ਚੰਡੀਗੜ੍ਹ:ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ 'ਜੱਟ ਐਂਡ ਜੂਲੀਅਟ 3' ਜਿਹੀ ਸੁਪਰ-ਡੁਪਰ ਹਿੱਟ ਫਿਲਮ ਦਾ ਨਿਰਮਾਣ ਕਰ ਚੁਕੇ 'ਵਾਈਟ ਹਿੱਲ ਸਟੂਡਿਓਜ਼' ਅਤੇ ਅਦਾਕਾਰ ਤਰਸੇਮ ਜੱਸੜ ਅਪਣੇ ਇਕ ਵਿਸ਼ੇਸ਼ ਸਿਨੇ -ਪ੍ਰੋਜੈਕਟ ਲਈ ਪਹਿਲੀ ਵਾਰ ਇਕੱਠੇ ਹੋਏ ਹਨ, ਜਿਨ੍ਹਾਂ ਵੱਲੋ ਅਪਣੀ ਕਲੋਬਰੇਸ਼ਨ ਅਧੀਨ ਪਹਿਲੀ ਵੱਡੀ ਅਤੇ ਅਣ- ਟਾਈਟਲ ਪੰਜਾਬੀ ਫ਼ਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ।
ਪੀਰੀਅਡ ਫ਼ਿਲਮ ਦੇ ਰੂਪ ਵਿਚ ਸਾਹਮਣੇ ਲਿਆਂਦੀ ਜਾ ਰਹੀ ਇਸ ਫ਼ਿਲਮ ਨੂੰ ਬੈਕਡਰਾਪ ਅਧੀਨ ਬਣਾਇਆ ਜਾ ਰਿਹਾ ਹੈ, ਜਿਸ ਵਿਚ ਯੂਨਾਈਟਡ ਕਿੰਗਡਮ ਦੇ ਸਿੱਖਇਜ਼ਮ ਨਾਲ ਜੁੜੇ ਸ਼ੁਰੂਆਤੀ ਪੜਾਅ ਅਤੇ ਉਭਾਰ ਨੂੰ ਪ੍ਰਤਿਬਿੰਬ ਕੀਤਾ ਜਾਵੇਗਾ, ਹਾਲਾਂਕਿ ਦਿਲ-ਟੁੰਬਵੇਂ ਕਹਾਣੀ-ਸਾਰ ਅਧਾਰਿਤ ਇਸ ਫ਼ਿਲਮ ਦੇ ਟਾਈਟਲ, ਨਿਰਦੇਸ਼ਕ, ਸਮੁੱਚੀ ਸਟਾਰ ਕਾਸਟ ਅਤੇ ਹੋਰਨਾਂ ਅਹਿਮ ਪਹਿਲੂਆ ਨੂੰ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ।
ਸਾਲ 2012 ਵਿਚ ਰਿਲੀਜ਼ ਹੋਈ 'ਜੱਟ ਐਂਡ ਜੂਲੀਅਟ' ਦੇ ਨਿਰਮਾਣ ਨਾਲ ਵਜੂਦ ਵਿਚ ਆਏ ਅਤੇ ਗੁਣਬੀਰ ਸਿੱਧੂ ਅਤੇ ਮਨਮੋਰਡ ਸਿੱਧੂ ਵੱਲੋ ਸਥਾਪਿਤ ਕੀਤੇ ਗਏ 'ਵਾਈਟ ਹਿੱਲ ਸਟੂਡਿਓਜ ' ਨੇ ਅੱਜ ਅਪਣਾ ਸ਼ੁਮਾਰ ਅਜੋਕੇ ਵੱਡੇ ਡਿਸਟਰੀਬਿਊਸ਼ਨ ਹਾਊਸ ਵਿਚ ਕਰਵਾਉਣ ਵਿਚ ਵੀ ਸਫਲਤਾ ਹਾਸਿਲ ਕੀਤੀ ਹੈ , ਜਿਸ ਵੱਲੋ ਨਿਰਮਿਤ ਕੀਤੀ ਜਾਣ ਵਾਲੀ ਇਹ ਪਹਿਲੀ ਪੀਰੀਅਡ ਫ਼ਿਲਮ ਹੋਵੇਗੀ, ਜਦਕਿ ਇਸ ਤੋਂ ਪਹਿਲਾਂ ਇਸ ਸਟੂਡਿਓਜ ਵੱਲੋ ਅਮੂਮਨ ਬਣਾਈਆਂ ਜਾਣ ਵਾਲੀਆ ਜਿਆਦਾਤਰ ਫਿਲਮਾਂ ਕਾਮੇਡੀ, ਰੋਮਾਂਟਿਕ ਅਤੇ ਡਰਾਮਾ ਫਿਕਸ਼ਨ ਅਧਾਰਿਤ ਰਹੀਆ ਹਨ, ਜਿਨ੍ਹਾਂ ਵਿਚ ਜੱਟ ਐਂਡ ਜੂਲੀਅਟ ਸੀਰੀਜ਼ ਫਿਲਮਾਂ ਤੋਂ ਇਲਾਵਾ ਹਾਲ ਹੀ ਵਿੱਚ ਸਾਹਮਣੇ ਆਈਆ 'ਗੱਡੀ ਜਾਂਦੀ ਏ ਛਲਾਂਗਾ ਮਾਰਦੀ', 'ਸਿੱਧੂ ਵਰਸਿਸ ਸਾਊਥਹਾਲ', 'ਅੜਬ ਮੁਟਿਆਰਾਂ', 'ਮੁਕਲਾਵਾ' , 'ਜਿੰਦ ਮਾਹੀ', 'ਲੇਖ' , 'ਸ਼ਰੀਕ 2', 'ਕੈਰੀ ਆਨ ਜੱਟਾ 2' ਆਦਿ ਸ਼ਾਮਿਲ ਰਹੀਆ ਹਨ।
ਪਾਲੀਵੁੱਡ ਸਟਾਰਜ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ, ਦੇਵ ਖਰੌੜ ਸਟਾਰਰ ਕਈ ਚਰਚਿਤ ਅਤੇ ਸਫ਼ਲ ਫਿਲਮਾਂ ਨਿਰਮਿਤ ਕਰ ਚੁੱਕੇ 'ਵਾਈਟ ਹਿੱਲ ਸਟੂਡਿਓਜ' ਦੀ ਅਦਾਕਾਰ ਤਰਸੇਮ ਜੱਸੜ ਨਾਲ ਬਣਾਈ ਜਾਣ ਵਾਲੀ ਉਕਤ ਪਹਿਲੀ ਫ਼ਿਲਮ ਹੋਵੇਗੀ, ਜਿਸ ਨੂੰ ਵਿਸ਼ਾਲ ਕੈਨਵਸ ਅਤੇ ਮਲਟੀ-ਸਟਾਰਰ ਸਿਨੇਮਾਂ ਸਾਂਚੇ ਅਧੀਨ ਸਾਹਮਣੇ ਲਿਆਂਦਾ ਜਾਵੇਗਾ। ਪੰਜਾਬੀ ਸਿਨੇਮਾਂ ਵਿਚ ਇਕ ਹੋਰ ਮੀਲ ਪੱਥਰ ਸਾਬਿਤ ਹੋਣ ਜਾ ਰਹੀ ਅਤੇ ਲੰਦਨ ਵਿਖੇ ਫਿਲਮਾਂਈ ਜਾਣ ਵਾਲੀ ਇਹ ਫ਼ਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਨੂੰ 29 ਅਗਸਤ 2025 ਨੂੰ ਵਰਲਡ-ਵਾਈਡ ਰਿਲੀਜ਼ ਕੀਤਾ ਜਾਵੇਗਾ।