤੇ ਪੰਜਾਬ ਦੀਆਂ ਟੀਮਾਂ ਲਈ ਕ੍ਰਿਕਟ ਖੇਡੀ। ਹੁਣ ਉਹ ਘਰੇਲੂ ਕ੍ਰਿਕਟ ਵਿੱਚ ਪੰਜਾਬ ਲਈ ਖੇਡਦਾ ਹੈ। ਇਸ ਦੇ ਨਾਲ ਹੀ ਉਹ ਆਈਪੀਐਲ ਵਿੱਚ ਪੰਜਾਬ ਕਿੰਗਜ਼ ਲਈ ਖੇਡਦਾ ਹੈ। ਉਸਨੇ 2019 ਵਿੱਚ ਆਈਪੀਐਲ ਵਿੱਚ ਆਪਣਾ ਡੈਬਿਊ ਕੀਤਾ ਸੀ। ਅਰਸ਼ਦੀਪ ਇਸ ਸਮੇਂ ਭਾਰਤੀ ਟੀਮ ਦਾ ਖਾਸ ਖਿਡਾਰੀ ਬਣ ਚੁੱਕਿਆ ਹੈ।
ਇਹ ਵੀ ਪੜ੍ਹੋ: