ਨਗਾਂਓ: ਅਸਾਮ ਦੇ ਨਗਾਂਓ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੂੰ ਚੱਪਲਾਂ ਦਾ ਜੋੜਾ ਪਹਿਨਣ ਵਿੱਚ 24 ਸਾਲ ਲੱਗ ਗਏ। ਇਸ ਵਿਅਕਤੀ ਦਾ ਨਾਂ ਅਤੁਲ ਦੇਬਨਾਥ ਹੈ। ਹਾਲਾਂਕਿ, ਉਨ੍ਹਾਂ ਨੂੰ ਕੋਈ ਆਰਥਿਕ ਸਮੱਸਿਆ ਜਾਂ ਕੋਈ ਬਿਮਾਰੀ ਵੀ ਨਹੀਂ ਹੈ। ਫਿਰ ਅਜਿਹਾ ਕੀ ਕਾਰਨ ਸੀ ਕਿ 60 ਸਾਲ ਦੇ ਦੇਬਨਾਥ ਨੂੰ 24 ਸਾਲ ਤੱਕ ਜ਼ਮੀਨ 'ਤੇ ਨੰਗੇ ਪੈਰੀਂ ਤੁਰਨਾ ਪਿਆ।
ਅਸਲ ਵਿੱਚ ਅਸਾਮ ਦੇ ਨਗਾਂਓ ਜ਼ਿਲ੍ਹੇ ਦੇ ਸਮਗੁੜੀ ਹਲਕੇ ਦੇ ਵੋਟਰ ਦੇਬਨਾਥ ਨੇ 2001 ਵਿੱਚ ਸਹੁੰ ਚੁੱਕੀ ਸੀ ਕਿ ਉਹ ਆਪਣੇ ਪੈਰਾਂ 'ਚ ਚੱਪਲਾਂ ਉਦੋਂ ਹੀ ਪਾਵੇਗਾ, ਜਦੋਂ ਅਸਾਮ ਗਣ ਪ੍ਰੀਸ਼ਦ (ਏਜੀਪੀ) ਹਲਕੇ ਵਿੱਚ ਦੁਬਾਰਾ ਸੱਤਾ ਵਿੱਚ ਆਵੇਗੀ। ਖੇਤਰੀ ਸਿਆਸੀ ਪਾਰਟੀ ਏਜੀਪੀ ਦੇ ਇੱਕ ਸਮਰਪਿਤ ਜ਼ਮੀਨੀ ਵਰਕਰ ਦੇਬਨਾਥ ਨੂੰ 2001 ਵਿੱਚ ਸਮਗੁਰੀ ਵਿੱਚ ਕਾਂਗਰਸ ਉਮੀਦਵਾਰ ਰਕੀਬੁਲ ਹੁਸੈਨ ਦੇ ਹੱਥੋਂ ਏਜੀਪੀ ਦੀ ਚੋਣ ਹਾਰ ਨੂੰ ਦੇਖ ਕੇ ਬਹੁਤ ਦੁਖ ਹੋਇਆ ਸੀ।
2001 ਵਿੱਚ ਏਜੀਪੀ ਉਮੀਦਵਾਰ ਅਤੁਲ ਸ਼ਰਮਾ ਕਾਂਗਰਸੀ ਉਮੀਦਵਾਰ ਰਕੀਬੁਲ ਹੁਸੈਨ ਤੋਂ ਹਾਰ ਗਏ ਸਨ। ਸਮਗੁਰੀ ਕਦੇ ਖੇਤਰੀ ਪਾਰਟੀ ਦਾ ਗੜ੍ਹ ਹੋਇਆ ਕਰਦਾ ਸੀ। ਹਾਰ ਦੇ ਦਰਦ ਨੇ ਦੇਬਨਾਥ ਨੂੰ ਇਹ ਕਸਮ ਖਾਣ ਲਈ ਮਜ਼ਬੂਰ ਕੀਤਾ ਕਿ ਜਦੋਂ ਤੱਕ ਪਾਰਟੀ ਸੱਤਾ ਵਿੱਚ ਵਾਪਸ ਨਹੀਂ ਆ ਜਾਂਦੀ, ਉਹ ਆਪਣੇ ਪੈਰਾਂ ਵਿੱਚ ਚੱਪਲ ਨਹੀਂ ਪਹਿਨੇਗਾ। ਪਿਛਲੇ ਸਾਲ ਅਕਤੂਬਰ ਵਿੱਚ, ਸੱਤਾਧਾਰੀ ਭਾਜਪਾ ਨੇ ਸਮਗੁੜੀ ਹਲਕੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ, ਜਿਸ ਨਾਲ ਹਲਕੇ ਵਿੱਚ ਕਾਂਗਰਸ ਦੇ 24 ਸਾਲ ਪੁਰਾਣੇ ਸ਼ਾਸਨ ਦਾ ਅੰਤ ਹੋ ਗਿਆ ਸੀ।
ਭਾਜਪਾ ਦੇ ਦੀਪਰੰਜਨ ਸ਼ਰਮਾ ਨੇ ਕਾਂਗਰਸ ਉਮੀਦਵਾਰ ਰਕੀਬੁਲ ਹੁਸੈਨ ਦੇ ਪੁੱਤਰ ਤਨਜੀਲ ਹੁਸੈਨ ਨੂੰ 24,423 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਮੁਸਲਿਮ ਬਹੁ-ਗਿਣਤੀ ਵਾਲੇ ਸਮਗੁੜੀ ਹਲਕੇ ਵਿੱਚ ਭਾਜਪਾ ਦੀ ਜਿੱਤ ਨੇ ਉਨ੍ਹਾਂ ਖੇਤਰਾਂ ਵਿੱਚ ਭਾਜਪਾ ਦੀ ਵਧ ਰਹੀ ਮੌਜੂਦਗੀ ਦਾ ਵੀ ਸੰਕੇਤ ਦਿੱਤਾ ਜਿੱਥੇ ਇਸਦੇ ਵਿਰੋਧੀਆਂ ਦਾ ਲੰਬੇ ਸਮੇਂ ਤੋਂ ਪ੍ਰਭਾਵ ਰਿਹਾ ਹੈ। ਕਿਉਂਕਿ ਖੇਤਰੀ ਰਾਜਨੀਤਿਕ ਪਾਰਟੀ ਏਜੀਪੀ ਦਿਸਪੁਰ ਵਿੱਚ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਦੀ ਭਾਈਵਾਲ ਹੈ ਅਤੇ ਦਿੱਲੀ ਵਿੱਚ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਦੀ ਮੈਂਬਰ ਵੀ ਹੈ।
ਏਜੀਪੀ ਦੇ ਸੀਨੀਅਰ ਨੇਤਾ ਅਤੇ ਅਸਾਮ ਦੇ ਕੈਬਨਿਟ ਮੰਤਰੀ ਕੇਸ਼ਵ ਮਹੰਤਾ ਬੁੱਧਵਾਰ (22 ਜਨਵਰੀ) ਨੂੰ ਦੇਬਨਾਥ ਦੇ ਘਰ ਗਏ ਅਤੇ ਉਨ੍ਹਾਂ ਨੂੰ ਦੋ ਜੋੜੇ ਚੱਪਲਾਂ ਭੇਟ ਕੀਤੀਆਂ। ਇਹ ਇੱਕ ਭਾਵਨਾਤਮਕ ਪਲ ਸੀ ਜਦੋਂ ਦੇਬਨਾਥ ਨੇ 24 ਸਾਲਾਂ ਦੇ ਲੰਬੇ ਸਮੇਂ ਬਾਅਦ ਕਸਮ ਤੋੜੀ ਅਤੇ ਆਪਣੇ ਪੈਰਾਂ ਵਿੱਚ ਚੱਪਲਾਂ ਪਾਈਆਂ। ਉਨ੍ਹਾਂ ਨੇ ਕਿਹਾ, "ਸਾਮਗੁਰੀ ਵਿੱਚ 2001 ਤੋਂ ਕਾਂਗਰਸ ਦਾ ਰਾਜ ਸਾਡੇ ਲਈ ਇੱਕ ਭੈੜਾ ਸੁਪਨਾ ਰਿਹਾ ਹੈ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਥਾਨਕ ਕਾਂਗਰਸੀ ਨੇਤਾਵਾਂ ਦੁਆਰਾ ਬੇਇੱਜ਼ਤੀ ਅਤੇ ਮਜ਼ਾਕ ਦਾ ਸਾਹਮਣਾ ਕਰਨਾ ਪਿਆ। ਮੈਨੂੰ ਕੁਝ ਕਾਂਗਰਸੀ ਸਮਰਥਕਾਂ ਦੁਆਰਾ ਪਰੇਸ਼ਾਨ ਵੀ ਕੀਤਾ ਗਿਆ ਸੀ"।
ਉਨ੍ਹਾਂ ਨੇ ਅੱਗੇ ਕਿਹਾ ਕਿ ਲੋਕ ਉਨ੍ਹਾਂ ਵਲੋਂ ਲਏ ਹਲਫ਼ ਲਈ ਉਨ੍ਹਾਂ ਦੇ ਪਰਿਵਾਰ ਦਾ ਮਜ਼ਾਕ ਉਡਾਉਂਦੇ ਸਨ। ਕਾਂਗਰਸ ਦੀ ਹਮਾਇਤ ਕਰ ਰਹੇ ਕੁਝ ਸਥਾਨਕ ਗੁੰਡਿਆਂ ਨੇ ਇਕ ਵਾਰ ਉਨ੍ਹਾਂ 'ਤੇ ਪਿਸ਼ਾਬ ਵੀ ਕਰ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਦੇ ਮਜ਼ਾਕ, ਅਪਮਾਨ ਅਤੇ ਤਸ਼ੱਦਦ ਨੇ ਉਨ੍ਹਾਂ ਦੇ ਸਬਰ ਨੂੰ ਹੋਰ ਮਜ਼ਬੂਤ ਕੀਤਾ।