ਹੈਦਰਾਬਾਦ: ਅੰਡਰਵਰਲਡ ਡੌਨ ਆਮਿਰ ਸਰਫਰਾਜ਼ ਦੀ ਲਾਹੌਰ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਵਰਣਨਯੋਗ ਹੈ ਕਿ ਆਮਿਰ ਸਰਫਰਾਜ਼ ਨੇ ਆਈਐਸਆਈ ਦੇ ਨਿਰਦੇਸ਼ਾਂ 'ਤੇ ਪਾਕਿਸਤਾਨ ਵਿੱਚ ਕੈਦ ਭਾਰਤੀ ਨਾਗਰਿਕ ਸਰਬਜੀਤ ਦਾ ਕਤਲ ਕੀਤਾ ਸੀ।
ਆਮਿਰ ਸਰਫਰਾਜ਼ ਨੇ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਸਰਬਜੀਤ ਦਾ ਪੋਲੀਥੀਨ ਨਾਲ ਗਲਾ ਘੁੱਟ ਕੇ ਅਤੇ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਸੀ। ਪੰਜਾਬ ਦੇ ਸਰਬਜੀਤ ਨੂੰ ਪਾਕਿਸਤਾਨ ਵਿੱਚ ਜਾਸੂਸੀ ਦੇ ਦੋਸ਼ ਵਿੱਚ ਫੌਜ ਨੇ ਫੜਿਆ ਸੀ। ਇਸ ਦੇ ਨਾਲ ਹੀ ਹੁਣ ਸਰਬਜੀਤ ਦੇ ਕਾਤਲ ਦੀ ਮੌਤ 'ਤੇ ਫਿਲਮ ਸਰਬਜੀਤ 'ਚ ਸਰਬਜੀਤ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਰਣਦੀਪ ਹੁੱਡਾ ਦੀ ਪ੍ਰਤੀਕਿਰਿਆ ਆਈ ਹੈ।
ਸਾਲ 2016 'ਚ ਸਰਬਜੀਤ ਦੀ ਜੀਵਨੀ 'ਸਰਬਜੀਤ' 'ਚ ਦਿਖਾਇਆ ਗਿਆ ਸੀ ਕਿ ਕਿਵੇਂ ਸਰਬਜੀਤ ਨੇ ਪਾਕਿਸਤਾਨ ਦੀ ਜੇਲ੍ਹ 'ਚ ਆਪਣੇ ਦਿਨ ਬਿਤਾਏ ਅਤੇ ਉਸ 'ਤੇ ਕਿਵੇਂ ਤਸ਼ੱਦਦ ਹੋਇਆ। ਸਰਬਜੀਤ ਦਾ 2013 ਵਿੱਚ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ। ਹੁਣ ਸਰਬਜੀਤ ਦੇ ਹੱਤਿਆਰੇ ਦੀ ਮੌਤ 'ਤੇ ਰਣਦੀਪ ਹੁੱਡਾ ਨੇ ਕਿਹਾ ਕਿ 'ਸਰਬਜੀਤ' ਉਤੇ ਫਿਲਮ ਕਰਦੇ ਸਮੇਂ ਇੱਕ ਗੱਲ ਹਮੇਸ਼ਾ ਦੁਖੀ ਕਰਦੀ ਸੀ ਕਿ ਜਦੋਂ ਉਸ ਨੂੰ ਭਾਰਤ ਹਵਾਲੇ ਕਰਨ ਅਤੇ ਉਸ ਦੇ ਪਰਿਵਾਰ ਕੋਲ ਵਾਪਸ ਲਿਆਉਣ ਦੀ ਗੱਲ ਹੋ ਰਹੀ ਸੀ ਤਾਂ ਉਸ ਦਾ ਕਤਲ ਜੇਲ੍ਹ ਵਿੱਚ ਕਰ ਦਿੱਤਾ ਗਿਆ।'
ਦੱਸ ਦੇਈਏ ਕਿ ਰਣਦੀਪ ਨੇ ਸਰਬਜੀਤ ਦੀ ਭੈਣ ਦਲਬੀਰ ਕੌਰ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਿਰਕਤ ਕੀਤੀ ਸੀ। ਸਰਬਜੀਤ ਦੀ ਭੈਣ ਦੀ ਸਾਲ 2022 ਵਿੱਚ ਮੌਤ ਹੋ ਗਈ ਸੀ। ਰਣਦੀਪ ਨੇ ਕਿਹਾ, 'ਦਲਬੀਰ ਨੇ ਸਰਬਜੀਤ ਦੇ ਕਾਤਲ ਦੀ ਮੌਤ ਨੂੰ ਉੱਪਰੋਂ ਮਹਿਸੂਸ ਕੀਤਾ ਹੋਵੇਗਾ ਅਤੇ ਮੈਨੂੰ ਯਕੀਨ ਹੈ ਕਿ ਅੱਜ ਉਹ ਜਿੱਥੇ ਵੀ ਹੋਵੇਗੀ, ਉਹ ਖੁਸ਼ ਹੋਵੇਗੀ।' ਅਦਾਕਾਰ ਨੇ ਕਿਹਾ ਹੈ ਕਿ ਉਹ ਜਲਦੀ ਹੀ ਸਰਬਜੀਤ ਦੀਆਂ ਧੀਆਂ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲ ਕਰਨਗੇ।
ਤੁਹਾਨੂੰ ਦੱਸ ਦੇਈਏ ਫਿਲਮ ਸਰਬਜੀਤ ਦਾ ਨਿਰਦੇਸ਼ਨ ਓਮੰਗ ਕੁਮਾਰ ਨੇ ਕੀਤਾ ਸੀ। ਸਰਬਜੀਤ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 1991 ਵਿੱਚ ਮੌਤ ਦੀ ਸਜ਼ਾ ਸੁਣਾਈ ਸੀ ਅਤੇ ਉਸ ਨੇ 22 ਸਾਲ ਜੇਲ੍ਹ ਵਿੱਚ ਬਿਤਾਏ ਸਨ। ਫਿਲਮ 'ਚ ਐਸ਼ਵਰਿਆ ਰਾਏ, ਰਿਚਾ ਚੱਢਾ ਅਤੇ ਦਰਸ਼ਨ ਕੁਮਾਰ ਅਹਿਮ ਭੂਮਿਕਾਵਾਂ 'ਚ ਸਨ।