ਚੰਡੀਗੜ੍ਹ: ਖਨੌਰੀ ਬਾਰਡਰ ਉੱਪਰ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਸਾਂਝੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 1 ਦਸੰਬਰ ਨੂੰ ਸੰਗਰੂਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਅਤੇ ਪੂਰੇ ਦੇਸ਼ ਭਰ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ।
ਮੁੱਖ ਮੰਤਰੀ 'ਤੇ ਵੱਡੇ ਇਲਜ਼ਾਮ
ਕਿਸਾਨ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ ਅਤੇ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦੋਸਤੀ ਰੱਖਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ 26 ਨਵੰਬਰ ਨੂੰ ਤੜਕੇ 2.45 ਵਜੇ ਮੋਰਚੇ ਉੱਪਰ ਹਮਲਾ ਕਰਕੇ ਗ੍ਰਿਫ਼ਤਾਰ ਕਰ ਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਮਿਲੀਭੁਗਤ ਤਹਿਤ ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫ਼ਤਾਰ ਕਰਕੇ 26 ਨਵੰਬਰ ਤੋਂ ਸ਼ੁਰੂ ਹੋ ਰਹੇ ਮਰਨ ਵਰਤ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋ ਹਸਪਤਾਲ ਅਤੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਵੱਲੋ ਖਨੌਰੀ ਬਾਰਡਰ ਉੱਪਰ ਮਰਨ ਵਰਤ ਸ਼ੁਰੂ ਕਰਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਕਰਾਰਾ ਜਵਾਬ ਦਿੰਦੇ ਹੋਏ ਉਨਾਂ ਦੇ ਅੰਦੋਲਨ ਨੂੰ ਢਾਹ ਲਗਾਉਣ ਦੇ ਮਨਸੂਬਿਆਂ ਨੂੰ ਫੇਲ ਕਰ ਦਿੱਤਾ ਹੈ।
ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ ਮਰਨ ਵਰਤ
ਕਿਸਾਨ ਆਗੂਆਂ ਨੇ ਕਿਹਾ ਕਿ ਐਮਐਸਪੀ ਗਾਰੰਟੀ ਕਾਨੂੰਨ ਕਿਸਾਨਾਂ ਲਈ ਕਰੋ ਜਾਂ ਮਰੋ ਦਾ ਮੁੱਦਾ ਹੈ, ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਸੁਖਜੀਤ ਸਿੰਘ ਹਰਦੋਝੰਡੇ ਦਾ ਮਰਨ ਵਰਤ ਉਨ੍ਹਾਂ ਮੰਗਾਂ ਪੂਰੀਆਂ ਹੋਣ ਤੱਕ ਦੀਆਂ ਜਾਰੀ ਰਹੇਗਾ। ਕਿਸਾਨ ਆਗੂ ਅਤੇ ਸਾਬਕਾ ਫੌਜੀ ਸੁਖਜੀਤ ਸਿੰਘ ਹਰਦੋਝੰਡੇ ਨੇ ਕਿਹਾ ਕਿ ਮੈਨੂੰ ਫੌਜ ਵਿੱਚ ਨੌਕਰੀ ਕਰਦਿਆਂ ਦੇਸ਼ ਅਤੇ ਸਮਾਜ ਲਈ ਕੁਰਬਾਨੀ ਦੇਣ ਦਾ ਮੌਕਾ ਨਹੀਂ ਮਿਿਲਆ ਪਰ ਹੁਣ ਇਸ ਅੰਦੋਲਨ ਵਿੱਚ ਮਰਨ ਵਰਤ ਰੱਖ ਕੇ ਉਹਨਾਂ ਨੂੰ ਦੇਸ਼ ਦੇ ਕਿਸਾਨਾਂ ਲਈ ਕੁਰਬਾਨੀ ਕਰਨ ਦਾ ਮੌਕਾ ਮਿਿਲਆ ਹੈ ਉਹ ਆਪਣੇ ਆਖਰੀ ਸਾਹ ਤੱਕ ਲੜਨਗੇ। ਹੁਣ ਵੇਖਣਾ ਹੋਵੇਗਾ ਕਿ ਆਖਰ ਕਿਸਾਨਾਂ ਦੀਆਂ ਮੰਗਾਂ ਕਦੋਂ ਮੰਨੀਆਂ ਜਾਣਗੀਆਂ ਅਤੇ ਕਦੋਂ ਧਰਨੇ ਅਤੇ ਮਰਨ ਵਰਤ ਖਤਮ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।