ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਮਾਣਮੱਤੀ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਉਸਤਾਦ ਪੂਰਨ ਚੰਦ ਵਡਾਲੀ ਅਤੇ ਉਨਾਂ ਦੇ ਹੋਣਹਾਰ ਬੇਟੇ ਲਖਵਿੰਦਰ ਵਡਾਲੀ, ਜੋ ਇਕੱਠਿਆਂ ਫਿਰ ਅਪਣੀ ਬਿਹਤਰੀਨ ਜੁਗਲਬੰਦੀ ਅਧੀਨ ਸਜਿਆ ਇੱਕ ਹੋਰ ਵਿਸ਼ੇਸ਼ ਗਾਣਾ 'ਰੰਗਰੇਜ਼' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ 13 ਜੂਨ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
'ਵਡਾਲੀ ਮਿਊਜ਼ਿਕ' ਦੇ ਲੇਬਲ ਅਧੀਨ ਵੱਡੇ ਪੱਧਰ ਉੱਪਰ ਲਾਂਚ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ਾਂ ਉਸਤਾਦ ਪੂਰਨ ਚੰਦ ਵਡਾਲੀ ਅਤੇ ਲਖਵਿੰਦਰ ਵਡਾਲੀ ਦੁਆਰਾ ਦਿੱਤੀਆਂ ਗਈਆਂ ਹਨ, ਜਦਕਿ ਸੰਗੀਤਬੱਧਤਾ ਅਤੇ ਕੰਪੋਜੀਸ਼ਨ ਦੀ ਸਿਰਜਨਾ ਸੂਫੀ ਭੱਟ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਅਨੁਸਾਰ ਸੂਫੀਇਜ਼ਮ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦੀ ਸ਼ਬਦ ਰਚਨਾ ਰਤਨ ਪਸਰੀਚਾ ਨੇ ਕੀਤੀ ਹੈ।
ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਵੰਨਗੀਆਂ ਨਾਲ ਅੋਤ ਪੋਤ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਨਿਰਦੇਸ਼ਕ ਜੋਤ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਗਾਣਿਆ ਨੂੰ ਸ਼ਾਨਦਾਰ ਅਤੇ ਪ੍ਰਭਾਵੀ ਰੂਪ ਦੇ ਚੁੱਕੇ ਹਨ।
ਪੰਜਾਬ ਦੇ ਠੇਠ ਪੇਂਡੂ ਕਲਚਰ ਨੂੰ ਪ੍ਰਤੀਬਿੰਬ ਕਰਦੇ ਇਸ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਮਸ਼ਹੂਰ ਮਾਡਲ ਉਪਮਾ ਸ਼ਰਮਾ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਅਸਲ ਪੰਜਾਬ ਦਾ ਅਹਿਮ ਸਰਮਾਇਆ ਮੰਨੀ ਜਾਂਦੀ ਪੁਰਾਤਨ ਸੰਗੀਤਕ ਸ਼ੈਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਸਹੇਜਣ ਵਿੱਚ ਵਡਾਲੀ ਪਰਿਵਾਰ ਦੀ ਭੂਮਿਕਾ ਹਮੇਸ਼ਾ ਪ੍ਰਸ਼ੰਸਾਯੋਗ ਯੋਗ ਰਹੀ ਹੈ, ਜਿੰਨ੍ਹਾਂ ਕਮਰਸ਼ਿਅਲ ਪੱਖਾਂ ਨੂੰ ਕਦੇ ਅਪਣੀ ਵਿਲੱਖਣ ਗਾਇਕੀ ਉਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਸੰਗੀਤਕ ਮਿਆਰ ਬਣਾਏ ਰੱਖਣ ਦਾ ਸਿਲਸਿਲਾ ਬਰਕਰਾਰ ਰੱਖਿਆ ਹੈ, ਜਿੰਨ੍ਹਾਂ ਵੱਲੋਂ ਅਪਣਾਏ ਜਾਂਦੇ ਇਹੀ ਮਾਪਦੰਡਾਂ ਦਾ ਹੀ ਨਤੀਜਾ ਹੈ ਕਿ ਅੱਜ ਸਾਲਾਂ ਦੇ ਤਹਿ ਕਰ ਲਏ ਗਏ ਗਾਇਨ ਪੈਂਡਿਆਂ ਦੇ ਬਾਵਜੂਦ ਉਨ੍ਹਾਂ ਦੀ ਧਾਂਕ ਅਤੇ ਗਾਇਕੀ ਮੰਗ ਮਿਊਜ਼ਿਕ ਇੰਡਸਟਰੀ 'ਚ ਜਿਓ ਦੀ ਤਿਓ ਕਾਇਮ ਹੈ।