ਚੰਡੀਗੜ੍ਹ:'ਉਡਾਰੀਆਂ', 'ਇੱਕੋ ਮਿੱਕੇ', 'ਰੁਤਬਾ', 'ਸੱਜਣ ਰਾਜ਼ੀ' ਅਤੇ 'ਕਮਾਲ ਹੋ ਗਿਆ' ਵਰਗੇ ਗੀਤਾਂ ਲਈ ਜਾਣੇ ਜਾਂਦੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਇਸ ਸਮੇਂ ਇੱਕ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਇਸ ਮੁਸੀਬਤ ਦੇ ਚੱਲਦੇ ਗਾਇਕ ਨੂੰ ਕਪੂਰਥਲਾ ਅਦਾਲਤ ਨੇ ਸੰਮਨ ਵੀ ਜਾਰੀ ਕੀਤਾ ਹੈ। ਆਓ ਇਸ ਪੂਰੇ ਮਾਮਲੇ ਨੂੰ ਸਮਝਦੇ ਹਾਂ...।
ਕਿਸ ਮੁਸੀਬਤ 'ਚ ਫਸੇ ਗਾਇਕ ਸਤਿੰਦਰ ਸਰਤਾਜ
ਤੁਹਾਨੂੰ ਦੱਸ ਦੇਈਏ ਕਿ ਗਾਇਕ ਸਤਿੰਦਰ ਸਰਤਾਜ ਪੰਜਾਬ ਦੇ ਜ਼ਿਲ੍ਹਾਂ ਕਪੂਰਥਲਾ 'ਚ ਸ਼ੋਅ ਕਰਨ ਜਾ ਰਹੇ ਹਨ ਪਰ ਇਸ ਤੋਂ ਪਹਿਲਾਂ ਉਹ ਅਦਾਲਤ ਵਿੱਚ ਪੇਸ਼ ਹੋਣਗੇ। ਦਰਅਸਲ, ਗਾਇਕ ਦੇ ਖਿਲਾਫ਼ ਕਪੂਰਥਲਾ ਦੇ ਸੀਨੀਅਰ ਵਕੀਲ ਅਤੇ ਖਿਡਾਰੀ ਐਸਐਸ ਮੱਲੀ ਦੀ ਪਟੀਸ਼ਨ ਉਤੇ ਸੰਮਨ ਜਾਰੀ ਕੀਤਾ ਗਿਆ ਹੈ।
ਆਪਣੀ ਪਟੀਸ਼ਨ ਵਿੱਚ ਐਸਐਸ ਮੱਲੀ ਨੇ ਕਿਹਾ ਹੈ ਕਿ ਗਾਇਕ ਸਤਿੰਦਰ ਸਰਤਾਜ ਦਾ 10 ਨਵੰਬਰ 2024 ਨੂੰ ਗੁਰੂ ਨਾਨਕ ਸਟੇਡੀਅਮ ਦੇ ਗਰਾਊਂਡ ਵਿੱਚ ਸ਼ੋਅ ਹੋ ਰਿਹਾ ਹੈ। ਸ਼ੋਅ ਦੀਆਂ ਜ਼ਿਆਦਾਤਰ ਟਿਕਟਾਂ ਵੀ ਵਿਕ ਚੁੱਕੀਆਂ ਹਨ। ਅਜਿਹੇ ਵਿੱਚ ਸਰਤਾਜ ਵੱਲੋਂ ਸਟੇਡੀਅਮ ਨੂੰ ਕਾਰੋਬਾਰ ਵਜੋਂ ਵਰਤਿਆ ਜਾ ਰਿਹਾ ਹੈ।
ਪਟੀਸ਼ਨ ਦਾਇਰ ਕਰਤਾ ਅਨੁਸਾਰ ਉਹ ਰੋਜ਼ਾਨਾ ਅਭਿਆਸ ਅਤੇ ਯੋਗਾ ਲਈ ਸਟੇਡੀਅਮ ਜਾਂਦਾ ਹੈ। ਸਟੇਡੀਅਮ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਖਿਡਾਰੀ ਅਭਿਆਸ ਕਰਨ ਆਉਂਦੇ ਹਨ। ਇਸ ਸਟੇਡੀਅਮ ਤੋਂ ਇਲਾਵਾ ਕਪੂਰਥਲਾ ਵਿੱਚ ਹੋਰ ਕੋਈ ਗਰਾਊਂਡ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਅਭਿਆਸ ਕਰਨ ਵਿੱਚ ਦਿੱਕਤ ਆਵੇਗੀ।