ਲੁਧਿਆਣਾ: ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਕਾਰੋਬਾਰੀ ਅਤੇ ਸਮਾਜ ਸੇਵੀ ਆਹਹੋ ਸਾਹਮਣੇ ਹੋ ਗਏ ਹਨ। ਲੁਧਿਆਣਾ ਦੇ ਗੁਰਦੁਆਰਾ ਗਊ ਘਾਟ ਸਾਹਿਬ ਵਿਖੇ ਜੋ ਕਿ ਬੁੱਢੇ ਨਾਲੇ ਦੇ ਕੰਢੇ 'ਤੇ ਸਥਿਤ ਹੈ, ਉੱਥੇ ਅੱਜ ਕਾਲੇ ਪਾਣੀ ਦੇ ਖਿਲਾਫ ਮੋਰਚਾ ਲਾਉਣ ਵਾਲਿਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਲੱਖਾ ਸਿਧਾਣਾ, ਅਮਿਤੋਜ ਮਾਨ ਅਤੇ ਹੋਰ ਸਮਾਜ ਸੇਵੀ ਸ਼ਾਮਿਲ ਹੋਏ। ਜਿਨਾਂ ਨੇ ਐਲਾਨ ਕੀਤਾ ਕਿ ਤਿੰਨ ਦਸੰਬਰ ਦਾ ਦਿਨ ਹੁਣ ਮੁਕਰਰ ਕੀਤਾ ਗਿਆ ਹੈ, ਜਿਸ ਦਿਨ ਬੁੱਢੇ ਨਾਲੇ ਨੂੰ ਬਨ੍ਹ ਲਾਇਆ ਜਾਣਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸੂਰਤ ਦੇ ਵਿੱਚ ਹੁਣ ਅਸੀਂ ਨਹੀਂ ਰੁਕਾਂਗੇ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਨੂੰ ਰੋਕੇਗਾ ਤਾਂ ਲੋਕ ਇੱਥੇ ਵੱਡੀ ਗਿਣਤੀ 'ਚ ਪਹੁੰਚਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਾਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਤਾਂ ਲੋਕ ਇੱਥੇ ਤੱਕ ਜ਼ਰੂਰ ਪਹੁੰਚਣ ਅਤੇ ਜੇਕਰ ਉਹਨਾਂ ਨੂੰ ਰਸਤੇ ਵਿੱਚ ਰੋਕਿਆ ਜਾਂਦਾ ਹੈ ਤਾਂ ਉਹ ਸੜਕਾਂ ਬੰਦ ਕਰ ਦੇਣ।
ਬੁੱਢੇ ਨਾਲੇ 'ਤੇ ਬੰਨ੍ਹ ਦੀ ਤਿਆਰੀ
ਲੱਖਾ ਸਿਧਾਣਾ, ਅਮਿਤੋਜ ਮਾਨ ਅਤੇ ਹੋਰ ਸਮਾਜ ਸੇਵੀਆਂ ਨੇ ਕਿਹਾ ਕਿ, ਹੁਣ ਆਰ ਪਾਰ ਦੀ ਲੜਾਈ ਹੈ ਅਤੇ ਹੁਣ ਅਸੀਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਪੰਜਾਬ ਤੱਕ, ਰਾਜਪਾਲ ਤੱਕ ਵੀ ਪਹੁੰਚ ਕਰ ਚੁੱਕੇ ਹਾਂ ਪਰ ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਉਨ੍ਹਾਂ ਕਿਹਾ ਕਿ ਨਾ ਹੀ ਪ੍ਰਸ਼ਾਸਨ ਅਤੇ ਪੁਲਿਸ ਇਸ 'ਤੇ ਕੋਈ ਕਾਰਵਾਈ ਕਰ ਰਹੀ ਹੈ। ਇਸ ਕਰਕੇ ਅਸੀਂ ਹੁਣ ਤਿੰਨ ਦਸੰਬਰ ਨੂੰ ਫੈਸਲਾ ਕੀਤਾ ਹੈ ਕਿ ਤਾਜਪੁਰ ਰੋਡ 'ਤੇ ਅਤੇ ਨਾਲ ਹੀ ਫੋਕਲ ਪੁਆਇੰਟ ਵਿਖੇ ਬੁੱਢੇ ਨਾਲੇ 'ਤੇ ਬੰਨ੍ਹ ਲਗਾਇਆ ਜਾਵੇਗਾ।
ਅਸੀਂ 15 ਸਤੰਬਰ ਤੋਂ ਬਾਅਦ ਹੀ ਬੁੱਢੇ ਨਾਲੇ ਨੂੰ ਬੰਦ ਕਰਨਾ ਚਾਹੁੰਦੇ ਸੀ ਪਰ ਉਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਕਿਹਾ ਸੀ ਕਿ ਅਸੀਂ ਬੰਦ ਕਰਨਾ ਚਾਹੁੰਦੇ। ਜਿਸ ਕਾਰਨ ਅਸੀਂ ਕੋਈ ਕਾਰਵਾਈ ਨਹੀਂ ਕੀਤੀ। ਇੰਨ੍ਹਾਂ ਸਮਾਂ ਲੰਘ ਜਾਣ ਕਾਰਨ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਅਸੀਂ 3 ਦਸੰਬਰ ਨੂੰ ਹੁਣ ਬੁੱਢੇ ਨਾਲੇ ਨੂੰ ਤਾਜਪੁਰ ਰੋਡ ਫੋਕਲ ਪੁਆਇੰਟ ਵਿਖੇ ਬੰਨ੍ਹ ਲਗਾਵਾਂਗੇ। -ਅਮਿਤੋਜ ਮਾਨ, ਸਮਾਜਸੇਵੀ
ਕਾਰੋਬਾਰੀਆਂ ਨੇ ਵੀ ਚੁੱਕੇ ਸਵਾਲ
ਦੂਜੇ ਪਾਸੇ ਲੁਧਿਆਣਾ ਦੀ ਇੰਡਸਟਰੀ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੇ ਨਾਲ ਹੀ ਸਮਾਜ ਸੇਵੀਆਂ ਦੇ ਖਿਲਾਫ ਬੋਲਦਿਆਂ ਹੋਇਆ ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਨੂੰ ਅਸੀਂ ਲੋਕ ਗੰਦਾ ਨਹੀਂ ਕਰ ਰਹੇ, ਸਗੋਂ ਡੈਰੀ ਮਾਲਕ ਗੰਦਾ ਕਰ ਰਹੇ ਨੇ ਜੋ ਗੋਹਾ ਸਿੱਧਾ ਬੁੱਢੇ ਨਾਲੇ ਵਿੱਚ ਸੁੱਟ ਰਹੇ ਹਨ। ਕਾਰੋਬਾਰੀਆਂ ਨੇ ਇਹ ਵੀ ਕਿਹਾ ਕਿ ਇਹ ਬਲੈਕ-ਮੇਲਰ ਹਨ, ਨਾ ਕਿ ਕੋਈ ਸਮਾਜ ਸੇਵੀ ਹਨ। ਉਹਨਾਂ ਕਿਹਾ ਕਿ ਡਾਇੰਗ ਯੂਨਿਟ ਵੱਲੋਂ ਆਪਣੇ ਸੀਇਟੀਪੀ ਪਲਾਂਟ ਲਗਾਏ ਗਏ ਨੇ ਤੇ ਕਰੋੜਾਂ ਰੁਪਏ ਅਸੀਂ ਖਰਚ ਕੀਤਾ। ਉਹਨਾਂ ਕਿਹਾ ਕਿ ਅਸੀਂ ਵੀ ਲੁਧਿਆਣਾ ਦੇ ਵਿੱਚ ਹੀ ਰਹਿ ਰਹੇ ਹਾਂ। ਸਾਡੇ ਬੱਚੇ ਵੀ ਇੱਥੇ ਹੀ ਰਹਿ ਰਹੇ ਹਨ। ਸਾਡੇ 'ਤੇ ਪ੍ਰਦੂਸ਼ਣ ਫੈਲਾਉਣ ਦੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਵਿੱਚ ਚੁੱਪ ਬੈਠਾ ਹੈ, ਜਿਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਕੋਈ ਸਮਾਜ ਸੇਵੀ ਨਹੀਂ ਹੈ, ਇਹ ਬਲੈਕਮੇਲਰ ਹਨ। ਹੁਣ ਅਸੀਂ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਣ ਨੂੰ ਤਿਆਰ ਹਾਂ। ਬੁੱਢੇ ਨਾਲੇ 'ਚ ਪ੍ਰਦੂਸ਼ਣ ਅਸੀਂ ਨਹੀਂ ਸਗੋਂ ਡੇਅਰੀ ਮਾਲਕ ਗੰਦ ਪਾ ਰਹੇ ਹਨ, ਜੋ ਗੋਹੇ ਨੂੰ ਬੁੱਢੇ ਨਾਲੇ 'ਚ ਸੁੱਟ ਰਹੇ ਹਨ। ਅਸੀਂ ਪੁਲਿਸ ਅਤੇ ਪ੍ਰਸ਼ਾਸਨ ਤੋਂ ਸਮਾਂ ਰਹਿੰਦੇ ਕਾਰਵਾਈ ਦੀ ਮੰਗ ਕਰਦੇ ਹਾਂ।- ਕਾਰੋਬਾਰੀ
ਪੁਲਿਸ ਅਤੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ
ਕਾਰੋਬਾਰੀਆਂ ਨੇ ਕਿਹਾ ਕਿ ਸਾਡੇ ਕੋਲ ਇੱਕ-ਇੱਕ ਗੱਲ ਦਾ ਸਬੂਤ ਹੈ ਕਿ ਬੁੱਢੇ ਨਾਲੇ ਵਿੱਚ ਗੰਦਾ ਪਾਣੀ ਅਸੀਂ ਨਹੀਂ ਪਾ ਰਹੇ। ਉਹਨਾਂ ਨੇ ਕਿਹਾ ਕਿ ਅਸੀਂ ਬੈਠ ਕੇ ਮਸਲਾ ਹੱਲ ਕਰਨ ਨੂੰ ਤਿਆਰ ਹਾਂ ਪਰ ਜੇਕਰ ਉਹ ਕੋਈ ਧੱਕਾ ਕਰਨਗੇ, ਤਾਂ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਸਲੇ ਨੂੰ ਦੇਖਣ। ਕਾਰੋਬਾਰੀਆਂ ਨੇ ਕਿਹਾ ਕਿ ਸਾਡੇ ਨਾਲ ਲੱਖਾਂ ਲੋਕ ਜੁੜੇ ਹੋਏ ਹਨ, ਜਿਨਾਂ ਦੇ ਘਰ ਇਸ ਨਾਲ ਚੱਲਦੇ ਹਨ। ਉਹਨਾਂ ਨੇ ਕਿਹਾ ਕਿ 75 ਕਰੋੜ ਰੁਪਏ ਸਲਾਨਾ ਟੈਕਸ ਅਸੀਂ ਸਰਕਾਰ ਨੂੰ ਦੇ ਰਹੇ ਹਾਂ। ਕਰੋੜਾਂ ਰੁਪਏ ਖਰਚ ਕੇ ਅਸੀਂ ਫੈਕਟਰੀਆਂ ਲਗਾਈਆਂ ਹਨ।
- ਸੁਣਨ ਅਤੇ ਬੋਲਣ ਤੋਂ ਅਸਮਰਥ ਨੌਜਵਾਨਾਂ ਲਈ ਰੱਬ ਬਣਿਆ ਪੈਟਰੋਲ ਪੰਪ ਮਾਲਕ, ਇਸ ਤਰ੍ਹਾਂ ਕਰ ਰਿਹਾ ਮਦਦ
- ਰਾਧਾ ਸੁਆਮੀ ਸਤਿਸੰਗ ਬਿਆਸ ਦੇ ਭੋਟਾ ਹਸਪਤਾਲ ਨੂੰ ਬਚਾਉਣ ਲਈ ਯਤਨ, CM ਸੁੱਖੂ ਨੇ ਐਤਵਾਰ ਨੂੰ ਬੁਲਾਈ ਉੱਚ ਪੱਧਰੀ ਮੀਟਿੰਗ
- ਤਹਿਸੀਲਦਾਰ ਵਿਰੁੱਧ ਕਾਰਵਾਈ ਦਾ ਪੰਜਾਬ ਮਾਲ ਅਧਿਕਾਰੀਆਂ ਵਲੋਂ ਵਿਰੋਧ, ਤਹਿਸੀਲਾਂ ਬੰਦ ਕਰਕੇ ਬਰਨਾਲਾ ਵਿਖੇ ਵਿਜੀਲੈਂਸ ਦਫ਼ਤਰ ਅੱਗੇ ਲਾਇਆ ਧਰਨਾ