ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਵਿੱਚ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਆਰ ਨੇਤ। ਜੋ 'ਬਿੱਗ ਮੈਨ ਚੈਪਟਰ ਸੀਰੀਜ਼' ਸੰਬੰਧਤ ਤਿੰਨ ਭਾਗ ਰਿਲੀਜ਼ ਕਰ ਚੁੱਕੇ ਹਨ, ਜਿਸ ਦੇ ਚੌਥੇ ਭਾਗ ਨੂੰ ਹੁਣ ਚਾਰ ਚੰਨ ਲਾਉਣ ਜਾ ਰਹੇ ਨੇ ਮਾਸਟਰ ਸਲੀਮ, ਜਿੰਨ੍ਹਾਂ ਦੋਹਾਂ ਦੀ ਕਲੋਬਰੇਸ਼ਨ ਅਧੀਨ ਸਜੇ ਇਸ ਗਾਣੇ ਦੀ ਰਸਮੀ ਝਲਕ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਦਰਸ਼ਕਾਂ ਦੇ ਸਨਮੁੱਖ ਕੀਤੀ ਜਾਵੇਗੀ।
'ਆਰ ਨੇਤ ਮਿਊਜ਼ਿਕ' ਅਤੇ 'ਆਰਚੇਤ ਸ਼ਰਮਾ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲਾਂ ਅਤੇ ਕੰਪੋਜੀਸ਼ਨ ਦੀ ਸਿਰਜਣਾ ਵੀ ਆਰ ਨੇਤ ਵੱਲੋਂ ਖੁਦ ਕੀਤੀ ਗਈ ਹੈ, ਜਿੰਨ੍ਹਾਂ ਦੇ ਸੰਗੀਤਕ ਗਲਿਆਰਿਆਂ 'ਚ ਚਰਚਾ ਅਤੇ ਖਿੱਚ ਦਾ ਕੇਂਦਰ-ਬਿੰਦੂ ਬਣ ਚੁੱਕੇ ਇਸ ਗਾਣੇ ਨੂੰ ਹੋਰ ਪ੍ਰਭਾਵੀ ਰੂਪ ਦੇਣਗੇ ਮਾਸਟਰ ਸਲੀਮ, ਜੋ ਪਹਿਲੀ ਵਾਰ ਆਰ ਨੇਤ ਨਾਲ ਕਲੋਬਰੇਸ਼ਨ ਕਰਦੇ ਨਜ਼ਰੀ ਪੈਣਗੇ।
ਸਾਲ 2022 ਤੋਂ ਲੈ ਕੇ ਹੁਣ ਤੱਕ ਸਾਹਮਣੇ ਆਏ ਉਕਤ ਸੀਰੀਜ਼ ਗਾਣਿਆਂ ਵਿੱਚ 'ਬਿੱਗ ਮੈਨ ਚੈਪਟਰ', 'ਬਿੱਗ ਮੈਨ ਚੈਪਟਰ 2' ਅਤੇ 'ਬਿੱਗ ਮੈਨ ਚੈਪਟਰ 3' ਸ਼ੁਮਾਰ ਰਹੇ ਹਨ, ਜਿੰਨ੍ਹਾਂ ਵਿੱਚ ਸ਼ਿਪਰਾ ਗੋਇਲ ਅਤੇ ਗੁਰਲੇਜ਼ ਅਖ਼ਤਰ ਨਾਲ ਸਹਿਯੋਗ ਕੀਤਾ ਜਾ ਚੁੱਕਾ ਹੈ ਅਤੇ ਇੰਨ੍ਹਾਂ ਨੂੰ ਮਿਲੀ ਸੁਪਰ ਸਫ਼ਲਤਾ ਤੋਂ ਬਾਅਦ ਆਰ ਨੇਤ ਹੁਣ ਮਾਸਟਰ ਸਲੀਮ ਨਾਲ 'ਬਿੱਗ ਮੈਨ ਚੈਪਟਰ 4' ਦੁਆਰਾ ਇੱਕ ਵਾਰ ਫਿਰ ਸੰਗੀਤਕ ਧੂੰਮਾਂ ਪਾਉਣ ਲਈ ਲਈ ਪੂਰੀ ਤਰ੍ਹਾਂ ਤਿਆਰ ਹਨ।