ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸਫ਼ਲਤਮ ਅਤੇ ਉੱਚ-ਕੋਟੀ ਲੇਖਕ ਵਜੋਂ ਸ਼ੁਮਾਰ ਕਰਵਾਉਂਦੇ ਨਰੇਸ਼ ਕਥੂਰੀਆ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦ ਉਨ੍ਹਾਂ ਦੇ ਮਾਤਾ ਸ਼੍ਰੀਮਤੀ ਸ਼ੀਲਾ ਦੇਵੀ ਕਥੂਰੀਆ ਅਚਾਨਕ ਅਕਾਲ ਚਲਾਣਾ ਕਰ ਗਏ, ਜਿੰਨ੍ਹਾਂ ਨਮਿਤ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਨਗਰ ਗਿੱਦੜਬਾਹਾ ਵਿਖੇ ਹੀ ਰੱਖਿਆ ਗਿਆ ਹੈ।
ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈਆਂ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀਆਂ ਕਈ ਪੰਜਾਬੀ ਫਿਲਮਾਂ ਦਾ ਕਹਾਣੀ ਲੇਖਨ ਕਰ ਚੁੱਕੇ ਹਨ ਨਰੇਸ਼ ਕਥੂਰੀਆ, ਜਿੰਨ੍ਹਾਂ ਵਿੱਚ 'ਕੈਰੀ ਆਨ ਜੱਟਾ 3', 'ਸ਼ਿੰਦਾ ਸ਼ਿੰਦਾ ਨੋ ਪਾਪਾ' ਅਤੇ 'ਮੌਜਾਂ ਹੀ ਮੌਜਾਂ' ਆਦਿ ਸ਼ੁਮਾਰ ਰਹੀਆਂ ਹਨ।
ਇਸ ਤੋਂ ਇਲਾਵਾ ਬਤੌਰ ਅਦਾਕਾਰ ਵੀ ਉਹ ਪਾਲੀਵੁੱਡ ਦੀਆਂ 'ਕੈਰੀ ਆਨ ਜੱਟਾ' ਅਤੇ 'ਮਿਸਟਰ ਐਂਡ ਮਿਸਿਜ਼ 420' ਸੀਰੀਜ਼ ਆਦਿ ਜਿਹੀਆਂ ਕਈ ਫਿਲਮਾਂ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਮਾਲਵਾ ਦੇ ਮਸ਼ਹੂਰ ਕਸਬੇ ਗਿੱਦੜਬਾਹਾ ਤੋਂ ਚੱਲ ਕੇ ਮੁੰਬਈ ਗਲਿਆਰਿਆਂ ਤੱਕ ਚੌਖੀ ਭੱਲ ਸਥਾਪਿਤ ਕਰ ਚੁੱਕੇ ਇਹ ਹੋਣਹਾਰ ਅਦਾਕਾਰ ਅਤੇ ਲੇਖਕ ਸਭ ਤੋਂ ਵੱਧ ਲੇਖਨ ਫੀਸ ਲੈਣ ਵਾਲੇ ਸਟੋਰੀ ਲੇਖਕ ਹੋਣ ਦਾ ਮਾਣ ਵੀ ਅਪਣੇ ਹਿੱਸੇ ਕਰ ਚੁੱਕੇ ਹਨ।
ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਮਜ਼ਬੂਤ ਪੈੜਾਂ ਸਥਾਪਿਤ ਕਰਦੇ ਜਾ ਰਹੇ ਇਹ ਬਿਹਤਰੀਨ ਲੇਖਕ ਬਹੁ-ਚਰਚਿਤ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ ਹਿੰਦੀ ਫਿਲਮ 'ਡ੍ਰੀਮ ਗਰਲ' ਦੇ ਲੇਖਨ ਦਾ ਵੀ ਹਿੱਸਾ ਰਹੇ ਹਨ, ਜਿਸ ਵਿੱਚ ਆਯੂਸ਼ਮਾਨ ਖੁਰਾਣਾ ਵੱਲੋਂ ਲੀਡ ਭੂਮਿਕਾ ਨਿਭਾਈ ਗਈ।
ਫਿਲਮੀ ਦੁਨੀਆਂ ਵਿੱਚ ਨਵੇਂ ਦਿਸਹਿੱਦੇ ਸਿਰਜ ਰਹੇ ਇਹ ਅਜ਼ੀਮ ਅਦਾਕਾਰ ਅਥਾਹ ਰੁਝੇਵਿਆਂ ਦੇ ਬਾਵਜੂਦ ਅਪਣੇ ਜੱਦੀ ਸ਼ਹਿਰ, ਪਰਿਵਾਰ ਅਤੇ ਪੁਰਾਣੇ ਕਰੀਬੀਆਂ ਨਾਲ ਪੂਰੀ ਤਰ੍ਹਾਂ ਜੁੜੇ ਰਹੇ ਹਨ, ਜਿੰਨ੍ਹਾਂ ਦੀ ਸਵਰਗੀ ਮਾਤਾ ਨਮਿਤ ਗਰੁੜ ਪੁਰਾਣ ਪਾਠ ਦਾ ਭੋਗ 27 ਜਨਵਰੀ ਨੂੰ ਦੁਪਿਹਰ ਮਹਾਰਾਜ ਅਗਰਸੈਨ ਧਰਮਸ਼ਾਲਾ, ਨੇੜੇ ਸ਼ਿਵਪੁਰੀ ਗਿੱਦੜਬਾਹਾ ਵਿਖੇ ਪਾਇਆ ਜਾ ਰਿਹਾ ਹੈ, ਜਿੱਥੇ ਅਨੇਕਾਂ ਫਿਲਮੀ ਸ਼ਖਸੀਅਤਾਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।
ਇਹ ਵੀ ਪੜ੍ਹੋ: