ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਦੋ ਦਹਾਕਿਆਂ ਤੋਂ ਵੀ ਲੰਮਾ ਸਫ਼ਰ ਸਫਲਤਾਪੂਰਵਕ ਹੰਢਾ ਚੁੱਕੇ ਹਨ ਗਾਇਕ ਹਰਦੇਵ ਮਾਹੀਨੰਗਲ, ਜੋ ਅਪਣਾ ਇੱਕ ਹੋਰ ਨਵਾਂ ਗਾਣਾ 'ਆਪਣਾ ਪੰਜਾਬ' ਲੈ ਕੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੇ ਇਸ ਭਾਵਪੂਰਨ ਗੀਤ ਦੀ ਰਚਨਾ ਸੁਪ੍ਰਸਿੱਧ ਫ਼ਨਕਾਰ, ਗੀਤਕਾਰ ਅਤੇ ਸੰਗੀਤਕਾਰ ਬੱਬੂ ਮਾਨ ਵੱਲੋਂ ਕੀਤੀ ਗਈ ਹੈ।
ਪੰਜਾਬ ਦੇ ਪੁਰਾਤਨ ਵਿਰਸੇ ਦੀਆਂ ਬਾਤਾਂ ਪਾਉਂਦੇ ਅਤੇ ਮੱਧਮ ਪੈਂਦੇ ਜਾ ਰਹੇ ਰੰਗਾਂ ਦੀ ਤਰਜ਼ਮਾਨੀ ਕਰਦੇ ਉਕਤ ਗੀਤ ਨੂੰ ਬੱਬੂ ਮਾਨ ਵੱਲੋਂ ਬਹੁਤ ਹੀ ਆਹਲਾ ਰੂਪ ਅਧੀਨ ਸਿਰਜਿਆ ਗਿਆ ਹੈ, ਜਿੰਨ੍ਹਾਂ ਦੀ ਪ੍ਰਭਾਵੀ ਅਤੇ ਅਨੂਠੀ ਲੇਖਨ ਕਲਾ ਦਾ ਅਹਿਸਾਸ ਕਰਵਾਉਂਦੇ ਉਕਤ ਗਾਣੇ ਨੂੰ ਗਾਇਕ ਹਰਦੇਵ ਮਾਹੀਨੰਗਲ ਵੱਲੋਂ ਬੇਹੱਦ ਖੁੰਬ ਕੇ ਗਾਇਆ ਗਿਆ ਹੈ, ਜੋ ਉਨ੍ਹਾਂ ਦੇ ਇੱਕ ਹੋਰ ਨਿਵੇਕਲੇ ਗਾਇਕੀ ਅੰਦਾਜ਼ ਦਾ ਵੀ ਇਜ਼ਹਾਰ ਸਰੋਤਿਆਂ ਅਤੇ ਦਰਸ਼ਕਾਂ ਨੂੰ ਕਰਵਾਏਗਾ।
ਸੰਗੀਤਕ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਣਦੇ ਜਾ ਰਹੇ ਉਕਤ ਗਾਣੇ ਨਾਲ ਜੁੜੇ ਕੁਝ ਅਹਿਮ ਤੱਥਾਂ ਦੀ ਗੱਲ ਕੀਤੀ ਜਾਵੇ ਤਾਂ ਗਾਇਕ, ਗੀਤਕਾਰ ਅਤੇ ਸੰਗੀਤਕਾਰ ਬੱਬੂ ਮਾਨ ਦਾ ਲਿਖਿਆ ਇਹ ਪਹਿਲਾਂ ਅਜਿਹਾ ਗੀਤ ਹੋਵੇਗਾ, ਜਿਸਨੂੰ ਕਿਸੇ ਹੋਰ ਗਾਇਕ ਵੱਲੋਂ ਆਪਣੀ ਆਵਾਜ਼ ਦਿੱਤੀ ਜਾ ਰਹੀ ਹੈ, ਜਦਕਿ ਅਮੂਮਨ ਉਹ ਆਪਣੇ ਲਿਖੇ ਗੀਤਾਂ ਨੂੰ ਖੁਦ ਹੀ ਗਾਉਣਾ ਪਸੰਦ ਕਰਦੇ ਆ ਰਹੇ ਹਨ।
ਮਾਲਵਾ ਅਧੀਨ ਆਉਂਦੇ ਪਿੰਡ ਮਾਹੀਨੰਗਲ ਨਾਲ ਸੰਬੰਧਤ ਗਾਇਕ ਹਰਦੇਵ ਮਾਹੀਨੰਗਲ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖਿੱਤੇ ਵਿੱਚ ਵਸੇਂਦਾ ਰੱਖ ਰਹੇ ਹਨ, ਜਿੰਨ੍ਹਾਂ ਦੀ ਜਿਆਦਾਤਰ ਉਪ-ਸਥਿਤੀ ਵੀ ਵਿਦੇਸ਼ੀ ਵਿਹੜਿਆਂ ਤੱਕ ਮਹਿਦੂਦ ਰਹੀ ਹੈ, ਪਰ ਲੰਮੇਂ ਸਮੇਂ ਬਾਅਦ ਇੱਕ ਵਾਰ ਉਹ ਅਪਣੀਆਂ ਮੂਲ ਜੜ੍ਹਾਂ ਵੱਲ ਵਾਪਸ ਪਰਤਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੇ ਅਪਣੇ ਇਸ ਅਸਲ ਮੂਲ ਵੱਲ ਪ੍ਰਭਾਵ ਵਧਾਉਂਦੇ ਕਦਮਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਕਤ ਗਾਣਾ, ਜਿਸ ਸੰਬੰਧਤ ਮਿਲ ਰਹੇ ਸ਼ੁਰੂਆਤੀ ਹੁੰਗਾਰੇ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਵੀ ਹਨ।
ਇਹ ਵੀ ਪੜ੍ਹੋ: